ਨਵੀਂ ਦਿੱਲੀ: ਕੌਮੀ ਸ਼ਾਹਰਾਹਾਂ ਦੇ ਨੇੜੇ ਸਮਾਰਟ ਸ਼ਹਿਰ, ਟਾਊਸ਼ਨਸ਼ਿਪ, ਲੌਜਿਸਟਿਕ ਪਾਰਕ ਅਤੇ ਉਦਯੋਗਿਕ ਸਮੂਹ ਬਣਾਉਣ ਦੀ ਇਜਾਜ਼ਤ ਦੇਣ ਲਈ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਵੱਲੋਂ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਜਾਵੇਗੀ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵਿਸ਼ਵ ਪੱਧਰੀ ਹਾਈਵੇ ਸਥਾਪਿਤ ਕਰਨਾ ਹੈ। ਮੰਤਰਾਲਾ ਮੌਜੂਦਾ ਰਾਜਮਾਰਗ ਪ੍ਰਾਜੈਕਟਾਂ ਤੋਂ ਪੂੰਜੀ ਇਕੱਠੀ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਹੁਣ ਅਸੀਂ ਸੜਕਾਂ ਕਿਨਾਰੇ ਟਾਊਨਸ਼ਿਪ, ਸਮਾਰਟ ਸ਼ਹਿਰ, ਲੌਜਿਸਟਿਕ ਪਾਰਕ ਤੇ ਉਦਯੋਗਿਕ ਸਮੂਹਾਂ ਦੀ ਮਨਜ਼ੂਰੀ ਲਈ ਇਕ ਕੈਬਨਿਟ ਨੋਟ ਤਿਆਰ ਕੀਤਾ ਹੈ। ਅਸੀਂ ਸੜਕਾਂ ਕੰਢੇ 400 ਸਹੂਲਤਾਂ ਤਿਆਰ ਕਰ ਰਹੇ ਹਾਂ।’
ਉਨ੍ਹਾਂ ਦੱਸਿਆ ਕਿ ਮੰਤਰਾਲਾ 2.5 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੁਰੰਗ ਵੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 63 ਲੱਖ ਕਿਲੋਮੀਟਰ ਦੇ ਨਾਲ ਭਾਰਤ ਸੜਕ ਨੈੱਟਵਰਕ ਨਾਲ ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਦੇਸ਼ ਹੈ।