ਪਟਿਆਲਾ : ਆਪਣੀਆਂ ਮੰਗਾਂ ਨੂੰ ਲੈ ਕੇ NSQF ਵੋਕੇਸ਼ਨਲ ਅਧਿਆਪਕ ਪਿਛਲੇ 19 ਦਿਨਾਂ ਤੋਂ ਗ: ਦੂਖ ਨਿਵਾਰਨ ਸਾਹਿਬ ਨੇੜੇ ਪੱਕੇ ਧਰਨੇ ਤੇ ਬੈਠੇ ਹਨ। ਅਧਿਆਪਕ ਪੰਜਾਬ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੜਕਾਂ ਤੇ ਰੁਲਣ ਲਈ ਮਜਬੂਰ ਨੇ ਪਰ ਸਰਕਾਰ ਅਜੇ ਤੱਕ ਟੱਸ ਤੋਂ ਮਸ ਨਹੀਂ ਹੋ ਰਹੀ ।
ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਦੀ ਅਣਗਹਿਲੀ ਕਾਰਨ ਕਿਵੇਂ ਉਹ ਘਰ ਦਾ ਗੁਜ਼ਾਰਾ ਨਾ ਕਰਨ ਯੋਗ ਨਿਗੂਣੀ ਤਨਖਾਹ ਦੇ ਚਲਦਿਆਂ ਰੋਜ਼ ਆਰਥਿਕ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਹਨ ।
ਧਰਨੇ ਦੌਰਾਨ NSQF ਵੋਕੇਸ਼ਨਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਵਾਲੇ ਪੋਸਟਰ ਲੋਕਾਂ ਨੂੰ ਵੰਡੇ, ਜਿਸ ਵਿੱਚ ਕੈਪਟਨ ਵੱਲੋਂ ਪੰਜਾਬ ਵਿੱਚ ਸਰਕਾਰ ਬਣਨ ਤੋ ਪਹਿਲਾਂ ਇਹ ਕਿਹਾ ਗਿਆ ਸੀ ਕਿ ਸਰਕਾਰ ਬਣਨ ‘ਤੇ ਉਹ ਪੰਜਾਬ ਦੇ ਸਾਰੇ ਕੱਚੇ ਅਤੇ ਆਉਟਸੋਰਸ ਮੁਲਾਜ਼ਮਾ ਨੂੰ ਪੱਕਾ ਕਰਨਗੇ। ਅਧਿਆਪਕਾਂ ਨੇ ਰੋਸ ਜਤਾਇਆ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਹੁਣ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਰੋਸ ਵਜੋਂ ਸਰਕਾਰ ਦੇ ‘ਲਾਰਿਆਂ ਦੀ ਪੰਡ’ ਵੀ ਸਾੜੀ ਗਈ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਚ ਪਹਿਲ ਦੇ ਅਧਾਰ ਤੇ ਭੇਂਟ ਚੜੇ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਕੰਪਨੀਆਂ ਦੁਆਰਾ ਰੱਖਿਆ ਗਿਆ, ਸਰਕਾਰ ਲਗਾਤਾਰ ਨਿੱਜੀਕਰਨ ਨੂੰ ਬੜਾਵਾ ਦੇ ਰਹੀ ਹੈ । ਯੂਨੀਅਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਇਹਨਾਂ ਅਧਿਆਪਕਾਂ ਦੀਆਂ ਤਨਖਾਹਾਂ ਪਹਿਲਾਂ 22 ਵੱਖ-ਵੱਖ ਕੰਪਨੀਆਂ ਨੂੰ ਭੇਜਦੀ ਹੈ ਉਪਰੰਤ ਕੰਪਨੀਆਂ ਵੱਲੋ ਤਨਖਾਹਾਂ ਇਹਨਾਂ ਅਧਿਿਆਪਕਾਂ ਨੂੰ ਦਿੱਤੀਆਂ ਜਾਂਦੀਆ ਹਨ, ਸਿੱਟੇ ਵਜੋਂ 30 ਤੋ 40 ਪ੍ਰਤੀਸ਼ਤ ਤਨਖਾਹ ਇਹ ਕਾਰਪੋਰੇਟ ਘਰਾਣੇ ਕਟੌਤੀ ਕਰ ਲੈਂਦੇ ਹਨ, ਅਤੇ ਅਧਿਆਪਕ ਆਰਥਿਕ ਪੱਖੋਂ ਲੁੱਟਿਆ ਮਹਿਸੂਸ ਕਰਦੇ ਹਨ।
NSQF ਵੋਕੇਸ਼ਨਲ ਅਧਿਆਪਕਾਂ ਦੇ ਪਟਿਆਲਾ ਵਿਖੇ 9 ਜੂਨ ਤੋਂ ਸ਼ੁਰੂ ਹੋਏ ਧਰਨੇ ਤੋਂ ਹੁਣ ਤਕ ਸਰਕਾਰ ਵੱਲੋ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪਹਿਲਾਂ 2 ਵਾਰ ਪੈਨਲ ਮੀਟਿੰਗ ਕੀਤੀ ਗਈ ਪਰ ਮੰਤਰੀ ਅਤੇ ਸਕੱਤਰ ਆਪਣੇ ਅੜੀਅਲ ਰਵਈਏ ਵਿਚ ਨਰਮਾਈ ਨਹੀਂ ਵਰਤ ਰਹੇ ਸਗੋਂ ਦਲੀਲ ਦਿੰਦੇ ਹੋਏ ਕਿਹਾ ਕਿ ਜੇਕਰ ਹਰਿਆਣਾ ਅਤੇ ਆਸਾਮ ਵਿਚ NSQF ਅਧਿਆਪਕਾਂ ਨੂੰ ਵੱਧ ਤਨਖਾਹ ਦਿੱਤੀ ਜਾਂਦੀ ਹੈ ਤਾਂ ਤੁਸੀਂ ਓਥੇ ਚਲੇ ਜਾਓ।
ਇਥੇ ਹੀ ਬਸ ਨਹੀਂ ਸਗੋਂ ਸਿੱਖਿਆ ਮੰਤਰੀ ਵੱਲੋਂ ਧਮਕੀ ਦਿੱਤੀ ਗਈ ਕਿ ਤੁਹਾਨੂੰ ਮਿਡ ਡੇਅ ਮੀਲ ਵਰਕਰਾਂ ਤੋਂ 2 ਮਹੀਨੇ ਵਧੇਰੇ ਤਨਖਾਹ ਦਿੱਤੀ ਜਾਂਦੀ ਹੈ,ਰੋਸ ਵਜੋ NSQF ਅਧਿਆਪਕਾਂ ਵੱਲੋਂ ਬੀਤੇ 23 ਜੂਨ ਨੂੰ ਪਟਿਆਲਾ ਵਿਖੇ ਵਿਸ਼ਾਲ ਹੱਲਾ ਬੋਲ ਰੈਲੀ ਕਰ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਫਿਰ ਪ੍ਰਸ਼ਾਸ਼ਨ ਨੇ ਮੁੱਖ ਮੰਤਰੀ ਪੰਜਾਬ ਦੇ OSD ਕੈਪਟਨ ਸੰਦੀਪ ਸੰਧੂ ਅਤੇ ਸਿੱਖਿਆ ਸਕੱਤਰ ਨਾਲ ਮੀਟਿੰਗ 28 ਜੂਨ ਦੀ ਤਹਿ ਕਰ ਦਿੱਤੀ।
ਬੀਤੇ 18 ਦਿਨਾਂ ਤੋਂ ਅਧਿਆਪਕਾ ਵੱਲੋ ਗੂੰਗੀ ਬੋਲੀ ਸਰਕਾਰ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਹਿਤ ਰੋਜਾਨਾ ਵੱਖ ਵੱਖ ਤਰਾ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਵੇਂ ਬੂਟ ਪਾਲਿਸ਼ਾਂ ਕਰ,ਭੀਖ ਮੰਗ ਕੇ ਸਰਕਾਰ ਦੇ ਖਜ਼ਾਨੇ ਵਿਚ ਜਮਾਂ ਕਰਵਾਏ,ਆਪਣੇ ਖੂਨ ਨਾਲ ਸਰਕਾਰ ਨੂੰ ਆਪਣੀਆ ਮੰਗਾ ਲਿਖ ਕੇ ਭੇਜਿਆ, ਗੁਬਾਰਿਆਂ ਤੇ ਸਰਕਾਰ ਦੇ ਲਾਰੇ ਲਿਖ ਕੇ ਛੱਡੇ, ਅਤੇ ਏਸੇ ਕੜੀ ਤਹਿਤ ਅੱਜ ਸਰਕਾਰ ਦੀ ਝੂਠਾਂ ਦੀ ਪੰਡ ਮੋਢੇ ਰੱਖ ਕੇ ਪਟਿਆਲਾ ਦੀਆਂ ਸ਼ੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ। ਤਾਂ ਜੋਂ ਆਮ ਲੋਕਾਂ ਨੂੰ ਵੀ ਪਤਾ ਚਲ ਸਕੇ ਕਿ ਸਰਕਾਰ ਵੋਟਾਂ ਨਜਦੀਕ ਕਿਨੇ ਝੂਠ ਬੋਲਦੀ ਹੈ ਪਰ ਹਕੀਕਤ ਵਿਚ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ।
ਇਸ ਸਮੇਂ ਧਰਨਾ ਸਥਲ ਤੇ ਮੌਜੂਦ ਅਧਿਆਪਕਾਂ ਨੇ ਕਿਹਾ ਕਿ ਓਹਨਾਂ ਨੂੰ ਆਸ ਹੈ ਕਿ ਬੱਚਿਆਂ ਦਾ ਭਵਿੱਖ ਉੱਜਵਲ ਅਤੇ ਪੰਜਾਬ ਸਰਕਾਰ ਦੇ ਘਰ ਘਰ ਨੌਕਰੀ ਵਾਲੇ ਵਾਅਦੇ ਨੂੰ ਨੇਪਰੇ ਚਾੜ੍ਹਨ ਵਾਲੇ ਇਹਨਾਂ NSQF ਵੋਕੇਸ਼ਨਲ ਅਧਿਆਪਕਾਂ ਨੂੰ ਪੰਜਾਬ ਸਰਕਾਰ ਇਸ ਮੀਟਿੰਗ ਵਿੱਚ ਨਿਰਾਸ਼ ਨਹੀਂ ਕਰੇਗੀ।
ਹੁਣ ਤੱਕ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਵੱਖ ਵੱਖ ਸੰਘਰਸ਼ੀ ਜਥੇਬੰਦੀਆਂ ਨੇ ਸਮਰਥਨ ਦਿੱਤਾ, ਜਿੰਨਾ ਵਿਚ ਮੁੱਖ ਤੌਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਗੌਰਮਿੰਟ ਟੀਚਰ ਯੂਨੀਅਨ ਪੰਜਾਬ, ਡੀ ਟੀ ਐਫ਼ ਅਧਿਆਪਕ ਯੂਨੀਅਨ ਪੰਜਾਬ, ਨਹਿਰੀ ਪਟਵਾਰ ਯੂਨੀਅਨ ਪੰਜਾਬ ਅਤੇ ਹੋਰ ਸ਼ਾਮਿਲ ਹਨ ।
ਇਸ ਮੌਕੇ ਯੂਨੀਅਨ ਸੂਬਾ ਮੀਤ ਪ੍ਰਧਾਨ ਡਾ: ਨਵਨੀਤ ਕੁਮਾਰ, ਦਲਵੀਰ ਸਿੰਘ ਮੋਗਾ, ਲਵਪ੍ਰੀਤ ਸਿੰਘ ਤਰਨਤਾਰਨ, ਸੂਬਾ ਪ੍ਰੈਸ ਸਕੱਤਰ ਜਸਵਿੰਦਰ ਸਿੱਧੂ ਫ਼ਤਹਿਗੜ੍ਹ ਸਾਹਿਬ ਤੋ ਸ਼ਾਮ ਲਾਲ ਅਤੇ ਹੋਰ ਆਗੂ ਮੌਜੂਦ ਰਹੇ।