ਉੱਤਰੀ ਕੋਰੀਆ ਦੀ ਮਹਾਨ ਦੇਸ਼ ਭਗਤ – ਕਿਮ ਜੌਂਗ ਸੁੱਕ

TeamGlobalPunjab
16 Min Read

-ਰਾਜਿੰਦਰ ਕੌਰ ਚੋਹਕਾ

‘‘ਕਿਮ-ਜੌਂਗ-ਸੁੱਕ“ ਉੱਤਰੀ ਕੋਰੀਆ ਦੀ ਮਹਾਨ ਛਾਪੇਮਾਰ ਵੀਰਾਂਗਣ ਨੇ ‘‘ਚੰਗਬਾਈ ਖੰਡ“ ਵਿੱਚ ਦੁਨੀਆਂ ਦੀ ਸਭ ਤੋਂ ਪਹਿਲੀ ਤਿਆਰ ਕੀਤੀ ‘‘ਬਾਲ ਦਸਤੇ ਦੇ ਛਾਪੇਮਾਰ ਨਵ ਸੈਨਿਕਾਂ“ ਨੂੰ ਗੂੜੀ ਨੀਂਦ ਵਿੱਚ ਸੁੱਤੇ-ਉਨੀਂਦਰੇ ਦੀ ਅਵਸਥਾ ਵਿੱਚੋਂ ਇਕ ਲਲਕਾਰ ਮਾਰ ਕੇ ਜਗਾ ਕੇ ਕਿਹਾ ਕਿ, ‘‘ਹੇ ! ਦੇਸ਼ ਦੇ ਬਾਲ ਬਹਾਦਰੋ ! ਅੱਜ ਸਾਡੇ ਦੇਸ਼ ਤੇ ਜ਼ਾਲਮ ਜਾਪਾਨੀਆਂ ਨੇ ਕਬਜਾ ਕਰ ਕੇ ਸਾਡੀ ਸਰ ਜ਼ਮੀਨ ਤੋਂ ਸਾਨੂੰ ਬਾਹਰ ਕੱਢ ਦਿੱਤਾ ਹੈ। ਅਸੀਂ ਸਾਰੇ ਦੇਸ਼ ਵਾਸੀ ਬੇਵਸ ਤੇ ਲਾਚਾਰ ਹੋ ਗਏ ਹਾਂ। ਲੁਕ-ਛਿਪ ਕੇ ਰਹਿ ਰਹੇ ਹਾਂ। ਸਾਡੇ ਲਈ ਸੌਣ ਲਈ ਕੋਈ ਥਾਂ ਵੀ ਨਹੀਂ ਹੈ, ਜਿੱਥੇ ਅਸੀਂ ਸੌਂ ਸਕੀਏ ? ਇੱਥੋਂ ਤੱਕ ਕਿ ਰੋਟੀ ਖਾਣ ਲਈ ਵੀ ਤਰਸ ਰਹੇ ਹਾਂ। ਸਾਡਾ ਆਪਣਾ ਅਨਾਜ ਹੀ ਅੱਜ ਉਨ੍ਹਾਂ ਜਾਪਾਨੀਆਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਹੋ ਜਿਹੇ ਸੰਕਟ ਦੇ ਸਮੇਂ ਵਿੱਚ ਜਦੋਂ ਅਸੀਂ ਆਪਣਾ ਸਭ ਕੁਝ ਦੁਸ਼ਮਣ ਪਾਸੋਂ ਲੁੱਟਾ ਚੁੱਕੇ ਹਾਂ ਤਾਂ ਬਾਲ ਬਹਾਦਰੋ ! ਸਾਨੂੰ ਆਪਣੇ ਸਿਦਕ ਤੇ ਹਿੰਮਤ ਦਾ ਪਲਾ ਫੜ ਕੇ ਇਸ ਸੰਕਟਮਈ ਸਮੇਂ ਦਾ ਸਾਹਮਣਾ ਕਰਨਾ ਪਵੇਗਾ? ਅਸੀਂ ਹੁਣ ਪ੍ਰਣ ਕਰੀਏ ਕਿ ਅਸੀਂ ਭਾਵੇਂ ! ਜੀਵੀਏ ਜਾਂ ਮਰੀਏ, ਦੁਸ਼ਮਣਾਂ ਦਾ ਮੁਕਾਬਲਾ ਡੱਟ ਕੇ ਕਰੀਏ ਅਤੇ ਦੁਸ਼ਮਣ ਸਾਹਮਣੇ ਹਾਰ ਮੰਨਣ ਨਾਲੋਂ ਅਸੀਂ ਅਣਖ ਨਾਲ ਲੜਦੇ-ਲੜਦੇ ਦੇਸ਼ ਲਈ ਸੂਰਮਗਤੀ ਪਾ ਲਈਏ। ਉਸ ਨੇ ਬਾਲ ਦਸਤੇ, ਦੇ ਸੈਨਿਕਾਂ ਨੂੰ ਲਲਕਾਰ ਕੇ ਕਿਹਾ ਕਿ ਅੱਜ ਸਾਨੂੰ ‘ਕਿੰਮ-ਇਲ-ਸੁੰਗ` ਦੇ ਪਿਆਰ ਦਾ ਪੂਰਾ ਪੂਰਾ ਆਦਰ ਕਰਨਾ ਚਾਹੀਦਾ ਹੈ, ਤੇ ਇਸ ਮਹਾਨ ਜਰਨੈਲ ਵੱਲੋਂ ਸਾਨੂੰ ਜੋ ਵੀ ਸੰਦੇਸ਼ ਆਉਂਦਾ ਹੈ, ‘ਉਸ ਉੱਪਰ ਖਿੜੇ ਮੱਥੇ ਫੁੱਲ ਚੜਾ ਕੇ ਉਸ ਆਦੇਸ਼ ਦੀ ਪੂਰੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ। ਉਸ ਨੇ ਬਿਜਲੀ ਵਾਂਗ ਕੜਕਦੀ ਨੇ ਉੱਚੀ ਸੁਰ ਵਿੱਚ ਕਿਹਾ, ‘‘ਮੇਰੇ ਸੂਰਵੀਰ ਬਾਲ ਸੈਨਿਕੋ ! ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ਼ ਹੈ, ਹੁਣ ਉਠੋ ਉਠੱਣ ਦਾ ਸਮਾਂ ਆ ਗਿਆ ਹੈ, ਸੈਨਿਕ ਮਰਿਯਾਦਾ ਪਾਲਣ ਦਾ ਸਮਾਂ ਆ ਗਿਆ ਹੈ, ਦ੍ਰਿੜਤਾ, ਬਹਾਦਰੀ ਤੇ ਵਿਸ਼ਵਾਸ਼ ਨਾਲ, ਦੁਸ਼ਮਣ ਨੂੰ ਲਲਕਾਰੋ ! ਅੰਤ ਵਿੱਚ ਜਿੱਤ ਤੁਹਾਡੀ ਹੀ ਹੋਵੇਗੀ ?“

ਉੱਤਰੀ ਕੋਰੀਆ ਦੀ ਨਿਧੜਕ, ਦ੍ਰਿੜ ਵਿਸ਼ਵਾਸ਼ ਵਾਲੀ ‘ਗੁਰੀਲਾ ਆਗੂ ਕਿੰਮ-ਜੌਂਗ-ਸੁੱਕ` ਦਾ ਜਨਮ -24 ਦਸੰਬਰ-1917 ਨੂੰ ਕੋਰੀਆ ਦੇ ਉੱਤਰੀ ਸੂਬੇ ‘‘ਹਮਗੀਉਂਗ ਦੇ ਹੋਰੀਉਗ“ ਜਿ਼ਲ੍ਹੇ ਵਿੱਚ ਹੋਇਆ। ਆਪਣੇ ਦੇਸ਼ ਲਈ, ਅਥਾਹ ਪਿਆਰ ਦਾ ਜ਼ਜ਼ਬਾ ਉਸ ਨੂੰ ਪ੍ਰੀਵਾਰ ਵਿੱਚੋਂ ਹੀ ਮਿਲਿਆ। ਉਸ ਦੇ ਮਾਤਾ ਪਿਤਾ ਦਾ ਵੀ ਦੇਸ਼ ਪ੍ਰਤੀ ਅਥਾਹ ਪਿਆਰ ਸੀ, ਜੋ ਉਸ ਨੂੰ ਘਰ ਵਿੱਚੋਂ ਹੀ ਮਿਲਿਆ ਅਤੇ ਇਸ ਦੇਸ਼ ਪਿਆਰ ਦੀ ਭਾਵਨਾ ਕਰਕੇ ਹੀ ਕਿੰਮ-ਜੌਂਗ-ਸੁੱਕ ਨੂੰ-1931 ਵਿੱਚ ਸਿਰਫ 14 ਸਾਲ ਦੀ ਉਮਰ ਵਿੱਚ ਹੀ ਮੋਹਰਲੇ ਬਾਲ ਸੈਨਿਕ ਦਸਤੇ ਵਿੱਚ ਅਤੇੇ-1932 ਵਿੱਚ ‘ਨੌਜਵਾਨ ਕਮਿਊਨਿਸਟ ਲੀਗ` ਵਿੱਚ ਉਸ ਨੂੰ ਸ਼ਾਮਲ ਕਰ ਲਿਆ ਗਿਆ। ਉਸ ਨੂੰ ਇੱਕ ਸਫ਼ਲ ਕ੍ਰਾਂਤੀਕਾਰੀ ਵਜੋਂ ਸਤੰਬਰ-1935 ਵਿੱਚ ਕੋਰੀਆਂ ਦੀ ਮੁਕਤੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ। ਜਾਂਬਾਜ਼ ਸਿਪਾਹ ਸਿਲਾਰ ਨੂੰ ਜਾਪਾਨ ਵਿਰੋਧੀ ਮੁਕਤੀ ਸੰਘਰਸ਼ ਸਮੇਂ-1937 ਵਿੱਚ ਕਮਿਊਨਿਸਟ ਪਾਰਟੀ ਵਿੱਚ ਵਿਸ਼ੇਸ਼ ਪਦਵੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸ ਨੇ ਸੰਘਰਸ਼ ਦੇ ਅੰਤਮ ਸਮੇਂ ਤੱਕ ‘ਮਹਾਨ ਜਰਨੈਲ ਕਿੰਮ-ਇਲ-ਸੁੰਗ` ਦੇ ਅੰਗ ਰੱਖਿਅਕ ਦੀ ਬਾਖੂਬੀ ਨਾਲ ਭੂਮਿਕਾ ਨਿਭਾ ਕੇ ਇਕ ਨਿਧੜਕ ਸੰਗਰਾਂਮਣ ਤੇ ਦੇਸ਼ ਦੇ ਲੱਖਾਂ ਕਰੋੜਾਂ ਲੋਕਾਂ ਦੀ ਆਗੂ ਹੋਣ ਦਾ ਮਾਣ ਪ੍ਰਾਪਤ ਕੀਤਾ।

ਸਾਲ 1910 ਤੋਂ 1945 ਤੱਕ ਦੇ ਸਮੇਂ ਤੱਕ ਜਾਪਾਨੀਆਂ ਨੇ ਕੋਰੀਆਂ ਦੇ ਲੋਕਾਂ ਉੱਪਰ ਅਸਹਿ ਤੇ ਅਕਹਿ ਜ਼ੁਲਮ ਕੀਤੇ। ਗੱਲ ਕੀ ? ਜਾਪਾਨ ਨੇ ਕੋਰੀਆ ਦੇ ਸਾਰੇ ਇਸਪਾਤ, ਖਾਨਾਂ, ਸੋਨਾ, ਚਾਂਦੀ, ਲੋਹ, ਸਿੱਕਾ ਤੇ ਰਸਾਇਣਕ ਭੰਡਾਰਾਂ ਵਾਲੇ ਖੇਤਰ ਦੇ ਉੱਤਰੀ ਕੋਰੀਆ ਤੇ ਕਬਜ਼ਾ ਹੀ ਨਹੀਂ ਕੀਤਾ, ਸਗੋਂ ਤੇ ਉਥੋਂ ਤੇ ਲੋਕਾਂ ਦੇ ਰੀਤੀ ਰਿਵਾਜਾਂ, ਭਾਸ਼ਾ, ਉਨ੍ਹਾਂ ਦੇ ਰਹਿਣ ਸਹਿਣ ਤੇ ਪਹਿਰਾਵੇ ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਪ੍ਰੰਤੂ ਕੋਰੀਆ ਦੇ ਮਹਾਨ ਗੁਰੀਲਾ ਆਗੂ ‘ਕਿੰਮ-ਇਲ-ਸੁੰਗ ਦੀ ਦੇਖ ਰੇਖ ਹੇਠ ਇਕ ਮੁਕਤੀ ਦੇ ਸੰਘਰਸ਼ ਨੂੰ ਇਕ ਨਵੀਂ ਰੂਪ ਰੇਖਾ ਦਿੱਤੀ ਗਈ ਅਤੇ ਦੂਸਰੀ ਸੰਸਾਰ ਜੰਗ ਸਮੇਂ ਕਮਿਊਨਿਸਟ ਪਾਰਟੀ ਵੱਲੋਂ ਇਹ ਕੰਮ ਕਿੰਮ-ਇਲ-ਸੁੰਗ ਨੂੰ ਸੌਂਪਿਆ ਗਿਆ, ਜੋ ਉਸ ਨੇ ਬਾਖੂਬੀ ਨਿਭਾਇਆ। ਜਾਪਾਨੀਆਂ ਵਲੋਂ ਕੋਰੀਆਂ ਦੇ ਬੇ-ਗੁਨਾਹ ਲੋਕਾਂ ਤੇ ਹੀ ਨਹੀਂ ਜ਼ੁਲਮ ਕੀਤੇ, ‘ਸਗੋਂ ਕਮਿਊਨਿਸਟਾਂ, ਕਮਿਊਨਿਸਟ ਸਮਰਥਕਾਂ ਨੂੰ ਤਸੀਹੇ ਕੇਂਦਰਾਂ ਵਿੱਚ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸਤਰੀਆਂ ਨੂੰ ਪ੍ਰੀਵਾਰਾਂ ਤੋਂ ਜ਼ਬਰੀ ਚੁੱਕ ਕੇ ਦੂਰ ਦੁਰੇਡੀਆਂ ਜਗ੍ਹਾਂ ਤੇ ਅਫਸਰਾਂ ਤੇ ਫੌਜੀਆਂ ਦੇ ਦਿਲ ਪ੍ਰਚਾਵੇ ਲਈ ਭੇਜ ਦਿੱਤਾ। ਬੱਚਿਆਂ ਨੂੰ ਮਾਪਿਆਂ ਤੋਂ ਵਿਛੋੜ ਕੇ ਉਨ੍ਹਾਂ ਉਪਰ ਅਣਮਨੁੱਖੀ ਅੱਤਿਆਚਾਰ ਕੀਤੇ। ਕਿਮ-ਇਲ-ਸੁੰਗ ਨੇ ਇਨ੍ਹਾਂ ਲਾਚਾਰ, ਲਾਵਾਰਸ ਤੇ ਯਤੀਮ ਬੱਚਿਆਂ ਦੀ ਸਾਂਭ ਸੰਭਾਲ ਕਰਕੇ ਇਕ ਬਾਲ ਦਸਤਾ ਤੇ ਗੁਰੀਲਾ ਦਸਤਾ ਬਨਾਉਣ ਦੀ ਵਿਉਂਤ ਬਣਾਈ ਅਤੇ ਇਹੋ ਜਿਹੇ ਸੋਲਾਂ ਬੱਚਿਆਂ ਦੀ ਬਾਲ ਕੰਪਨੀ ਦੇ ਸੈਨਿਕਾਂ ਦੀ ਸਾਂਭ ਸੰਭਾਲ ਤੇ ਸਿਖਲਾਈ ਦੀ ਜੁੰਮੇਵਾਰੀ ‘ਕਿੰਮ-ਜੌਂਗ-ਸੁੱਕ` ਨੂੰ ਸੌਂਪੀ ਗਈ। ਕਿੰਮ ਨੇ ਯਤੀਮ ਬੱਚਿਆਂ ਨੂੰ ਮਾਂ ਭੈਣ ਦਾ ਪਿਆਰ ਦਿੰਦਿਆ ਉਨ੍ਹਾਂ ਨੂੰ ਉਸਾਰੂ ਢੰਗ ਨਾਲ ਬਾਲ ਸੈਨਿਕ ਸਿੱਖਿਆ ਦੇ ਕੇ ਸਿੱਖਿਅਤ ਕੀਤਾ। ਉਸ ਨੇ ਆਪਣੇ ਭਾਸ਼ਣਾਂ ਰਾਹੀਂ, ਜਿੱਥੇ ਬੱਚਿਆਂ ਜਾਪਾਨੀਆਂ ਦੇ ਅਣਮਨੁੱਖੀ ਕਾਲੇ ਕਾਰਨਾਮਿਆਂ, ਦੀਆਂ ਦਿਲ ਚੀਰਵੀਆਂ ਕਹਾਣੀਆਂ ਸੁਣਾ ਕੇ, ਆਪਣੀ ਧਰਤੀ ਮਾਂ ਦੀ ਬੰਦਖਲਾਸੀ ਲਈ ਹਮਲਾਵਾਰ ਦੁਸ਼ਮਣਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਇੱਕ-ਮੁੱਠ, ਇਕ-ਜੁਟ ਹੋਣ ਦਾ ਸੱਦਾ ਦਿੱਤਾ, ਉੱਥੇ ਉਨ੍ਹਾਂ ਦੇ ਮਨਾਂ ਵਿੱਚ ਸਵੈ ਵਿਸ਼ਵਾਸ਼ ਵੀ ਪੈਦਾ ਕੀਤਾ।

- Advertisement -

ਸਾਲ 1937 ਵਿੱਚ ਕਿੰਮ-ਜੌਂਗ-ਸੁੱਕ ਦੀ ਅਗਵਾਈ ਵਿੱਚ ਪਹਿਲੀ ਬਾਲ ਛਾਪੇ ਮਾਰ ਲੜਾਈ ਵਿੱਚ ਜਾਪਾਨੀਆਂ ਦੀ ਇਕ ਫੌਜੀ ਟੁਕੜੀ ਨੂੰ ਜਿਹੜੀਆਂ, 30 ਬੈਲ ਗੱਡੀਆਂ, ਸੈਨਿਕ ਅਸਲੇ ਨਾਲ ਆ ਰਹੀਆਂ ਸਨ, ਗੁਰੀਲੇ ਛਾਪੇਮਾਰ ਦਸਤੇ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਬਾਹੀ ਮਚਾ ਦਿੱਤੀ। ਕੁਝ ਸੈਨਿਕ ਮਾਰ ਦਿੱਤੇ ਗਏ, ਕੁਝ ਬੱਚ ਗਏ, ਸੈਨਿਕਾਂ ਨੂੰ ਬੰਦੀ ਬਣਾ ਕੇ ਆਪਣੇ ਦਫ਼ਤਰ ਲੈ ਆਏ। ਇਹ ਬਾਲ ਛਾਪੇ ਮਾਰਾਂ ਵੱਲੋਂ ਪਹਿਲੀ ਲੜਾਈ ਦੀ ਜਿੱਤ ਸੀ। ਜਿਸ ਨਾਲ ਬਾਲ ਛਾਪੇਮਾਰਾਂ ਦੇ ਹੌਂਸਲੇ ਬੁਲੰਦ ਹੋਏ। ਕੋਰੀਆ ਦੇ ਬਾਲ ਛਾਪੇਮਾਰਾਂ ਵਲੋਂ ਕੀਤੇ ਗਏ ਇਸ ਹਮਲੇ ਵਿੱਚ ਜਾਪਾਨੀਆਂ ਨੇ ਪੂਰੀ ਫੌਜ ਨਾਲ ਲੈਸ ਹੋ ਕੇ ਕੋਰੀਆ ਵਿਰੁੱਧ ਹਮਲੇ ਦੀ ਤਿਆਰੀ ਕੀਤੀ। ਪਰ ! ਇਸ ਤੋਂ ਪਹਿਲਾਂ ਹੀ ਕਿੰਮ-ਇਲ-ਸੁੰਗ ਨੇ ਲੋਕ ਮੁਕਤੀ ਸੈਨਾਂ ਦੇ ਦਸਤੇ ਤੇ ਨੌਜਵਾਨ ਹਥਿਆਰਬੰਦ ਦਸਤੇ ਬਣਾ ਕੇ ਤਿਆਰੀ ਕਰ ਲਈ ਸੀ, ‘ਤਾਂ ਜੋ ਸਮਾਂ ਆਉਣ ਤੇ ਕੌਮੀ ਥੱਲ ਸੈਨਾ ਨਾਲ ਜੋੜਿਆ ਜਾ ਸਕੇ। ਛਾਪੇਮਾਰ ਨੌਜਵਾਨ ਦਲ ਦੇ ਦਸਤੇ ਤੇ ਲੋਕ-ਮੁਕਤੀ ਸੈਨਾ ਦੇ ਸਾਂਝੇ ਦਸਤਿਆਂ ਨੇ ਮਹਾਨ ਜਰਨੈਲ ਕਿੰਮ-ਇਲ-ਸੁੰਗ ਦੀ ਅਗਵਾਈ ਹੇਠ ਜਾਪਾਨੀ ਫੌਜੀਆਂ ਵਿਰੁੱਧ ਕੀਤੇ ਜਾ ਰਹੇ ਹਮਲੇ ਦੀ ਸਮੀਖਿਆ ਕਰਦਿਆਂ ਗੁਰੀਲਾ ਯੁੱਧ ਦੀ ਸਖਤੀ ਨਾਲ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਸੀ। ਦੁਸ਼ਮਣ ਦੇ ਵਿਰੁੱਧ ਆਪਣੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਦਿਆਂ ਨੌਜਵਾਨ ਕਮਿਊਨਿਸਟ ਦਲ ਦੇ ਛਾਪੇਮਾਰ ਸੰਘਰਸ਼-ਕਾਰੀਆਂ ਨੂੰ ਹਵਾਈ ਸੈਨਾ ਛਾਤਾਧਾਰੀ (ਪੈਰਾ ਸ਼ੂਟ) ਦੀ ਸਿੱਖਿਆ ਪ੍ਰਾਪਤ ਕਰਨ ਦਾ ਆਦੇਸ਼ ਦਿੱਤਾ ਤੇ ਕਿੰਮ-ਜੌਂਗ-ਸੁੱਕ ਨੇ ਸਭ ਤੋਂ ਪਹਿਲੀ ਛਾਪੇਮਾਰ ਛਾਤਾਧਾਰੀ ਇਸਤਰੀ ਬਣਕੇ ਨੌਜਵਾਨ ਛਾਪੇਮਾਰ ਇਸਤਰੀਆਂ ਤੇ ਮਰਦਾਂ ਨੂੰ ਸਿੱਖਿਆ ਦਿੱਤੀ। ਜੰਗ ਵਿੱਚ ਕੀਤੇ ਗਏੇ ਉਸ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਕਿੰਮ-ਜੌਂਗ-ਸੁੱਕ ਨੇ ਨੌਜਵਾਨ ਛਾਪੇਮਾਰਾਂ ਨੂੰ ਸੈਨਿਕ ਸਿੱਖਿਆ ਦੇ ਨਾਲ-ਨਾਲ ‘ਸਮਾਜਵਾਦੀ ਤੇ ਸਾਮਵਾਦੀ ਵਿਚਾਰਧਾਰਾ` ਦੀ ਗੁੜ੍ਹਤੀ ਤੇ ਪੂਰੀ ਤਰ੍ਹਾਂ ਪਹਿਰਾਂ ਦੇਣ ਦੀ ਪੂਰੀ-ਪੂਰੀ ਜਾਣਕਾਰੀ ਦਿੱਤੀ ਅਤੇ ਰੋਜ਼-ਮਰਾਂ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਵੀ ਪ੍ਰੇਰਿਤ ਕੀਤਾ। ਜੌਂਗ ਸੁੱਕ ਨੇ ਨੌਜਵਾਨ ਸੈਨਿਕਾਂ ਨੂੰ ਪਿੰਡਾਂ ਦੇ ਲੋਕਾਂ ਨਾਲ ਨੇੜਤਾ ਨਾਲ ਰਹਿਣ, ਉਨ੍ਹਾਂ ਦਾ ਆਪਣੇ ਵਿੱਚ ਵਿਸ਼ਵਾਸ਼ ਜਿੱਤਣ ਲਈ, ਉਨ੍ਹਾਂ ਦੇ ਹਰ-ਦੁੱਖ ਸੁੱਖ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।

ਜੌਂਗ-ਸੁੱਕ ਇਕ ਨਿੱਡਰ, ਬੇ-ਝਿੱਜਕ, ਲੜਕੂ ਤੇ ਜੁਝਾਰੂ ਇਸਤਰੀ ਸੀ। ਜਿਸ ਨੇ ਕਈ ਵਾਰੀ ਆਪਣੇ ਨੌਜਵਾਨ ਸੈਨਿਕ ਦਸਤਿਆਂ ਦੇ ਨਾਲ ਬਹਾਦਰੀ ਨਾਲ ਦੁਸ਼ਮਣ ਦੇ ਅਸਲੇ ਖਾਨਿਆਂ ਤੇ ਖੁਰਾਕੀ ਭਡਾਰਾਂ ਤੇ ਹਮਲੇ ਕਰਕੇ ਕਬਜ਼ੇ ਕੀਤੇ ਤੇ ਆਪਣੇ ਨੌਜਵਾਨ ਸੈਨਿਕਾਂ ਦੀ ਪੂਰਤੀ ਉਨ੍ਹਾਂ ਹਥਿਆਰਾਂ ਤੇ ਖੁਰਾਕੀ ਭਡਾਰਾਂ ਵਾਸਤੇ ਕੀਤੀ ਜਾਂਦੀ ਸੀ।

ਮੁਕਤੀ ਜੰਗ ਦੇ ਹਮਲੇ ਦੀ ਅੰਤਲੀ ਤਿਆਰੀ ਲਈ ਜੌਂਗ-ਸੁੱਕ ਨੂੰ ਗੁਰੀਲਾ ਮੁਕਤੀ ਸੰਘਰਸ਼ਕਾਰੀਆਂ ਲਈ ਨਵੀਆਂ ਫੌਜੀ ਵਰਦੀਆਂ ਤੇ ਬੂਟ ਬਣਾਉਣ ਦੀ ਦਿੱਤੀ ਗਈ ਜ਼ਿੰਮਵਾਰੀ ਨੂੰ ਉਸ ਨੇ ਬਾਖੂਬੀ ਨਿਭਾਇਆ। ਇਹ ਸਮਾਂ ਇਹੋ ਜਿਹਾ ਸੀ, ਜਦੋਂ -1937 ਦੀ ਸਰਦ ਰੁੱਤ ਵਿੱਚ ਭਾਰੀ ਬਰਫਵਾਰੀ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਿਲ ਸੀ ਤਾਂ ਉਸ ਬਹਾਦਰ ਵੀਰਾਂਗਣ ਨੇ ‘‘ਚੰਗਬਾਈ“ ਖੇਤਰ ਵਿੱਚ ਜਿੱਥੇ ਜਾਪਾਨੀ ਪੁਲੀਸ ਸੈਨਿਕਾਂ ਦੀਆਂ ਤਿੰਨ ਟੁਕੜੀਆਂ ਸਨ, ‘ਤਾਂ ਇਸ ਨਿਧੱੜਕ ਦਲੇਰ ਇਸਤਰੀ ਦੀ ਰਹਿਨੁਮਾਈ ਹੇਠਾਂ ਇੱਕ ਪਹਾੜੀ (ਚ .ਰਚਤੀਚ) ਦੇ ਇਰਦ-ਗਿਰਦ ਦੇ 8 ਤੋਂ 12 ਕਿਲੋਮੀਟਰ ਦੇ ਫਾਂਸਲਿਆ ‘ਤ ਆਪਣੇ ਦਸਤੇ ਦੇ ਛੋਟੇ-ਛੋਟੇ ਜੱਥੇ ਬਣਾ ਕੇ ਸੈਨਿਕਾਂ ਲਈ ਲੁਕਣ-ਗਾਹਾਂ (ਛੁਪਣਗਾਹਾਂ) ਬਣਾਈਆਂ। ਦੋ ਗੁਪਤ ਕੇਂਦਰਾਂ ‘ਗੇਬੇਜੀ (ਭਂਨ.ਥੱਜ਼) ਜੰਗਲ ਵਿੱਚ ਫੌਜੀ ਵਰਦੀਆਂ ਤੇ ਬੂਟ ਬਣਾਉਣ ਵਾਲੀਆਂ ਗੁਰੀਲਾ ਇਸਤਰੀਆਂ ਲਈ ਤਿਆਰ ਕੀਤੀਆਂ। ਇਨ੍ਹਾਂ ਛੁਪਣਗਾਹਾਂ ਕੇਂਦਰਾਂ ਦੀ ਨਿਗਰਾਨੀ ਖੁਦ ਕਿੰਮ-ਸੁੱਕ ਆਪ ਕਰਦੀ ਸੀ ਤੇ ਆਪਣੀ ਸਹਾਇਤਾ ਲਈ ਬਾਕੀ ਛਾਪੇਮਾਰ ਦਸਤੇ ਦੀ ਡਿਊਟੀ ਵੀ ਲਗਾਈ ਗਈ ਸੀ। ਨਿਗਰਾਨੀ ਦੇ ਨਾਲ-ਨਾਲ ਕਿੰਮ-ਸੁੱਕ ਬੜੀ ਬਹਾਦਰੀ ਨਾਲ ਇਹੋ ਜਿਹੇ ਬਰਫੀਲੇ ਤੁਫਾਨੀ ਮੌਸਮ ਵਿੱਚ ਵੀ ਉਹ ਆਪ ਵੀ ਸਿਉਣ ਦਾ ਜਿੱਥੇ ਕੰਮ ਕਰਦੀ, ਨਾਲ ਦੀ ਨਾਲ ਉਸ ਛਾਪੇਮਾਰ ਦਸਤੇ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਹਰ ਸਮੇਂ ਚੌਕਸੀ ਵਿੱਚ ਰਹਿਣ ਲਈ ਬਹਾਦਰੀ ਨਾਲ ਕੰਮ ਕਰਨ ਲਈ ਪ੍ਰੇਰਦੀ। ਮਹਾਨ ਕ੍ਰਾਂਤੀਕਾਰੀ ‘ਕਿੰਮ-ਇਲ-ਸੁੰਗ` ਦੀ ਵਿਸ਼ਵਾਸ਼ ਪਾਤਰ, ‘ਬਾਲ ਗੁਰੀਲਾ ਦਸਤੇ ਦੀ ਮੋਹਰੀ ਆਗੂ, ਨੌਜਵਾਨ ਕਮਿਊਨਿਸਟ ਜਾਪਾਨ ਵਿਰੋਧੀ“ ਆਗੂ ਜੌਂਗ-ਸੁੱਕ ਨੇ ਸਾਰੇ ਛਾਪੇਮਾਰ ਯੋਧਿਆਂ ਨੂੰ ਬੂਟ ਤੇ ਵਰਦੀਆਂ ਨਾਲ ਸਜਾਇਆ, ਸਿੱਖਿਆ ਦੇ ਕੇ ਕ੍ਰਾਂਤੀਕਾਰੀ ਬਣਾਇਆ ਅਤੇ ਆਪਣੇ ਕਾਰਜ ਦੀ ਪੂਰਤੀ ਮਗਰੋਂ, ਇਨ੍ਹਾਂ ਛਾਪੇਮਾਰਾਂ ਨੂੰ ‘ਕਮਿਊਨਿਸਟ ਪਾਰਟੀ` ਦੇ ਮੈਂਬਰ ਅਤੇ ‘‘ਮੁਕਤੀ ਥੱਲ ਸੈਨਾ“ ਵਿੱਚ ਅਨਿਖੜਵਾਂ ਅੰਗ ਬਣਾ ਕੇ ਕੋਰੀਆ ਦੇ ਲੋਕਾਂ ਦਾ ਅਥਾਹ ਵਿਸ਼ਵਾਸ਼ ਜਿੱਤਿਆ।

ਅੰਤ 9-ਅਗਸਤ, 1945 ਨੂੰ ਮਹਾਨ ਜਰਨੈਲ-ਕਿਮ-ਇਲ-ਸੁੰਗ ਨੇ ਕੌਮੀ ਕ੍ਰਾਂਤੀਕਾਰੀ, ਸੈਨਾਂ ਨੂੰ ਜਾਪਾਨ ਵਿਰੁੱਧ ਅੰਤਮ ਹਮਲੇ ਦਾ ਆਦੇਸ਼ ਦਿੱਤਾ, ਤਾਂ ਜੌਂਗ-ਸੁੱਕ ਦੀ ਬਹਾਦਰ ਦੇ ਜਾਂਬਾਜ਼ ਇਸਤਰੀ ਦੀ ਅਗਵਾਈ ਵਿੱਚ ਨੌਜਵਾਨ ਗੁਰੀਲਾ ਦਸਤੇ ਦੇ ਜਾਂਬਾਜ਼ ਯੋਧਿਆ ਨੇ ਦੂਜੀ ਸੈਨਾ ਨਾਲ ਤਾਲਮੇਲ ਕਰਕੇ ਜਿਹੜੇ ਕਿਸੇ ਸਮੇਂ ਭੁੱਖ ਤੋਂ ਲਾਚਾਰ, ਯਤੀਮ, ਸੜਕਾਂ ਤੇ ਭੁੱਖੇ ਫਿਰਦੇ, ਭਿਖਾਰੀ ਅੱਜ ਆਪਣੀ ਧਰਤੀ ਮਾਂ ਨੂੰ ਦੁਸ਼ਮਣਾਂ ਹੱਥੋਂ ਅਜ਼ਾਦ ਕਰਾਉਣ ਲਈ ਜਾਪਾਨੀ ਲੁਟੇਰਿਆਂ ‘ਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਕੇ ਪੈ ਗਏ। ਤੋਪਾਂ ਤੇ ਮੀਂਹ ਵਾਂਗ ਵਰਦੀਆਂ ਗੋਲੀਆਂ ਨੂੰ ਚੀਰਦੇ ਹੋਏ, ਉਹ ਸੋਵੀਅਤ ਸੈਨਿਕਾਂ ਨਾਲ ਮੋਢੇ ਨਾਲ-ਮੋਢਾ ਜੋੜ ਕੇ ਜਾਪਾਨੀਆਂ ਨੂੰ ਪਿਛਾੜਦੇ ਹੋਏ, ਉਨ੍ਹਾਂ ਦੀਆਂ ਚੌਕੀਆਂ, ਅੱਡਿਆਂ, ਅਸਲੇ ਖਾਨਿਆਂ ‘ਤੇ ਕਬਜ਼ੇ ਕਰਦੇ ਤਬਾਹੀ ਮਚਾਂਉਦਿਆਂ ਅੱਗੇ ਵਧਦੇ ਗਏ। ਇਸ ਜੋਸ਼ੀਲੇ ਤੇ ਰੋਹ ਭਰੇ ਹਮਲੇ ਦੇ ਅੱਗੇ ਜਾਪਾਨੀ ਫੌਜ ਢੈਹ-ਢੇਰੀ ਹੋ ਗਈ। ਕੁਝ ਸਮੇਂ ਵਿੱਚ ਹੀ ਜਾਪਾਨੀ ਸਮਰਾਟ ਸੈਨਾ (ਕਵਾਰਾ-ਤੁੰੰਗ) ਤਬਾਹੀ ਦੇ ਕੰਢੇ ਤੇ ਪਹੰੁਚ ਗਈ। ਗੁਰੀਲਾ ਨੌਜਵਾਨ ਸੈਨਿਕਾਂ ਨੇ ਜਾਪਾਨੀ ਸਰਹੱਦੀ ਰੱਖਿਆ ਦੀ ਅਜਿਹੀ ਕਿਲਾਬੰਦੀ ਤੋੜ ਕੇ ਵੈਰੀਆਂ ਨੂੰ ਪਿਛਾਂਹ ਪਰਤਣ ਲਈ ਭਾਜੜਾਂ ਪਾ ਦਿੱਤੀਆਂ। ‘ਮਹਾਨ ਵੀਰਾਂਗਣ ਜੌਂਗ-ਸੁੱਕ` ਦੀ ਦੇਖ-ਰੇਖ ਹੇਠ ਕੀਤੇ ਗਏ, ਇਸ ਬਹਾਦਰੀ ਭਰੇ ਹਮਲੇ ਤੋਂ ਉਤਸ਼ਾਹਿਤ ਹੋ ਕੇ ‘ਗੁਰੀਲਾ ਦਸਤਾ` ਆਪਣੀ ਮੁਕਤੀ ਲਈ, ਆਪਣੀ ਮਾਤ ਭੂਮੀ ਨੂੰ ਦੁਸ਼ਮਣਾਂ ਤੋਂ ਅਜ਼ਾਦ ਕਰਾਉਣ ਲਈ ਲੜਦੇ ਰਹੇ। ਕਈਆਂ ਨੇ ਇਸ ਮੈਦਾਨੇ ਜੰਗ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤੇ ਕਈ ਮਾਤ ਭੂਮੀ ਲਈ ਸ਼ਹੀਦ ਹੋ ਗਏ !

‘ਜਾਪਾਨ ਵਿਰੋਧੀ ਨੌਜਵਾਨ ਲੀਗ` ਦੇ ਸਾਕੇ ਕਾਰਨ ਉਨ੍ਹਾਂ ਨੂੰ ਕੌਮੀ ਕ੍ਰਾਂਤੀਕਾਰੀ ਸੈਨਾ` ਵਜੋਂ ਸ਼ਾਮਲ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਕਮਿਊਨਿਸਟ ਪਾਰਟੀ` ਵਿੱਚ ਯੋਗ ਸਥਾਨ ਦਿੱਤੇ ਗਏ। ਜੌਂਗ ਸੁੱਕ ਲਈ ਇਹ, ਇਕ ਗੌਰਵਮਈ ਕਾਰਨਾਮਾ ਸੀ। ਉਸ ਦੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਥਾਹ ਲਗਨ, ਮਿਹਨਤ, ਦ੍ਰਿੜਤਾ ਨਾਲ ਮੈਦਾਨੇ ਜੰਗ ਵਿੱਚ ਲੜਨ ਕਾਰਨ ਹੀ, ‘‘ਗੁਰੀਲਾ ਨੌਜਵਾਨ“ ਜਾਪਾਨ ਵਿਰੋਧੀ ਲੀਗ ਨੂੰ ਇਹ ਸਫਲਤਾ ਪ੍ਰਾਪਤ ਹੋਈ। ਆਪਣੇ ਭਾਸ਼ਣ ਵਿੱਚ ‘‘ਜੌਗ-ਸੁੱਕ“ ਨੇ ‘‘ਪਿੰਗ-ਅਖੰਡੀ“ ਖਿੱਤੇ ਵਿੱਚ ਵੀ ਨਵੀਂ ਸਥਾਪਿਤ ਕੀਤੀ ਬਾਲ ਕੰਪਨੀ ਦੇ ਦਿਨਾਂ ਤੋਂ ਲੈ ਕੇ ਇਸ ਅਖੀਰਲੇ, ਦਿਨ੍ਹਾਂ ਤੱਕ ‘ਬਾਲ ਗੁਰੀਲੇ ਦਸਤੇ` ਤੇ ‘ਜਾਪਾਨ ਵਿਰੋਧੀ ਨੌਜਵਾਨ ਲੀਗ ਦੇ ਸੈਨਿਕਾਂ ਨੂੰ ਦ੍ਰਿੜਤਾ, ਸਾਹਸ, ਬਹਾਦਰੀ, ਆਪਸੀ ਤਾਲ-ਮੇਲ, ਆਪਾ-ਤਿਆਗ ਤੇ ਪਿਆਰ-ਸਤਿਕਾਰ ਸਹਿਤ ਵਧਣ ਫੁੱਲਣ ਵਿੱਚ ਆਪਸੀ ਸਹਿਯੋਗ ਦੀ ਦਿੱਤੀ ਗਈ ਸਰਾਹਣਾ ਕਰਦਿਆਂ ਇਕ ਮੁੱਠ-ਇਕ ਜੁੱਟ ਹੋਣ ਦੀ ਅਪੀਲ ਕੀਤੀ। ਜੌਂਗ ਸੁੱਕ ਦੀ ਨਿਡਰ, ਦਲੇਰਾਨਾ, ਹਿੰਮਤੀ ਤੇ ਨਿਰੰਤਰ ਘਾਲਣਾ ਕਾਰਨ ਹੀ ਬਾਲ ਕਮਿਊਨਿਸਟ ਦਸਤੇ` ਦੀ ਇਸ ਨੌਜਵਾਨ ਆਗੂ ਨੂੰ ਉਸ ‘ਮਹਾਨ ਕੌਮੀ ਕਿੰਮ-ਇਲ-ਸੁੰਗ“ ਦੀ ਅੰਗ ਰੱਖਿਅਕ ਬਣਾਇਆ ਗਿਆ। ਕਿੰਮ ਇਲ ਸੁੰਗ ਨੇ ਕਿਹਾ ਕਿ, ‘‘ਮੈਨੂੰ ਇਸ ਮਹਾਨ ਵੀਰਾਂਗਣ ਜੌਂਗ-ਸੁੱਕ ਤੇ ਮਾਣ ਹੈ, ਜਿਸ ਨੇ ਆਪਣੇ ਹੱਠ, ਸਾਹਸ ਅਤੇ ਹਿੰਮਤੀ ਉਦਮ ਨਾਲ ਦਲੇਰਾਨਾਂ ਤੇ ਦਰੁਸਤ, ਸਮੇਂ ਸਿਰ ਲਏ ਫੈਸਲਿਆਂ ਨੂੰ ਲੈ ਕੇ ਅੱਗੇ ਵੱਧਦੀ ਰਹੀ ਤੇ ਜਿੱਤ ਤੱਕ ਪਹੰੁਚੀ। ਕਿੰਮ-ਇਲ-ਸੁੰਗ ਨੇ ਮਾਣ ਨਾਲ ਕਿਹਾ ਕਿ ਜੌਗ-ਸੁੱਕ ਨੇ ਸੈਨਿਕਾਂ, ਬਾਲ ਕਮਿਊਨਿਸਟ ਦੇ ਦਸਤਿਆਂ ਨੂੰ ਨਿਧੜਕ ਯੋਧਿਆਂ ਵਾਂਗ ਸੰਘਰਸ਼ ਕਰਨ ਤੇ ਇੱਕ-ਮੁੱਠ-ਇਕ ਜੁੱਟ ਲੜਨ ਦੀ ਮੁਹਾਰਤ ਸਿਖਾਈ। ਉਨ੍ਹਾਂ ਨੇ ਇੱਕਠੇ ਹੋ ਕੇ, ‘ਗੁਰੀਲਾ ਯੁੱਧ` ਦੇ ਦਾਅ ਪੇਚਾਂ, ਨੇਮਾਂ ਅਤੇ ਸਿਖਲਾਈ ਦੇ ਨਾਲ-ਨਾਲ ਦੁੱਖ-ਸੁੱਖ ਭੋਗਣ ਲਈ ਪੇ੍ਰਰਨਾ ਦਿੱਤੀ ਅਤੇ ਅਖੀਰ ਵਿੱਚ ਉਨ੍ਹਾਂ ਯੋਧਿਆਂ ਨੂੰ ਸਮਾਜਵਾਦੀ ਸਿਧਾਂਤਕ ਤੇ ਸਿਆਸੀ ਸਿੱਖਿਆ ਦੇ ਕੇ ਇੱਕ ਸੱਚੇ-ਸੁੱਚੇ ਮਾਰਕਸਵਾਦੀ ਬਨਣ ਲਈ ਮਾਰਕਸਵਾਦ ਦੇ ਅੰਤਰ-ਟੀਚੇ/ਨਿਸ਼ਾਨੇ ਤੇ ਪਹੰੁਚਣ ਲਈ ਆਪਾ ਵਾਰਨ ਲਈ ਤਿਆਰ ਕੀਤਾ।“

- Advertisement -

ਅਖੀਰ 15-ਅਗਸਤ, 1945 ਨੂੰ ਜਾਪਾਨੀ ਸੈਨਾ ਨੇ ‘ਕੋਰੀਆ ਦੇ ਅਜਿੱਤ ਛਾਪੇਮਾਰਾਂ` ਦੇ ਅੱਗੇ ਹਥਿਆਰ ਸੁੱਟ ਦਿੱਤੇ। ਇਸ ਸਮੇਂ ਜਿੱਤ ਦਾ ਹਾਸਿਆਂ ਅਤੇ ਆਪਣਿਆਂ ਤੋਂ ਵਿਛੜਿਆਂ ਦੇ ਸੋਗ ਵਿੱਚ! ‘‘ਹੰਝੂਆਂ ਵਿਚਕਾਰ“ ਆਪਸੀ ਪਿਆਰ ਭਰੀ ਮਿਲਣੀ ਨਾਲ (ਗਲਵਕੜੀ ਨਾਲ) ‘ਕੌਮੀ ਸੈਨਿਕਾਂ` ਨੇ ਆਪਣੇ ਦੇਸ਼ ਵਾਸੀਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਖੁਸ਼ੀ ਦੇ ਜਸ਼ਨ ਮਨਾਏ। ਆਪਣੇ ਦੇਸ਼ ਨੂੰ ਜਾਪਾਨੀਆ ਹੱਥੋਂ ਅਜ਼ਾਦ ਕਰਾਉਣ ਲਈ ਇਸ ਮਹਾਨ ਵੀਰਾਂਗਣ ਕਿਮ-ਜੌਂਗ-ਸੁੱਕ ਨੇ ਜਿਥੇ ਅਥਾਹ ਦੁੱਖ ਭੋਗ ਕੇ ਅਜ਼ਾਦੀ ਪ੍ਰਾਪਤ ਕੀਤੀ, ਉੱਥੇ, ਆਪਣੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਵੀ ਆਪਣੀ ਜ਼ਿੰਦਗੀ ਦਾ ਹਰ ਪਲ, ਹਰ ਸਵਾਸ ਲੇਖੇ ਲਾਇਆ। ਕਿੰਮ ਜੌਂਗ-ਸੁੱਕ, ਪਹਿਲਾਂ ਨਾਲੋਂ ਵੀ ਜ਼ਿਆਦਾ ਹੌਂਸਲੇ ਵਿੱਚ ਰਹਿ ਕੇ ਨਿੱਤ-ਵਾਂਗ ਆਪਣੇ ਕਾਰਜ ਪ੍ਰਤੀ ਜੁੱਟ ਗਈ। ਉਸ ਨੇ ਆਪਣੇ ਜਿੰਮੇ ਲੱਗੇ ਸਾਰੇ ਕਾਰਜਾਂ ਨੂੰ ਬੜੀ ਸੁਚੱਜਤਾ ਨਾਲ ਨਿਭਾਇਆ। ਇਸ ਮਹਾਨ ਇਸਤਰੀ ਵੱਲੋਂ ਦਲੇਰਾਨਾ ਭਰਪੂਰ ਨਿਭਾਈ ਗਈ ਭੂਮਿਕਾ ਲਈ ਉਹ ਉੱਤਰੀ ਕੋਰੀਆਂ ਦੇ ਦੇਸ਼ ਵਾਸੀਆਂ ਲਈ ਇਕ ਮਿਸਾਲ ਵਜੋਂ ਉਭਰ ਕੇ ਇਤਿਹਾਸ ਦੇ ਨਕਸ਼ੇ ਤੇ ਆ ਗਈ। ਇਸ ਮਹਾਨ ਕ੍ਰਾਂਤੀਕਾਰੀ ਇਸਤਰੀ ਕਿੰਮ-ਜੌਂਗ-ਸੁੱਕ ਨੇ ਆਪਣੇ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਹਰ ਪਲ, ਹਰ ਸਵਾਸ ਨਾਲ ਲੋਕ ਸੇਵਾ ਕੀਤੀ। ਉਸ ਨੇ ਆਪਣੀ ਕਹਿਣੀ ਤੇ ਕੱਥਣੀ ਸਹਿਤ ਆਪਣੀ ਪ੍ਰਤਿਗਿਆ ਨੂੰ ਨਿਭਾਇਆ ਅਤੇ ਅਖੀਰ 22-ਸਿਤੰਬਰ, 1949 ਨੂੰ ‘‘ਉੱਤਰੀ ਕੋਰੀਆ ਬਾਲ ਦਸਤੇ ਦੀ ਜਾਂਬਾਜ਼ ਛਾਪੇਮਾਰ ਦੀ ਨਾਇਕਾ“ ਦੇਸ਼ ਵਾਸੀਆਂ ਨੂੰ ਅਲਵਿਦਾ ਕਹਿ ਗਈ।

‘‘ਉਸ ਨੂੰ ਅੱਜ ਵੀ ਕੋਰੀਆ ਦੀ ਇਕ ‘ਅਮਰ ਕ੍ਰਾਂਤੀਕਾਰੀ ਨਾਇਕਾ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਆਪਣੀ ਮੌਤ ਮਗਰੋਂ ਵੀ ਲੋਕਾਂ ਦੇ ਦਿਲਾਂ ਦੀ ਧੜਕਣ ਹੈ।“

ਸੰਪਰਕ: 91-98725-44738

ਕੈਲਗਰੀ: 001-403-285-4208

Share this Article
Leave a comment