ਨਹੀਂ ਲੱਗੇਗਾ ਚੰਡੀਗੜ੍ਹ ‘ਚ iPhone ਦਾ ਲੰਗਰ, DC ਨੇ ਕਿਹਾ- ਭਗਦੜ ਵਰਗੇ ਹਾਲਾਤ ਬਣਨ ਦਾ ਖ਼ਤਰਾ

Global Team
3 Min Read

ਚੰਡੀਗੜ੍ਹ : ਚੰਡੀਗੜ੍ਹ ਵਿੱਚ 22 ਸਤੰਬਰ ਨੂੰ ਲਗਾਏ ਜਾਣ ਵਾਲੇ ਕਥਿਤ iPhone ਲੰਗਰ  ‘ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਕਾਰੋਬਾਰੀ ਰਾਕੇਸ਼ ਤ੍ਰੇਹਨ ਵੱਲੋਂ ਇਸ ਲੰਗਰ ਦਾ ਐਲਾਨ ਕੀਤਾ ਗਿਆ ਸੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਪੁਲਿਸ ਨੂੰ ਇਸ ਤਰ੍ਹਾਂ ਦਾ ਕੋਈ ਵੀ ਲੰਗਰ ਨਾ ਲੱਗਣ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਾਰਨਾਮਿਆਂ ਨਾਲ ਭਾਰੀ ਭੀੜ ਇਕੱਠੀ ਹੋ ਸਕਦੀ ਹੈ ਅਤੇ ਭਗਦੜ ਵਰਗੀ ਖ਼ਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਰਾਕੇਸ਼ ਤ੍ਰੇਹਨ ਵੱਲੋਂ ਮੁਫ਼ਤ ਪੈਟਰੋਲ ਲੰਗਰ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪ੍ਰਸ਼ਾਸਨ ਨੇ ਜੋਖ਼ਮ ਭਰਿਆ ਦੱਸਿਆ ਸੀ।

ਪ੍ਰਸ਼ਾਸਨ ਦੀ ਦਲੀਲ ਬਿਲਕੁਲ ਸਾਫ਼ ਹੈ।  ਜੇ ਆਈਫੋਨ ਦੀ ਮੁਫ਼ਤ ਲੁੱਟ ਮਚੇਗੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਣਗੇ ਅਤੇ ਜਾਨ-ਮਾਲ ਦਾ ਜੋ ਨੁਕਸਾਨ ਹੋਵੇਗਾ, ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਸ ਲਈ, ਅਜਿਹੇ ਕਿਸੇ ਵੀ ਆਈਫੋਨ ਲੰਗਰ ਨੂੰ ਚੰਡੀਗੜ੍ਹ ਦੀ ਹੱਦ ਵਿੱਚ ਬੈਨ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਦੀ SSP ਕਵਰਦੀਪ ਕੌਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲਿਸ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਅਜਿਹਾ ਪ੍ਰੋਗਰਾਮ ਕਰਵਾਉਣ ‘ਤੇ BNSS ਦੀ ਧਾਰਾ 163 ਤਹਿਤ ਕਾਰਵਾਈ ਹੋ ਸਕਦੀ ਹੈ। ਉੱਥੇ ਹੀ ਮੋਹਾਲੀ ਦੇ SSP ਵਰੁਣ ਸ਼ਰਮਾ ਨੇ ਵੀ ਕਿਹਾ ਕਿ DC ਦੀ ਇਜਾਜ਼ਤ ਤੋਂ ਬਿਨਾਂ ਅਜਿਹਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਲੰਘਣਾ ਹੋਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਰਾਕੇਸ਼ ਤ੍ਰੇਹਨ ਨੇ ਕਿਹਾ ਹੈ ਕਿ ਉਹ ਕੋਈ ਭੀੜ ਇਕੱਠੀ ਨਹੀਂ ਕਰਨਗੇ। ਉਨ੍ਹਾਂ ਮੁਤਾਬਕ iPhone ਦਾ ਡਰਾਅ ਮੀਡੀਆ ਦੇ ਸਾਹਮਣੇ ਕੱਢਿਆ ਜਾਵੇਗਾ ਅਤੇ ਜੇਤੂ ਨੂੰ ਉਸਦੇ ਘਰ ਜਾ ਕੇ iPhone ਦਿੱਤਾ ਜਾਵੇਗਾ। ਦੱਸਿਆ ਗਿਆ ਹੈ ਕਿ ਤ੍ਰੇਹਨ ਨੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮੁਫ਼ਤ iPhone ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਰੀਬ 1,000 iPhone ਦੇ ਆਰਡਰ ਦੇਣ ਦੀ ਗੱਲ ਵੀ ਕਹੀ ਸੀ ਅਤੇ ਪਹਿਲੇ ਦਿਨ 10 ਮੋਬਾਈਲ ਦੇਣ ਦੀ ਯੋਜਨਾ ਦੱਸੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment