ਵਰਲਡ ਡੈਸਕ:– ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਪਾਬੰਦੀਆਂ ਨੂੰ ਦਰਕਿਨਾਰ ਕਰ ਕੇ ਆਪਣੇ ਪਰਮਾਣੂ ਹਥਿਆਰਾਂ ਤੇ ਬੈਲਿਸਟਿਕ ਮਿਜ਼ਾਈਲਾਂ ਦਾ ਆਧੁਨਿਕੀਕਰਨ ਕੀਤਾ ਹੈ। ਏਨਾ ਹੀ ਨਹੀਂ ਇਨ੍ਹਾਂ ਪ੍ਰਰੋਗਰਾਮਾਂ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਤੇ ਤਕਨੀਕ ਨੂੰ ਦੂਜੇ ਦੇਸ਼ਾਂ ਤੋਂ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਵਿੱਤੀ ਸੰਸਥਾਵਾਂ ‘ਤੇ ਸਾਈਬਰ ਹਮਲੇ ਕਰ ਕੇ ਉਸ ਨੇ ਇਸ ਲਈ ਫੰਡ ਇਕੱਠਾ ਕੀਤਾ ਹੈ।
ਉੱਤਰੀ ਕੋਰੀਆ ‘ਤੇ ਲਗਾਈਆਂ ਗਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਨਿਗਰਾਨੀ ਕਰਨ ਵਾਲੇ ਮਾਹਿਰਾਂ ਦੀ ਇਕ ਟੀਮ ਨੇ ਬੀਤੇ ਸੋਮਵਾਰ ਨੂੰ ਸੁਰੱਖਿਆ ਪ੍ਰੀਸ਼ਦ ਨੂੰ ਸੌਂਪੀ ਗਈ ਰਿਪੋਰਟ ‘ਚ ਕਿਹਾ ਕਿ ਪਿਓਂਗਯਾਂਗ ਨੇ 2019 ਤੋਂ ਨਵੰਬਰ 2020 ਤਕ 316.4 ਮਿਲੀਅਨ ਡਾਲਰ ਮੁੱਲ (2,300 ਕਰੋੜ ਰੁਪਏ ਤੋਂ ਜ਼ਿਆਦਾ) ਦੀ ਸੰਪਤੀ ਚੋਰੀ ਕੀਤੀ। ਪੈਨਲ ਨੇ ਕਿਹਾ ਕਿ ਜਾਂਚ ‘ਚ ਇਸ ਗੱਲ ਦਾ ਵੀ ਪਤਾ ਚੱਲਿਆ ਹੈ ਕਿ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਫੰਡ ਮੁਹੱਈਆ ਕਰਾਉਣ ਲਈ ਉੱਤਰੀ ਕੋਰੀਆ ਨਾਲ ਜੁੜੇ ਸਾਈਬਰ ਹਮਲਾਵਰਾਂ ਨੇ ਵਿੱਤੀ ਸੰਸਥਾਵਾਂ ਤੇ ਵਰਚੁਅਲ ਕਰੰਸੀ ਐਕਸਚੇਂਜ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੀ। ਕਿਮ ਜੋਂਗ ਉਨ ਦੀ ਸਰਕਾਰ ਨੇ ਅਜਿਹੀ ਸਮੱਗਰੀ ਦਾ ਨਿਰਮਾਣ ਵੀ ਕਰ ਲਿਆ ਹੈ ਜਿਸ ਨਾਲ ਪਰਮਾਣੂ ਹਥਿਆਰ ਬਣਾਇਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਉਸ ਨੇ ਘੱਟ ਦੂਰੀ ਦੀਆਂ ਨਵੀਆਂ ਮਿਜ਼ਾਈਲਾਂ, ਮੱਧਮ ਦੂਰੀ ਦੀਆਂ, ਪਣਡੁੱਬੀ ਨਾਲ ਮਾਰ ਕਰਨ ਲਾਇਕ ਤੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦਾ ਫ਼ੌਜੀ ਪਰੇਡ ‘ਚ ਪ੍ਰਦਰਸ਼ਨ ਕੀਤਾ। ਮਾਹਿਰਾਂ ਨੇ ਕਿਹਾ ਕਿ ਉਸ ਨੇ ਨਵੇਂ ਬੈਲਿਸਟਿਕ ਮਿਜ਼ਾਈਲ ਵਾਰਹੈੱਡ ਤੇ ਰਣਨੀਤਕ ਪਰਮਾਣੂ ਹਥਿਆਰਾਂ ਦੇ ਵਿਕਾਸ ਦੇ ਤਜਰਬੇ ਅਤੇ ਨਿਰਮਾਣ ਦਾ ਐਲਾਨ ਕੀਤਾ ਤੇ ਬੈਲਿਸਟਿਕ ਮਿਜ਼ਾਈਲ ਇੰਫਰਾਸਟਰੱਕਚਰ ਦਾ ਨਵੀਨੀਕਰਨ ਕੀਤਾ।
ਪੈਨਲ ਨੇ ਸੁਰੱਖਿਆ ਪ੍ਰਰੀਸ਼ਦ ਤੋਂ ਉਂਤਰੀ ਕੋਰੀਆ ਨਾਲ ਜੁੜੇ ਚਾਰ ਵਿਅਕਤੀਆਂ ‘ਤੇ ਪਾਬੰਦੀ ਲਗਾਉਣ ਦੀ ਸਿਫ਼ਾਰਸ਼ ਕੀਤੀ। ਦੱਸਣਯੋਗ ਹੈ ਕਿ ਉੱਤਰੀ ਕੋਰੀਆ ਨੇ ਸਾਲ 2006 ‘ਚ ਪਹਿਲੀ ਵਾਰ ਪਰਮਾਣੂ ਤਜਰਬਾ ਕੀਤਾ ਸੀ। ਇਸ ਦੇ ਬਾਅਦ ਸੰਯੁਕਤ ਰਾਸ਼ਟਰ ਨੇ ਉਸ ‘ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ। ਸੰਯੁਕਤ ਰਾਸ਼ਟਰ ਨੇ ਪਿਓਂਗਯਾਂਗ ਵੱਲੋਂ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਉਤਪਾਦਨ ਰੋਕਣ ਲਈ ਦੇਸ਼ ਦੀ ਜ਼ਿਆਦਾਤਰ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ ਤੇ ਦਰਾਮਦ ਨੂੰ ਬਹੁਤ ਹੱਦ ਤਕ ਸੀਮਤ ਕਰ ਦਿੱਤਾ ਹੈ।
ਰਿਪੋਰਟ ਦੇ ਅੰਸ਼ ‘ਚ ਸਪੱਸ਼ਟ ਰੂਪ ਤੋਂ ਲਿਖਿਆ ਹੈ ਕਿ ਉੱਤਰੀ ਕੋਰੀਆ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਪਰਮਾਣੂ ਤੇ ਮਿਜ਼ਾਈਲ ਪ੍ਰਰੋਗਰਾਮਾਂ ਦਾ ਵਿਕਾਸ ਕਰ ਰਿਹਾ ਹੈ। ਏਨਾ ਹੀ ਨਹੀਂ ਉਹ ਨਾਜਾਇਜ਼ ਤੌਰ ‘ਤੇ ਤੇਲ ਦੀ ਦਰਾਮਦ ਕਰ ਰਿਹਾ ਹੈ, ਕੌਮਾਂਤਰੀ ਬੈਂਕਿੰਗ ਚੈਨਲਾਂ ਦੀ ਵਰਤੋਂ ਕਰ ਰਿਹਾ ਹੈ ਤੇ ਅਪਰਾਧਿਕ ਸਾਈਬਰ ਸਰਗਰਮੀਆਂ ਨੂੰ ਬੜ੍ਹਾਵਾ ਦੇ ਰਿਹਾ ਹੈ।