ਅਕਾਲ ਡਿਗਰੀ ਕਾਲਜ ਨੂੰ ਬੰਦ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ: ਕਰਨਵੀਰ ਸਿੰਘ ਸਿਬੀਆ

TeamGlobalPunjab
5 Min Read

ਨਿਊਜ਼ ਡੈਸਕ: ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਕਾਰਣ ਮਨੁੱਖੀ ਹੋਂਦ ਬਚਾਉਣ ਲਈ ਯਤਨਸ਼ੀਲ ਹੈ, ਉਸ ਸਮੇਂ ਕੁੱਝ ਛੜਯੰਤਰਕਾਰੀ ਤੱਤਾਂ ਵੱਲੋਂ ਜਿੱਥੇ ਇੱਕ ਪਾਸੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵੀਹਵੀਂ ਸਦੀ ਦੇ ਮਹਾਨ, ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਸੰਕਲਪਾਂ ਨੂੰ ਸਮਰਪਿਤ ਤੇ ਮੂਰਤੀਮਾਨ ਕਰਦੀ ਇਲਾਕੇ ਦੀ ਇਸਤ੍ਰੀ ਵਿਦਿਆ ਦੀ ਇੱਕੋ ਇੱਕ ਸੰਸਥਾ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਬਾਰੇ ਪਿਛਲੇ ਕੁੱਝ ਸਮੇਂ ਤੋਂ ਯੋਜਨਾਬੱਧ ਤਰੀਕੇ ਨਾਲ ਮੀਡੀਆ ਰਾਹੀਂ ਝੂਠਾ, ਬੇਬੁਨਿਆਦ ਤੱਥ ਰਹਿਤ, ਆਧਾਰਹੀਣ, ਗੁੰਮਰਾਹਕੁਨ ਅਤੇ ਮੰਦ ਭਾਵਨਾ ਅਧੀਨ ਪ੍ਰਚਾਰ ਕਰਕੇ ਕਾਲਜ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਥੇ ਨਾਲ ਹੀ ਇਲਾਕੇ ਦੇ ਸੰਜੀਦਾ ਸ਼ਹਿਰੀਆਂ, ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ, ਚਿੰਤਕਾਂ, ਅਧਿਆਪਕਾਂ, ਸਮਾਜਕ, ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਸੰਤਾਂ ਦੀ ਸੋਚ ਨੂੰ ਪ੍ਰਣਾਏ ਮੋਹਤਬਰਾਂ, ਸੱਭਿਆਚਾਰਕ ਹਸਤੀਆਂ, ਪਤਵੰਤੇ ਸ਼ਹਿਰੀਆਂ, ਵਿਦਿਆਰਥਣਾਂ ਅਤੇ ਕਾਲਜ ਤੋਂ ਸਿੱਖਿਅਤ ਵਿਦਿਆਰਥਣਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਕੇ ਕਾਲਜ ਨੂੰ ਫੇਲ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਇਸ ਸੰਦਰਭ ਵਿੱਚ ਤੱਥਾਂ ਸਹਿਤ ਸਥਿਤੀ ਨੂੰ ਸਪਸ਼ਟ ਕਰਦੇ ਹੋਏ ਕਾਲਜ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਸ. ਕਰਨਵੀਰ ਸਿੰਘ ਸਿਬੀਆ ਨੇ ਅਹਿਮ ਖੁਲਾਸੇ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਅੱਧੀ ਸਦੀ ਪਹਿਲਾਂ ਮੇਰੇ ਸਤਿਕਾਰਯੋਗ ਪਿਤਾ ਜੀ ਸ. ਗੁਰਬਖਸ਼ ਸਿੰਘ ਸਿਬੀਆ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਕੀਦੇ ਅਨੁਸਾਰ ਇਸ ਇਲਾਕੇ ਵਿੱਚ ਇਸਤ੍ਰੀ ਵਿਦਿਆ ਦਾ ਚਾਨਣ ਬਿਖੇਰਨ ਲਈ ਇਹ ਕਾਲਜ ਸਥਾਪਤ ਕੀਤਾ ਸੀ। ਇਹ ਕਾਲਜ ਆਪਣੀਆਂ ਸ਼ਾਨਦਾਰ ਉਪਲਬਧੀਆਂ ਸਦਕਾ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਮਾਲਵਾ ਇਲਾਕੇ ਦੀ ਸਿਰਕੱਢ ਸੰਸਥਾ ਬਣ ਗਿਆ। ਅੱਜ ਵਿਦਿਅਕ ਖੇਤਰ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਦੇ ਕਾਰਣ ਬਹੁਤ ਸਾਰੇ ਨਵੇਂ ਕੋਰਸ ਹੋਂਦ ਵਿੱਚ ਆਏ ਅਤੇ ਕਈ ਕੋਰਸ ਗੈਰ—ਉਪਯੋਗੀ ਹੋ ਗਏ ਹਨ। 1970 ਵਿੱਚ 50 ਵਿਦਿਆਰਥਣਾਂ ਨਾਲ ਆਰੰਭ ਹੋਏ ਇਸ ਕਾਲਜ ਵਿੱਚ ਕਿਸੇ ਸਮੇਂ ਇੱਕ ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦਾ ਦਾਖਲਾ ਅਤੇ ਛੇ ਸੌ ਤੋਂ ਵੱਧ ਬੱਚੀਆਂ ਹੋਸਟਲ ਵਿੱਚ ਰਹਿੰਦੀਆਂ ਸਨ, ਪਰ ਵਿਦਿਆ ਦੇ ਬਦਲਦੇ ਰੁਝਾਨਾਂ ਤੇ ਚਲ ਰਹੇ ਗੈਰ ਉਪਯੋਗੀ ਕੋਰਸਾਂ ਦੇ ਕਾਰਣ ਮੌਜੂਦਾ ਸਮੇਂ ਕਾਲਜ ਦੀ ਆਰਟਸ ਸਟਰੀਮ ਵਿੱਚ ਸਿਰਫ 289 ਵਿਦਿਆਰਥਣਾਂ ਦਾ ਦਾਖਲਾ ਹੈ ਤੇ ਹੋਸਟਲ ਵਿੱਚ ਸਿਰਫ 23 ਦੇ ਕਰੀਬ ਵਿਦਿਆਰਥਣਾਂ ਰਹਿੰਦੀਆਂ ਹਨ। ਕਿਸੇ ਕਾਲਜ ਨੂੰ ਚਲਾਉਣ ਲਈ ਐਂਟਰੀ ਪੁਆਇੰਟ ਤੇ 400 ਬੱਚਿਆਂ ਦਾ ਦਾਖਲਾ ਹੋਣਾ ਚਾਹੀਦਾ ਹੈ ਅਤੇ ਤਿੰਨ ਸਾਲਾਂ ਲਈ ਡਿਗਰੀ ਕੋਰਸ ਵਿੱਚ ਘੱਟੋ ਘੱਟ 600 ਬੱਚੇ ਦਾਖਲ ਹੋਣ ਤਾਂ ਉਨ੍ਹਾਂ ਦੀਆਂ ਫੀਸਾਂ ਦੇ ਨਾਲ ਕਾਲਜ ਦੇ ਸਟਾਫ ਦੀਆਂ ਤਨਖਾਹਾਂ ਦੇ ਖਰਚੇ ਵੀ ਬੜੀ ਮੁਸ਼ਕਿਲ ਨਾਲ ਪੂਰੇ ਹੁੰਦੇ ਹਨ।

ਇਨ੍ਹਾਂ ਹਾਲਾਤਾਂ ਵਿੱਚ ਮੈਨੇਜਮੈਂਟ ਨੇ ਬਹੁਤ ਗੰਭੀਰਤਾ ਨਾਲ ਸੋਚ ਵਿਚਾਰ ਉਪਰੰਤ ਬਦਲਦੇ ਰੁਝਾਨਾਂ ਨੂੰ ਦੇਖਦੇ ਹੋਏ ਗੈਰ ਉਪਯੋਗੀ ਕੋਰਸਾਂ ਦੀ ਥਾਂ ਨਵੇਂ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਲਾਕੇ ਦੀਆਂ ਪੇਂਡੂ, ਦਲਿਤ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਕਿੱਤਾਮੁੱਖੀ ਕੋਰਸ ਕਰਕੇ ਰੁਜ਼ਗਾਰ ਯਾਫਤਾ ਹੋ ਸਕਣ। ਇਲਾਕੇ ਦੀਆਂ ਪੇਂਡੁ ਤੇ ਦਲਿਤ ਲੜਕੀਆਂ ਨੂੰ ਦੂਸਰੇ ਸ਼ਹਿਰਾਂ *ਚ ਜਾ ਕੇ ਮਹਿੰਗੇ ਕੋਰਸਾਂ ਵਿੱਚ ਦਾਖਲਾ ਲੈਣਾ ਅਸੰਭਵ ਹੈ।

ਉਨ੍ਹਾਂ ਨੇ ਹੋਰ ਦੱਸਿਆ ਕਿ ਕਾਲਜ ਦੇ ਅਧਿਆਪਨ ਅਤੇ ਗੈਰ—ਅਧਿਆਪਨ ਅਮਲੇ ਦੀਆਂ 24 ਪੋਸਟਾਂ 95# ਗ੍ਰਾਂਟ ਅਧੀਨ ਮਨਜ਼ੂਰ ਸਨ ਪਰ ਮੌਜੂਦਾ ਸਮੇਂ ਸਿਰਫ ਦੋ ਪੋਸਟਾਂ ਦੀ ਹੀ 95# ਗ੍ਰਾਂਟ ਮਿਲਦੀ ਹੈ, ਬਾਕੀ ਸਾਰੇ ਸਟਾਫ਼ (ਅਧਿਆਪਨ ਤੇ ਗੈਰ ਅਧਿਆਪਨ) ਨੂੰ ਤਨਖਾਹਾਂ ਕਾਲਜ ਦੀ ਮੈਨੇਜਮੈਂਟ ਵੱਲੋਂ ਆਪਣੇ ਸਰੋਤਾਂ ਤੋਂ ਸਮੇਂ ਸਿਰ ਉਨ੍ਹਾਂ ਦੇ ਖਾਤਿਆਂ ਵਿੱਚ ਪਾਈਆਂ ਜਾਂਦੀਆਂ ਹਨ। ਇਹ ਵੀ ਜ਼ਿਕਰਯੋਗ ਹੈ ਕਾਲਜ ਮੈਨੇਜਮੈਂਟ ਨਾਲ 2020 ਤੱਕ ਸੇਵਾਮੁਕਤ ਹੋ ਚੁੱਕੇ ਸਟਾਫ ਨੂੰ ਦੋ ਕਰੋੜ ਰੁਪਏ ਤੋਂ ਵੱਧ ਦੀ ਰਕਮ ਬਤੌਰ ਗਰੇਚੁਇਟੀ ਤੇ ਲੀਵਇਨਕੈਸ਼ਮੈਂਟ ਅਦਾ ਕਰ ਚੁੱਕੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਮਾਣਯੋਗ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਅਤੇ ਮਾਣਯੋਗ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨੇ ਕਦੇ ਵੀ ਇੱਕ ਪੈਸੇ ਦੀ ਗਰਾਂਟ ਕਾਲਜ ਨੂੰ ਨਹੀਂ ਦਿੱਤੀ। ਪੰਜਾਬ ਸਰਕਾਰ ਵੱਲੋਂ ਵੀ ਸਾਲ 2016 ਤੋਂ 2020 ਤੱਕ ਕਾਲਜ ਦੀਆਂ ਫੀਸਾਂ ਦੀ ਰੀਇਮਬਰਸਮੈਂਟ ਦੀ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਾਲੇ ਤੱਕ ਨਹੀਂ ਮਿਲੀ ਅਤੇ ਮੌਜੂਦਾ ਸਮੇਂ ਕਾਲਜ ਇਕਾਨਵੇਂ ਲੱਖ ਰੁਪਏ ਤੋਂ ਵੱਧ ਦੇ ਘਾਟੇ ਅਧੀਨ ਹੈ। ਇਹ ਘਾਟਾ ਨਿਰੰਤਰ ਵਧ ਰਿਹਾ ਹੈ। ਇਨ੍ਹਾਂ ਹਾਲਤਾਂ ਵਿੱਚ ਕਾਲਜ ਦੇ ਕੋਰਸਾਂ ਦੀ ਰੀਸਟਰਕਚਿੰਗ ਕਰਨਾ ਬਹੁਤ ਜਰੂਰੀ ਹੈ ਅਤੇ ਹਰੇਕ ਸੰਸਥਾ ਨੂੰ ਇਹ ਅਧਿਕਾਰ ਹੈ ਕਿਉਂਕਿ ਪੰਜਾਹ ਸਾਲ ਪੁਰਾਣੇ ਕੋਰਸਾਂ ਦੀ ਅੱਜ ਦੀਆਂ ਹਾਲਤਾਂ ਵਿੱਚ ਅਹਿਮਤੀਅਤ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਹੋਰ ਵਿਸਥਾਰ ਦਿੰਦੇ ਹੋਏ ਦੱਸਿਆ ਕਿ ਕਾਲਜ ਕੈਂਪਸ ਵਿੱਚ ਅਕਾਲ ਕਾਲਜੀਏਟ ਸਕੂਲ ਸਾਲ 2005 ਤੋਂ ਚੱਲ ਰਿਹਾ ਹੈ ਜੋ ਨੌਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਵੱਲੋਂ ਕਾਲਜ ਪ੍ਰਤੀ ਸੁਹਿਰਦਤਾ ਦੀ ਸ਼ਲਾਘਾ ਕਰਦੇ ਹੋਏ ਕੁੱਝ ਵਿਅਕਤੀਆਂ ਵੱਲੋਂ ਮਿਲੀਭੁਗਤ ਦੇ ਨਾਲ ਨਿੱਜੀ ਹਿੱਤਾਂ ਲਈ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਦੱਸਿਆ ਹੈ।

- Advertisement -

Share this Article
Leave a comment