ਨਿਊਜ਼ ਡੈਸਕ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਇੱਕ ਨਵੇਂ ਅਤੇ ਸ਼ਕਤੀਸ਼ਾਲੀ ਮਿਜ਼ਾਈਲ ਇੰਜਣ ਦੇ ਪ੍ਰੀਖਣ ਦਾ ਜਾਇਜ਼ਾ ਲਿਆ ਹੈ। ਇਹ ਇੰਜਣ ਇੱਕ ਅਪਗ੍ਰੇਡਡ, ਉੱਚ-ਥ੍ਰਸਟ, ਠੋਸ-ਈਂਧਨ ‘ਤੇ ਅਧਾਰਤ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਪਾਵਰ ਹੈ। ਕਿਮ ਜੋਂਗ ਉਨ ਨੇ ਇਸ ਨੂੰ ਦੇਸ਼ ਦੀ ਫੌਜੀ ਤਾਕਤ ਵਧਾਉਣ ਦੀ ਦਿਸ਼ਾ ‘ਚ ਵੱਡਾ ਕਦਮ ਦੱਸਿਆ ਹੈ। ਇਸ ਪ੍ਰੀਖਣ ਦਾ ਮਕਸਦ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮਿਜ਼ਾਈਲਾਂ ਬਣਾਉਣਾ ਹੈ। ਰਿਪੋਰਟਾਂ ਅਨੁਸਾਰ ਇਨ੍ਹਾਂ ਮਿਜ਼ਾਈਲਾਂ ਨੂੰ ਪਛਾਣਨਾ ਅਤੇ ਰੋਕਣਾ ਬਹੁਤ ਮੁਸ਼ਕਿਲ ਹੈ।
ਰਿਪੋਰਟ ਅਨੁਸਾਰ ਇਹ ਇੰਜਣ ਕਾਰਬਨ ਫਾਈਬਰ ਦਾ ਬਣਿਆ ਹੈ। ਇਸ ਇੰਜਣ ਦੀ ਵੱਧ ਤੋਂ ਵੱਧ ਪਾਵਰ 2,500 ਕਿਲੋਟਨ ਮਾਪੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਕੀਤੇ ਗਏ ਟੈਸਟ ਵਿੱਚ ਇਹ ਤਾਕਤ 1,970 ਕਿਲੋਟਨ ਸੀ। ਇਹ ਟੈਸਟ ਦੇਸ਼ ਦੇ ਪੰਜ ਸਾਲਾ ਹਥਿਆਰ ਵਿਕਾਸ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦਾ ਉਦੇਸ਼ ਪਰਮਾਣੂ ਸਮਰੱਥ ਬੈਲਿਸਟਿਕ ਮਿਜ਼ਾਈਲਾਂ ਨੂੰ ਹੋਰ ਆਧੁਨਿਕ ਬਣਾਉਣਾ ਹੈ। ਕਿਮ ਜੋਂਗ ਉਨ ਨੇ ਕਿਹਾ ਕਿ ਇਸ ਪ੍ਰੀਖਣ ਨਾਲ ਦੇਸ਼ ਦੀ ਰਣਨੀਤਕ ਤਾਕਤ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਹਾਲਾਂਕਿ ਇਹ ਟੈਸਟ ਕਦੋਂ ਅਤੇ ਕਿੱਥੇ ਹੋਇਆ ਇਸ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਦਾਅਵਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਦੱਖਣੀ ਕੋਰੀਆ ਦੇ ਖੋਜਕਰਤਾ ਲੀ ਚੁਨ ਗਿਊਨ ਨੇ ਕਿਹਾ ਕਿ ਉੱਤਰੀ ਕੋਰੀਆ ਇਸ ‘ਚ ਕੁਝ ਚੀਜ਼ਾਂ ਲੁਕਾ ਰਿਹਾ ਹੈ। ਉਸ ਨੇ ਇੰਜਣ ਦੇ ਕੁੱਲ ਬਰਨਿੰਗ ਟਾਈਮ ਵਰਗੀ ਮਹੱਤਵਪੂਰਨ ਜਾਣਕਾਰੀ ਨਹੀਂ ਦਿੱਤੀ ਹੈ। ਉੱਤਰੀ ਕੋਰੀਆ ਨੇ ਸਤੰਬਰ ਦੇ ਪ੍ਰੀਖਣ ਨੂੰ ਠੋਸ-ਈਂਧਨ ਇੰਜਣ ਦਾ ਨੌਵਾਂ ਅਤੇ ਆਖਰੀ ਜ਼ਮੀਨੀ ਟੈਸਟ ਦੱਸਿਆ ਹੈ, ਅਤੇ ਪਹਿਲਾਂ ਕਿਹਾ ਸੀ ਕਿ ਇੰਜਣ ਨੂੰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ICBMs) ਲਈ ਵਰਤਿਆ ਜਾਵੇਗਾ। ਉਸ ਸਮੇਂ ਨਿਰੀਖਕਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਉੱਤਰੀ ਕੋਰੀਆ ਜਲਦੀ ਹੀ ਉਸ ਇੰਜਣ ਨਾਲ ਲੈਸ ਇੱਕ ICBM ਦਾ ਪ੍ਰੀਖਣ ਕਰੇਗਾ, ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਇਸ ਪ੍ਰੋਗਰਾਮ ਵਿੱਚ ਕੁਝ ਦੇਰੀ ਹੋਈ ਹੈ। ਇਹ ਵੀ ਸੰਭਵ ਹੈ ਕਿ ਉਹ ਰੂਸ ਦੀ ਤਕਨੀਕੀ ਮਦਦ ਨਾਲ ਬਿਹਤਰ ਇੰਜਣ ਬਣਾ ਰਿਹਾ ਹੈ। ਰੂਸ ਅਤੇ ਉੱਤਰੀ ਕੋਰੀਆ ਦੇ ਸਬੰਧ ਹਾਲ ਦੇ ਸਮੇਂ ਵਿੱਚ ਡੂੰਘੇ ਹੋਏ ਹਨ। ਉੱਤਰੀ ਕੋਰੀਆ ਨੇ ਵੀ ਯੂਕਰੇਨ ਯੁੱਧ ਵਿੱਚ ਰੂਸ ਦੀ ਮਦਦ ਲਈ ਆਪਣੀਆਂ ਫੌਜਾਂ ਅਤੇ ਹਥਿਆਰ ਭੇਜੇ ਹਨ।ਉੱਤਰੀ ਕੋਰੀਆ ਠੋਸ ਈਂਧਨ ਇੰਜਣ ਨਾਲ ਛੋਟੀਆਂ ਮਿਜ਼ਾਈਲਾਂ ਵੀ ਬਣਾ ਸਕਦਾ ਹੈ। ਇਨ੍ਹਾਂ ਨੂੰ ਪਣਡੁੱਬੀਆਂ ਜਾਂ ਮੋਬਾਈਲ ਟਰੱਕਾਂ ਤੋਂ ਲਾਂਚ ਕਰਨਾ ਆਸਾਨ ਹੋਵੇਗਾ। ਜਿਸ ਨਾਲ ਅਮਰੀਕਾ ਦੀ ਰੱਖਿਆ ਪ੍ਰਣਾਲੀ ਲਈ ਖਤਰਾ ਵਧੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

