ਗੈਂਗਸਟਰਵਾਦ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕੋਈ ਵੀ ਫਿਲਮ ਪੰਜਾਬ ਵਿੱਚ ਨਹੀਂ ਚੱਲਣ ਦਿਆਂਗੇ-ਕੈਪਟਨ ਅਮਰਿੰਦਰ ਸਿੰਘ

TeamGlobalPunjab
2 Min Read

ਅਕਾਲੀ ਲੀਡਰ ਇਕਬਾਲ ਸਿੰਘ ਮੱਲਾ ਵਿਰੁੱਧ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਦੀ ਜਾਂਚ ਕਰਵਾਉਣ ਦਾ ਭਰੋਸਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ਵਿੱਚ ਆਖਿਆ ਕਿ ਸੂਬੇ ਵਿੱਚ ਗੈਂਗਸਟਰਵਾਦ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕੋਈ ਵੀ ਫਿਲਮ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਇਸ ਸਬੰਧ ਵਿੱਚ ਸੈਂਸਰ ਬੋਰਡ ਕੋਲ ਪਹੁੰਚ ਕਰੇਗੀ।

ਬਜਟ ਇਜਲਾਸ ਦੇ ਤੀਜੇ ਦਿਨ ਸਿਫਲ ਕਾਲ ਦੌਰਾਨ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਉਠਾਏ ਸਵਾਲ ਦੇ ਜਵਾਬ ਵਿੱਚ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਦਖਲ ਦਿੰਦਿਆਂ ਇਹ ਗੱਲ ਕਹੀ। ਸ੍ਰੀ ਕੋਟਲੀ ਨੇ ਹਾਲ ਹੀ ਵਿੱਚ ਬੈਨ ਕੀਤੀ ‘ਸ਼ੂਟਰ’ ਵਰਗੀਆਂ ਹੋਰ ਫਿਲਮਾਂ ਰਿਲੀਜ਼ ਹੋਣ ਦੀ ਕਤਾਰ ‘ਚ ਹੋਣ ‘ਤੇ ਚਿੰਤਾ ਜ਼ਾਹਰ ਕੀਤੀ ਸੀ।

ਸੂਬਾ ਭਰ ਵਿੱਚ ਸੁਰੱਖਿਅਤ ਸਮਾਜਿਕ ਮਾਹੌਲ ਨੂੰ ਯਕੀਨੀ ਬਣਾਉਣ ਲਈ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਘਾਲਣਾ ਘਾਲ ਕੇ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਕਾਇਮ ਕੀਤੀ ਗਈ ਹੈ ਜਿਸ ਵਿੱਚ ਵਿਘਨ ਪਾਉਣ ਦੀ ਹਰਗਿਜ਼ ਆਗਿਆ ਨਹੀਂ ਦਿੱਤੀ ਜਾਵੇਗੀ।

- Advertisement -

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀਆਂ ਫਿਲਮਾਂ ਬਾਰੇ ਸੈਂਸਰ ਬੋਰਡ ਨੂੰ ਪੱਤਰ ਲਿਖੇਗੀ ਕਿਉਂਕਿ ਇਹ ਮਾਮਲਾ ਬੋਰਡ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ।

ਇਹ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਨੇ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੇ ਜੁਰਮਾਂ ਦੇ ਆਧਾਰ ‘ਤੇ ਬਣੀ ‘ਸ਼ੂਟਰ’ ਫਿਲਮ ‘ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਸਨ।

ਅਕਾਲੀ ਦਲ ਦੇ ਸਥਾਨਕ ਨੇਤਾ ਇਕਬਾਲ ਸਿੰਘ ਮੱਲਾ ਦੀਆਂ ਦੇਸ਼-ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਬਾਰੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਉਠਾਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਇਸ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪਿੰਕੀ ਨੇ ਦੋਸ਼ ਲਾਏ ਕਿ ਮੱਲਾ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਹੈਪੀ ਪੀਐਚਡੀ ਜੋ ਹਾਲ ਹੀ ਵਿੱਚ ਪਾਕਿਸਤਾਨ ‘ਚ ਮਾਰਿਆ ਗਿਆ, ਨਾਲ ਸਬੰਧ ਸਨ।

Share this Article
Leave a comment