ਕੈਪਟਨ ਅਮਰਿੰਦਰ ਨੇ ਪੰਜਾਬ ਸਰਕਾਰ ਨੂੰ ਬਿਹਾਰੀ ਬਾਬੂ ਪ੍ਰਸ਼ਾਂਤ ਕਿਸੋਰ ਕੋਲ ਗਹਿਣੇ ਰੱਖ ਦਿੱਤਾ : ਹਰਪਾਲ ਸਿੰਘ ਚੀਮਾ

TeamGlobalPunjab
4 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਬਜਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਪ੍ਰਸ਼ਾਂਤ ਕਿਸ਼ੋਰ ਦਾ ਨਹੀਂ, ਪੰਜਾਬੀਆਂ ਦਾ ਬਜਟ ਚਾਹੀਦਾ। ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬਜਟ ਉੱਤੇ ਬੋਲਦੇ ਹੋਏ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਦਾ ਬਜਟ ਪੰਜ ਮਾਰਚ ਨੂੰ ਸਦਨ ਵਿੱਚ ਪੇਸ਼ ਕੀਤਾ ਜਾਣਾ ਸੀ, ਪ੍ਰੰਤੂ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਉੱਤੇ ਬਜਟ ਦੀ ਮਿਤੀ ਵਧਾਈ ਗਈ ਅਤੇ ਫਿਰ ਉਸ ਨੂੰ 8 ਮਾਰਚ ਨੂੰ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਨੇ ਨਹੀਂ, ਪ੍ਰਸ਼ਾਂਤ ਕਿਸ਼ੋਰ ਨੇ ਬਣਾਇਆ। ਇਸ ਤੋਂ ਪਤਾ ਚਲਦਾ ਹੈ ਕਿ ਕੈਪਟਨ ਕਿੰਨੇ ਨਾਕਾਮ ਅਤੇ ਆਲਸੀ ਮੁੱਖ ਮੰਤਰੀ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ ਐਨੀ ਨਿਕੰਮੀ ਹੋ ਗਈ ਹੈ ਕਿ ਇਕ ਵਿਅਕਤੀ ਨੂੰ ਬਾਹਰ ਤੋਂ ਲਿਆ ਕੇ ਉਸ ਤੋਂ ਬਜਟ ਬਣਵਾ ਰਹੀ ਹੈ? ਇਹ ਪ੍ਰਸ਼ਾਂਤ ਕਿਸ਼ੋਰ ਜੋ ਬਾਹਰ ਤੋਂ ਆਇਆ ਹੈ ਅਤੇ 3 ਦਿਨ ਪੰਜਾਬ ਵਿੱਚ ਬਤਾਇਆ ਹੈ, ਕੀ ਉਹ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝ ਸਕਦੇ ਹਨ? ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਦਾ ਬਜਟ ਚਾਹੀਦਾ, ਪ੍ਰਸ਼ਾਂਤ ਕਿਸ਼ੋਰ ਦਾ ਨਹੀਂ।

ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਨੂੰ ਬੋਲਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਪੰਜਾਬ ਨਹੀਂ ਸੰਭਾਲ ਸਕਦੇ ਤਾਂ ਪੰਜਾਬ ਵਿੱਚ ਕਈ ਸਾਰੇ ਪੰਜਾਬੀ ਲੋਕ ਹਨ ਜੋ ਇਸ ਸੂਬੇ ਨੂੰ ਸੰਭਾਲਣ ਦੇ ਸਮਰਥ ਹਨ। ਪੰਜਾਬੀ ਖੁਦ ਐਨੇ ਸਮਰਥ ਹਨ ਕਿ ਉਹ ਆਪਣਾ ਸੂਬਾ ਚੰਗੀ ਤਰ੍ਹਾਂ ਚਲਾ ਸਕਦੇ ਹਨ। ਆਪਣਾ ਰਾਜ ਸੰਭਾਲਣ ਲਈ ਉਨ੍ਹਾਂ ਨੂੰ ਬਾਹਰ ਤੋਂ ਕਿਸੇ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਹੈ। ਬਾਹਰੀ ਵਿਅਕਤੀ ਤੋਂ ਪੰਜਾਬ ਦਾ ਬਜਟ ਬਣਵਾਕੇ ਕੈਪਟਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੂਬੇ ਨੂੰ ਚਲਾਉਣ ਵਿੱਚ ਸਮਰਥ ਨਹੀਂ ਹੈ। ਉਨ੍ਹਾਂ ਇਕ ਬਾਹਰੀ ਵਿਅਕਤੀ ਦੇ ਹੱਥ ਵਿੱਚ ਪੰਜਾਬ ਚਲਾਉਣ ਦੀ ਜ਼ਿੰਮੇਵਾਰੀ ਦੇ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਧੋਖਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਛੇਤੀ ਤੋਂ ਛੇਤੀ ਮੁੱਖ ਮੰਤਰੀ ਅਹੁੱਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦਾ ਬਜਟ 2017 ਦੇ ਕੈਪਟਨ ਦੇ ਚੁਣਾਵੀਂ ਚੋਣ ਮਨੋਰਥ ਪੱਤਰ ਦੀ ਤਰ੍ਹਾਂ ਹੀ ਝੂਠ ਦਾ ਇਕ ਥੈਲਾ ਹੈ। ਬਜਟ ਵਿੱਚ ਜਿੰਨੀਆਂ ਵੀ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਹ ਸਭ ਜੁਲਾਈ 2021 ਤੋਂ ਲਾਗੂ ਹੋਵੇਗਾ। ਕੁਲ ਮਿਲਾਕੇ ਇਹ ਬਜਟ ਕੇਵਲ ਤਿੰਨ ਮਹੀਨ ਮਹੀਨਿਆਂ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਸਰਕਾਰ ਨੇ ਖੇਤੀ ਕਰਜ਼ਾ ਮੁਆਫੀ ਲਈ ਕੀਤੇ ਗਏ ਫੰਡ ਵੰਡ ਵਿੱਚ ਵੀ ਕਮੀ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫੀ ਲਈ ਕੇਵਲ 1400 ਕਰੋੜ ਰੁਪਏ ਰੱਖਿਆ ਗਿਆ ਹੈ। ਉਸ ਵਿਚੋਂ ਵੀ ਸਰਕਾਰ ਨੇ ਦਲਿਤ ਖੇਤੀ ਕਰਜ਼ਾ ਮੁਆਫੀ ਲਈ ਇਕ ਰੁਪਿਆ ਵੀ ਇਸ ਬਜਟ ਵਿੱਚ ਨਹੀਂ ਰੱਖਿਆ ਗਿਆ। ਕੈਪਟਨ ਸਰਕਾਰ ਨੇ ਆਪਣੇ ਝੂਠੇ ਵਾਦਿਆਂ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਪੰਜਾਬ ਉੱਤੇ 84000 ਕਰੋੜ ਰੁਪਏ ਦਾ ਕਰਜ਼ੇ ਦਾ ਬੋਝ ਪਾਇਆ ਹੈ। ਇਹ ਲੋਕ ਸੂਬੇ ਨੂੰ ਕਰਜ਼ੇ ਦੇ ਭਾਰ ਹੇਠ ਡਬੋ ਰਹੇ ਹਨ।

ਕੈਪਟਨ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਐਮਐਲਏ ਹੋਸਟਲ ਤੋਂ ਪੰਜਾਬ ਵਿਧਾਨ ਸਭਾ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

- Advertisement -

Share this Article
Leave a comment