…ਤੇ ਹੁਣ ਇੰਝ ਦਬਾਈਆਂ ਜਾਣਗੀਆਂ ਬਾਗੀ ਸੁਰਾਂ? ਸਾਰੇ ਵਿਧਾਇਕਾਂ ਨੂੰ ਸੰਤੁਸ਼ਟ ਕਰਨ ਦਾ ਆਹ ਹੈ ਨਵਾਂ ਫੰਡਾ? ਕੈਪਟਨ ਦਾ ਐਲਾਨ ਪਵੇਗਾ ਨਵਾਂ ਪੰਗਾ ?

TeamGlobalPunjab
3 Min Read
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਮੰਤਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਸੂਬੇ ਦੇ ਵਿਕਾਸ ਦੀ ਵਿਉਂਤਬੰਦੀ ਦਾ ਖਰੜਾ ਤਿਆਰ ਕਰਨ ਲੱਗਿਆਂ, ਹੋਣ ਵਾਲੀਆਂ ਬੈਠਕਾਂ ‘ਚ ਪੰਜਾਬ ਦੇ ਸਾਰੇ ਸੱਤਾਧਾਰੀ ਵਿਧਾਇਕਾਂ ਦੀ ਰਾਏ ਯਕੀਨੀ ਬਣਾਉਣ। ਸੂਤਰਾਂ ਅਨੁਸਾਰ ਕਿਹਾ ਤਾਂ ਭਾਂਵੇ ਇਹ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਅਜਿਹਾ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਸਮਝਦੇ ਹਨ ਕਿ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲੱਗਿਆਂ ਸਿਆਸੀ ਇਨਪੁੱਟ ਬੇਹਦ ਜਰੂਰੀ ਹੈ, ਪਰ ਕੈਪਟਨ ਨੇ ਅਜਿਹਾ ਫੈਸਲਾ ਪੰਜਾਬ ਦੇ 6 ਕਾਂਗਰਸੀ ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਤੋਂ ਬਾਅਦ ਉੱਠ ਰਹੀਆਂ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੈਪਟਨ ਨੇ ਆਪਣੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਨੂੰ ਨਾਲ ਲੈਣ, ਤੇ ਆਪੋ ਆਪਣੇ ਵਿਭਾਗਾਂ ਵਿੱਚ ਵਿਕਾਸ ਕਾਰਜਾਂ ਦੀਆਂ ਕਾਰਜ ਯੋਜਨਾਵਾਂ ਤਿਆਰ ਕਰਨ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ- ਭਾਜਪਾ ਸਰਕਾਰ ਦੇ ਪਿਛਲੇ10 ਸਾਲਾਂ ਦੇ ਕਾਰਜਕਾਰ ‘ਚ ਕੀਤੇ ਗਏ ਘੋਰ ਮਾੜੇ ਪ੍ਰਬੰਧਾਂ ਦੇ ਨਤੀਜੇ ਵਜੋਂ ਉਨ੍ਹਾਂ ਦੀ ਸਰਕਾਰ ਨੂੰ ਜੋ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਦੇ ਬਾਵਜੂਦ ਹੁਣ ਤੱਕ ਆਪਣੇ ਸਾਰੇ ਵਿਭਾਗਾਂ ਵੱਲੋਂ ਕੀਤੇ ਗਏ ਕੰਮਾਂ ਤੇ ਸੰਤੁਸ਼ਟੀ ਜਾਹਰ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ ਬੀਤ ਜਾਣ ‘ਤੇ ਹੁਣ ਵਕਤ ਰੁੱਕ ਕੇ ਪਿਛਲੇ ਕੀਤੇ ਕੰਮਾਂ ਬਾਰੇ ਸੋਚਣ, ਵਿਚਾਰਨ ਤੇ ਸਰਕਾਰ ਦੇ ਅਗਲੇ ਅੱਧ ਲਈ ਵਿਸਥਾਰਪੂਰਵਕ ਵਿਉਂਤਬੰਦੀ ਕਰਨ ਦਾ ਹੈ।
ਇੱਧਰ ਦੂਜੇ ਪਾਸੇ ਮਾਹਰਾਂ ਅਨੁਸਾਰ ਮੁੱਖ ਮੰਤਰੀ ਵਲੋਂ ਸੱਤਾਧਾਰੀ ਵਿਧਾਇਕਾਂ ਦੀ ਸਰਕਾਰ ਦੇ ਕੰਮਕਾਜ ‘ਚ ਸ਼ਮੂਲੀਅਤ ਕਰਵਾਉਣ ਨਾਲ ਜਿੱਥੇ ਮੰਤਰੀਆਂ ਦਿਆਂ ਸ਼ਕਤੀਆਂ ‘ਚ ਦਖ਼ਲਅੰਦਾਜ਼ੀ ਸ਼ੁਰੂ ਹੋ ਜਾਵੇਗੀ ਉੱਥੇ ਮੰਤਰੀਆਂ ਵਲੋਂ ਵਿਧਾਇਕਾਂ ਨਾਲ ਵਿਤਕਰਾ ਅਤੇ ਸੁਣਵਾਈ ਨਾ ਕੀਤੇ ਜਾਣ ਦੇ ਮਾਮਲੇ ਵਧਣ ਕਾਰਨ ਵਿਧਾਇਕਾਂ ਵਿੱਚ ਸਰਕਾਰ ਪ੍ਰਤੀ ਅਸੰਤੁਸ਼ਟੀ ਦੀ ਭਾਵਨਾ ਵਧੇਗੀ। ਅਜਿਹੇ ਵਿੱਚ ਵਿਧਾਇਕ ਖੁਸ਼ ਹੋਣ ਦੀ ਬਜਾਏ ਹੋਰ ਨਾਰਾਜ਼ ਹੋ ਸਕਦੇ ਹਨ ਤੇ ਜੇਕਰ ਅਜਿਹਾ ਹੋਇਆ ਤਾਂ ਉਸ ਹਾਲਾਤ ‘ਚ ਕੈਪਟਨ ਨਾ ਤਾਂ ਉਨ੍ਹਾਂ ਵਿਧਾਇਕਾਂ ਨੂੰ ਸੰਤੁਸ਼ਟ ਕਰ ਪਾਉਣਗੇ ਜਿਨ੍ਹਾਂ ਨੂੰ ਉਨ੍ਹਾਂ ਨੇ ਮੰਤਰੀ ਬਣਾਇਆ ਹੈ ਤੇ ਨਾ ਉਨ੍ਹਾਂ ਵਿਧਾਇਕਾਂ ਨੂੰ, ਜਿਨ੍ਹਾਂ ਨੂੰ ਸਰਕਾਰ ਦੇ ਕੰਮਕਾਜ ਵਿੱਚ ਭਾਗੀਦਾਰ ਬਣਾਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੁਲ ਮਿਲਾ ਕੇ ਮਾਹਰ ਇਹ ਕਹਿੰਦੇ ਹਨ ਕਿ ਕੇਂਦਰੀ ਪੱਧਰ ‘ਤੇ ਕਾਂਗਰਸ ਹਾਈਕਮਾਂਡ ਦੇ ਕਮਜ਼ੋਰ ਹੋਣ ਦਾ ਫਾਇਦਾ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਹੀ ਨਹੀਂ, ਬਲਕਿ ਪੰਜਾਬ ਦੇ ਬਾਗੀ ਸੁਰਾਂ ਵਾਲੇ ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਵੀ ਹੋਇਆ ਹੈ, ਜਿਹੜੇ ਕੈਪਟਨ-ਸਿੱਧੂ ਵਿਵਾਦ ਤੋਂ ਬਾਅਦ, ਆਪਣੀ ਸਰਕਾਰ ਦੇ ਕੰਮਕਾਜ ਵਿਰੁੱਧ ਰਹਿ ਰਹਿ ਕੇ ਆਪਣੀ ਭੜਾਸ ਕੱਢਣ ਵਿੱਚ ਕਾਮਯਾਬ ਰਹੇ ਹਨ। ਮਾਹਰਾਂ ਅਨੁਸਾਰ ਹੁਣ ਹਾਲਾਤ ਇਹ ਹਨ ਕਿ, ਜਿਵੇਂ ਕਾਂਗਰਸ ਹਾਈ ਕਮਾਂਡ ਕੈਪਟਨ ਦੀ ਹਰ ਗੱਲ ਮੰਨਣ ਲਈ ਮਜਬੂਰ ਹੈ ਉਸੇ ਤਰ੍ਹਾਂ ਕੈਪਟਨ, ਆਪਣੇ ਵਿਧਾਇਕਾਂ ਦੀ ਹਰ ਗੱਲ ਮੰਨਣ ਲਈ ਮਜਬੂਰ ਹਨ। ਪਰ ਕਿਹਾ ਜਾਂਦਾ ਹੈ ਕਿ ਰਾਜੇ-ਰਜਵਾੜੇ ਜਿਆਦਾ ਦੇਰ ਕਿਸੇ ਦਾ ਦਬਾਅ ਝੱਲਣ ਦੇ ਆਦੀ ਨਹੀਂ ਹੁੰਦੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਦੇ ਸਬਰ ਦਾ ਪਿਆਲਾ ਭਰ ਕੇ ਕਦੋਂ ਛਲਕੇਗਾ।

Share this Article
Leave a comment