ਨਵੀਂ ਦਿੱਲੀ: ਸੋਮਵਾਰ ਨੂੰ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਹੁਣ ਰੋਡ ਸੇਫਟੀ ਨੂੰ ਲੈ ਕੇ ਸਖਤੀ ਵਧਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਰਸਡੀਜ਼ ਦੀ ਪਿਛਲੀ ਸੀਟ ‘ਤੇ ਬੈਠੇ ਸਨ ਅਤੇ ਉਹਨਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਤੋਂ ਬਾਅਦ ਹੀ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਲੋਕਾਂ ਨੂੰ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਸਰਕਾਰ ਜਲਦ ਹੀ ਹੁਕਮ ਜਾਰੀ ਕਰਨ ਜਾ ਰਹੀ ਹੈ।
ਜੇਕਰ ਸੀਟ ਬੈਲਟ ਨਹੀਂ ਲਗਾਈ ਜਾਵੇਗੀ ਤਾਂ ਤੁਹਾਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ। ਨਿਤਿਨ ਗਡਕਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਾਰ ਦੇ ਅੱਗੇ ਬੈਠੇ ਵਿਅਕਤੀ ਦੇ ਸੀਟ ਬੈਲਟ ਨਾਂ ਲਗਾਉਣ ‘ਤੇ ਅਲਾਰਮ ਵੱਜਦਾ ਹੈ, ਉਹੀ ਸਿਸਟਮ ਹੁਣ ਪਿਛਲੀ ਸੀਟ ‘ਤੇ ਬੈਠੇ ਯਾਤਰੀ ਲਈ ਵੀ ਕੀਤਾ ਜਾਵੇਗਾ। ਇਸ ਦੇ ਲਈ ਕਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ।
ਗਡਕਰੀ ਨੇ ਕਿਹਾ ਕਿ ਪਿਛਲੀ ਸੀਟ ‘ਤੇ ਪਹਿਲਾਂ ਹੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਹੁਣ ਇਸ ਲਈ ਵੀ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਜੁਰਮਾਨਾ ਲੈਣਾ ਨਹੀਂ ਸਗੋਂ ਜਾਗਰੂਕਤਾ ਫੈਲਾਉਣਾ ਹੈ। ਉਹਨਾਂ ਕਿਹਾ ਕਿ 2024 ਤੱਕ ਸੜਕ ਹਾਦਸਿਆਂ ਵਿਚ 50 ਫੀਸਦੀ ਤੱਕ ਕਮੀ ਲਿਆਉਣ ਦਾ ਟੀਚਾ ਹੈ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਭਾਰਤ ‘ਚ ਅੱਗੇ ਬੈਠੇ ਵਿਅਕਤੀ ਅਤੇ ਡਰਾਈਵਰ ਲਈ ਏਅਰਬੈਗ ਲਾਜ਼ਮੀ ਹੈ। ਜਨਵਰੀ 2022 ਤੱਕ ਸਰਕਾਰ ਨੇ ਕੰਪਨੀਆਂ ਲਈ 8 ਯਾਤਰੀਆਂ ਵਾਲੀ ਪ੍ਰਤੀ ਯਾਤਰੀ ਕਾਰ ਵਿੱਚ 6 ਏਅਰਬੈਗ ਹੋਣੇ ਲਾਜ਼ਮੀ ਕਰ ਦਿੱਤੇ ਹਨ।
ਕੀ ਕਹਿੰਦਾ ਹੈ ਕਾਨੂੰਨ?
ਕੀ ਕਾਰ ਵਿੱਚ ਹਰ ਕਿਸੇ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ? ਮੋਟਰ ਵਹੀਕਲ ਐਕਟ ਦੀ ਧਾਰਾ 194(ਬੀ)(2) ਦੇ ਅਨੁਸਾਰ, ਜੇਕਰ 14 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਕਾਰ ਵਿੱਚ ਹੈ, ਤਾਂ ਉਸ ਨੂੰ ਸੁਰੱਖਿਆ ਬੈਲਟ ਵੀ ਲਗਾਉਣੀ ਚਾਹੀਦੀ ਹੈ। ਅਜਿਹਾ ਨਾਂ ਕਰਨ ‘ਤੇ 1000 ਰੁਪਏ ਦਾ ਚਲਾਨ ਕੀਤਾ ਜਾਵੇਗਾ। ਦੱਸ ਦਈਏ ਕਿ ਛੋਟੇ ਬੱਚਿਆਂ ਲਈ ਵੱਖਰੀ ਸੀਟ ਆਉਂਦੀ ਹੈ, ਜਿਸ ਨੂੰ ਕਾਰ ਵਿੱਚ ਲਗਾਉਣਾ ਪੈਂਦਾ ਹੈ। ਇਹ ਸੀਟ ਬੈਲਟ ਦੇ ਨਾਲ ਵੀ ਆਉਂਦੀ ਹੈ, ਜੋ ਬੱਚੇ ਨੂੰ ਸੁਰੱਖਿਅਤ ਰੱਖਦੀ ਹੈ।