ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਆਮ ਨਾਗਰਿਕਾਂ ਦੇ ਕਤਲ ਦੇ ਮਾਮਲਿਆਂ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰੇਗੀ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਜਲਦ ਹੀ ਇਸ ਸਬੰਧੀ ਆਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਫਾਰਮੇਸੀ ਚਲਾਉਣ ਵਾਲੇ ਮੱਖਣ ਲਾਲ ਬਿੰਦਰੂ, ਗੈਰ ਕਸ਼ਮੀਰੀ ਵੀਰੇਂਦਰ ਪਾਸਵਾਨ, ਸਕੂਲ ਦੀ ਪ੍ਰਿੰਸੀਪਲ ਸਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਸਣੇ ਕਈ ਲੋਕਾਂ ਦੇ ਕਤਲ ਦੇ ਮਾਮਲਿਆਂ ‘ਚ ਦਰਜ ਐੱਫਆਈਆਰ ਦੀ ਅੱਗੇ ਦੀ ਕਾਰਵਾਈ ਕੇਂਦਰੀ ਜਾਂਚ ਏਜੰਸੀ ਸੰਭਾਲ ਸਕਦੀ ਹੈ।
ਜੰਮੂ-ਕਸ਼ਮੀਰ ਅਤੇ ਕੇਂਦਰ ਦੀ ਸਰਕਾਰ ਦਾ ਮੰਨਣਾ ਹੈ ਕਿ ਕੁਝ ਦਿਨਾਂ ਤੋਂ ਆਮ ਨਾਗਰਿਕਾਂ ‘ਤੇ ਵਧ ਰਹੇ ਹਮਲੇ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। ਇਨ੍ਹਾਂ ਘਟਨਾਵਾਂ ‘ਚ ਪਾਕਿਸਤਾਨ ਦੇ ‘ਦ ਰਜਿਸਟੈਂਸ ਫੋਰਸ’ ਅਤੇ ਹੋਰ ਅੱਤਵਾਦੀ ਸੰਗਠਨਾਂ ਦਾ ਹੱਥ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਐਨਆਈਏ ਨੂੰ ਇਨ੍ਹਾਂ ਮਾਮਲਿਆਂ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੈ। ਬੀਤੇ ਕੁਝ ਦਿਨਾਂ ਵਿੱਚ ਅੱਤਵਾਦ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਏਜੰਸੀ ਨੇ ਵੱਡੇ ਪੱਧਰ ‘ਤੇ ਛਾਪੇਮਾਰੀਆਂ ਕੀਤੀਆਂ ਹਨ। ਇਹੀ ਨਹੀਂ ਏਜੰਸੀ ਨੇ ਕਈ ਲੋਕਾਂ ਨੂੰ ਅੱਤਵਾਦ ਨਾਲ ਜੁੜੇ ਹੋਣ ਦੇ ਸ਼ੱਕ ਤਹਿਤ ਗ੍ਰਿਫ਼ਤਾਰ ਵੀ ਕੀਤਾ ਹੈ। ਏਜੰਸੀ ਨੇ ਬੀਤੇ ਇਕ ਹਫ਼ਤੇ ਵਿੱਚ ਹੀ ਦ ਰਜਿਸਟੈਂਸ ਫੋਰਸ ਨਾਲ ਜੁੜੇ ਨੂੰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਗਠਨ ‘ਤੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। NIA ਨੇ ਦੋ ਦਰਜਨ ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।