ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ, ‘ਮੇਰੇ ਕੋਲ ਹੱਲ ਕਰਨ ਲਈ ਕੁਝ ਵੀ ਨਹੀਂ, ਕਿਸਾਨਾਂ ਤੇ ਕੇਂਦਰ ਵਿਚਾਲੇ ਚੱਲ ਰਹੀ ਹੈ ਚਰਚਾ’

TeamGlobalPunjab
3 Min Read

ਨਵੀਂ ਦਿੱਲੀ: ਕਿਸਾਨ ਸੰਘਰਸ਼ ਦੇ ਹੱਕ ਵਿੱਚ ਖੜ੍ਹ ਕੇ ਖ਼ੇਤੀ ਬਿੱਲਾਂ ਨੂੰ ਵਿਧਾਨ ਸਭਾ ਵਿੱਚ ‘ਨਕਾਰ’ ਚੁੱਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇੇ ਨਿਵਾਸ ’ਤੇ ਪੁੱਜੇ ਜਿੱਥੇ ਵਿਚਾਰ ਚਰਚਾ ਦੌਰਾਨ ਕਿਸਾਨੀ ਮੁੱਦੇ ’ਤੇ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਪੰਜਾਬ ਸਰਕਾਰ ਦਾ ਪੱਖ ਰੱਖੇ ਜਾਣ ਦੀ ਖ਼ਬਰ ਹੈ।

ਮੀਟਿੰਗ ਤੋਂ ਬਾਹਰ ਆ ਕੇ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਨੇ ਚਾਹੀਦੇ ਹਨ। ਇਸ ਦਾ ਪੰਜਾਬ ਦੀ ਅਰਥ ਵਿਵਸਥਾ ਅਤੇ ਕੌਮੀ ਸੁਰੱਖਿਆ ‘ਤੇ ਵੀ ਅਸਰ ਪੈ ਰਿਹਾ ਹੈ।

ਉਨ੍ਹਾਂ ਕਿਹਾ, ”ਕਿਸਾਨਾਂ ਅਤੇ ਕੇਂਦਰ ਵਿਚਾਲੇ ਚਰਚਾ ਚੱਲ ਰਹੀ ਹੈ, ਮੇਰੇ ਕੋਲ ਹੱਲ ਕਰਨ ਲਈ ਕੁਝ ਵੀ ਨਹੀਂ ਹੈ। ਮੈਂ ਗ੍ਰਹਿ ਮੰਤਰੀ ਨਾਲ ਬੈਠਕ ‘ਚ ਆਪਣਾ ਵਿਰੋਧ ਦੁਹਰਾਇਆ ਅਤੇ ਉਨ੍ਹਾਂ ਕੋਲ ਇਸ ਮੁੱਦੇ ਦਾ ਹੱਲ ਕਰਨ ਦੀ ਅਪੀਲ ਕੀਤੀ, ਕਿਉਂਕਿ ਇਹ ਮੇਰੇ ਸੂਬੇ ਦੀ ਅਰਥ ਵਿਵਸਥਾ ਅਤੇ ਕੌਮੀ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ।”

ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ 11 ਵਜੇ ਤੋਂ ਲੈ ਕੇ 11.45 ਵਜੇ ਤਕ ਖ਼ੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਗ੍ਰਹਿ ਵਿਖ਼ੇ ਮਿਲੇ। ਇਸ ਤੋਂ ਬਾਅਦ ਉਹ ਵਿਗਿਆਨ ਭਵਨ ਵਿੱਚ ਕਿਸਾਨਾਂ ਨਾਲ ਮੀਟਿੰਗ ਲਈ ਰਵਾਨਾ ਹੋ ਗਏ।

ਉੱਧਰ ਦੂਜੇ ਪਾਸੇ ਲਗਪਗ 40 ਕਿਸਾਨ ਆਗੂ ਅੱਜ ਫ਼ਿਰ ਕੇਂਦਰ ਦੇ ਸੱਦੇ ’ਤੇ ਗੱਲਬਾਤ ਲਈ ਵਿਗਿਆਨ ਭਵਨ ਪੁੱਜੇ ਜਿੱਥੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ।

ਖ਼ਬਰ ਇਹ ਵੀ ਹੈ ਕਿ ਅਮਿਤ ਸ਼ਾਹ ਅੱਜ ਵਿਗਿਆਨ ਭਵਨ ਵਿੱਚ ਕਿਸਾਨਾਂ ਨਾਲ ਚੱਲ ਰਹੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਸਰਕਾਰ ਹੁਣ ਇਸ ਮਾਮਲੇ ਨੂੰ ਨਿਬੇੜਨ ਵਾਲੇ ਪਾਸੇ ਆ ਰਹੀ ਹੈ ਕਿਉਂਕਿ ਸਰਕਾਰ ਜਿਸ ਅੰਦੋਲਨ ਨੂੰ ਪੰਜਾਬ ਦਾ ਅੰਦੋਲਨ ਸਮਝਦੀ ਰਹੀ ਹੈ, ਉਹ ਹੁਣ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣ ਕੇ ਸਾਹਮਣੇ ਆ ਰਿਹਾ ਹੈ।

ਸਰਕਾਰ ਅਜੇ ਵੀ ਇਸੇ ਗੱਲ ’ਤੇ ਖੜ੍ਹੀ ਹੈ ਕਿ ‘ਖ਼ੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਇਸ ਨਾਲ ਕਿਸਾਨਾ ਦਾ ਵੱਡਾ ਭਲਾ ਹੋਵੇਗਾ’ ਪਰ ਦੂਜੇ ਬੰਨੇ ਕਿਸਾਨ ਆਗੂ ਹੀ ਨਹੀਂ ‘ਬਾਰਡਰ’ ’ਤੇ ਪੁੱਜਾ ਹਰ ਕਿਸਾਨ ਇਸ ਗੱਲ ’ਤੇ ਖੜ੍ਹਾ ਹੈ ਕਿ ਕਾਨੂੰਨ ਕਿਸਾਨ ਮਾਰੂ ਹਨ।

ਇਸੇ ਦੌਰਾਨ ਖ਼ਬਰ ਇਹ ਹੈ ਕਿ ਉੱਚੇ ਟਾਹਣ ’ਤੇ ਚੜ੍ਹੀ ਕੇਂਦਰ ਸਰਕਾਰ ਹੁਣ ਵਿੱਚ ਵਿਚਾਲੇ ਦਾ ਰਾਹ ਲੱਭਣ ਤਕ ਆ ਗਈ ਹੈ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਅਤੇ ਮੰਡੀਕਰਨ ਬਾਰੇ ਭਰੋਸਾ ਦੇਣ ਦੇ ਢੰਗ-ਰਾਹ ਤਲਾਸ਼ੇ ਜਾ ਰਹੇ ਹਨ ਪਰ ਦੂਜੇ ਪਾਸੇ ਅਹਿਮ ਗੱਲ ਇਹ ਕਿਸਾਨ ਤਿੰਨ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ, ਬਿਜਲੀ ਸੋਧ ਬਿੱਲ ਅਤੇ ਪਰਾਲੀ ਬਿੱਲ ਦੀ ਵਾਪਸੀ ਤੋਂ ਘੱਟ ਕਿਸੇ ਗੱਲ ’ਤੇ ਸਮਝੌਤੇ ਲਈ ਤਿਆਰ ਨਹੀਂ ਹਨ।

Share This Article
Leave a Comment