ਬੈਂਸ-ਡੀਸੀ ਟਕਰਾਅ ਕੇਸ : ਅਦਾਲਤ ‘ਚ ਦੋਵਾਂ ਪਾਸੇ ਦੇ ਵਕੀਲਾਂ ਨੇ ਕੀਤੀ ਲੰਬੀ ਬਹਿਸ, ਪਰ ਅਫਸੋਸ! ਬੈਂਸ…..।

TeamGlobalPunjab
3 Min Read

ਗੁਰਦਾਸਪੁਰ : ਬਟਾਲਾ ਪੁਲਿਸ ਵਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਰੁੱਧ ਡਿਪਟੀ ਕਮਿਸ਼ਨਰ ਦੇ ਦਫਤਰ ‘ਚ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਜਬਰਦਸਤੀ ਵੜ ਜਾਣ, ਉਨ੍ਹਾਂ ਦੀ ਸਰਕਾਰੀ ਡਿਊਟੀ ‘ਚ ਵਿਘਨ ਪਾਉਣ, ਝੂਠੀ ਜਾਣਕਾਰੀ ਦੇਣ ਤੇ ਧਮਕੀਆਂ ਦੇਣ ਦੇ ਦਰਜ ਕੀਤੇ ਗਏ ਕੇਸ ਵਿੱਚ ਬੈਂਸ ਵਲੋਂ ਸੈਸ਼ਨ ਅਦਾਲਤ ‘ਚ ਪੇਸ਼ਗੀ ਜ਼ਮਾਨਤ ਦੀ ਮੰਗ ਕਰਦੀ ਜਿਹੜੀ ਪਟੀਸ਼ਨ ਪਾਈ ਗਈ ਉਸ ‘ਤੇ ਸੁਣਵਾਈ ਦੌਰਾਨ ਦੋਵਾਂ ਵਕੀਲਾਂ ਦੀ ਜ਼ਬਰਦਸਤ ਲੰਬੀ ਬਹਿਸ ਤਾਂ ਹੋਈ, ਪਰ ਬਾਵਜੂਦ ਇਸਦੇ ਅਦਾਲਤ ਵਲੋਂ ਬੈਂਸ ਨੂੰ ਫਿਲਹਾਲ ਕਿਸੇ ਕਿਸਮ ਦੀ ਰਾਹਤ ਨਹੀਂ ਮਿਲੀ ਤੇ ਅਦਾਲਤ ਨੇ ਬੈਂਸ ਦੀ ਗ੍ਰਿਫਤਾਰੀ ਤੇ ਰੋਕ ਨਾ ਲਾਉਂਦਿਆਂ ਆਪਣਾ ਫੈਸਲਾ 16 ਸਤੰਬਰ ਤੱਕ ਰਾਖਵਾਂ ਰੱਖ ਲਿਆ ਹੈ।

ਹੁਣ ਬਟਾਲਾ ਪੁਲਿਸ ਕੋਲ ਇਸ ਗੱਲ ਦੀ ਪੂਰੀ ਖੁੱਲ੍ਹ ਹੋਏਗੀ ਕਿ ਉਹ 16 ਸਤੰਬਰ ਤੋਂ ਪਹਿਲਾਂ ਕਿਸੇ ਵੇਲੇ ਵੀ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਸਕਦੀ ਹੈ। ਗ੍ਰਿਫਤਾਰੀ ‘ਤੇ ਰੋਕ ਨਾ ਲਾਉਣ ਨੂੰ ਬੈਂਸ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਸ ਦਈਏ ਕਿ ਲੰਘੇ ਦਿਨੀ ਬਟਾਲਾ ਪੁਲਿਸ ਨੇ ਇਹ ਮਾਮਲਾ ਉਸ ਵੇਲੇ ਦਰਜ਼ ਕੀਤਾ ਸੀ ਜਦੋਂ ਬਟਾਲਾ ਵਿਖੇ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਉਪਰੰਤ ਮ੍ਰਿਤਕਾਂ ਵਿਚੋਂ ਇੱਕ ਦੀ ਲਾਸ਼ ਦੀ ਸ਼ਨਾਖਤ ਨਾ ਹੋਣ ਤੋਂ ਬਾਅਦ ਪੀੜਿਤ ਪਰਿਵਾਰ ਨੇ ਸਿਮਰਜੀਤ ਬੈਂਸ ਤੱਕ ਪਹੁੰਚ ਕੀਤੀ ‘ਤੇ ਬੈਂਸ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈਕੇ ਡੀਸੀ ਕੋਲ ਪਹੁੰਚ ਗਏ। ਦਫ਼ਤਰ ‘ਚ ਬੈਠੇ ਡੀਸੀ ਨੇ ਬੈਂਸ ਨਾਲ ਆਏ ਪੀੜਿਤਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਦਫਤਰ ਚੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਇਸੇ ਗੱਲ ਨੂੰ ਲੈਕੇ ਡੀਸੀ ਦੇ ਸਿਮਰਜੀਤ ਬੈਂਸ ਦੀ ਆਪਸ ਵਿੱਚ ਗਰਮਾ ਗਰਮ ਬਹਿਸ ਹੋ ਗਈ। ਜਿਸ ਤੋਂ 3 ਦਿਨ ਬਾਅਦ ਐਸਡੀਐਮ ਬਟਾਲਾ ਦੀ ਸ਼ਿਕਾਇਤ ਤੇ ਬੈਂਸ ਵਿਰੁੱਧ ਇਹ ਪਰਚਾ ਦਰਜ਼ ਕਰ ਦਿੱਤਾ ਗਿਆ।

ਇਸ ਦੌਰਾਨ ਜਿੱਥੇ ਇਹ ਪਰਚਾ ਦਰਜ ਹੁੰਦਿਆਂ ਹੀ ਬੈਂਸ ਨੇ ਕਿਹਾ ਕਿ ਇਹ ਪਰਚਾ ਅਧਿਕਾਰੀਆਂ ਵਲੋਂ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਲਈ ਦਰਜ਼ ਕਰਵਾਇਆ ਗਿਆ ਹੈ ਕਿਉਂਕਿ ਉਹ ਸਿਟੀ ਸੈਂਟਰ ਘੋਟਾਲਾ ਕੇਸ ਦੀ ਅਦਾਲਤ ‘ਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਦੀ ਮੁਖਾਲਫਤ ਕਰ ਰਹੇ ਹਨ। ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਕਹਿੰਦਿਆਂ ਮੰਨਿਆ ਕਿ ਇਹ ਪਰਚਾ ਉਨ੍ਹਾਂ ਨੇ ਦਰਜ ਕਰਵਾਇਆ ਹੈ ਕਿ ਉਹ ਆਪਣੇ ਅਧਿਕਾਰੀਆਂ ਨਾਲ ਕਿਸੇ ਵਲੋਂ ਕੀਤੀ ਗਈ ਬਦਸਲੂਕੀ ਬਰਦਾਸ਼ਤ ਨਹੀਂ ਕਰਨਗੇ।

 

- Advertisement -

Share this Article
Leave a comment