‘ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ NIA ਭੇਜ ਰਹੀ ਸੰਮਨ’ 

TeamGlobalPunjab
2 Min Read

ਚੰਡੀਗੜ੍ਹ : ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦਿੱਲੀ ਦੇ ਸਿੰਘੂ ਬੌਰਡਰ ‘ਤੇ ਮੀਟਿੰਗ ਹੋਈ। ਇਸ ਵਿੱਚ 40 ਕਿਸਾਨ ਜਥੇਬੰਦੀਆਂ ਨੇ ਐਨਆਈਏ ਵੱਲੋਂ ਕਿਸਾਨ ਲੀਡਰਾਂ ਨੂੰ ਭੇਜੇ ਗਏ ਸੰਮਨ ਦੀ ਨਿਖੇਧੀ ਕੀਤੀ ਹੈ। ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ (NIA) ਅੰਦੋਲਨ ‘ਚ ਸ਼ਾਮਿਲ ਲੋਕਾਂ ਦੇ ਖਿਲਾਫ਼ ਕੇਸ ਬਣਾ ਰਹੀ ਹੈ। ਅੰਦੋਲਨ ‘ਚ ਲੰਗਰ ਲਾਉਣ ਵਾਲੇ, ਬੱਸਾਂ ਭੇਜਣ ਵਾਲੇ ਇੱਥੋਂ ਤਕ ਕਿ ਸ਼ਹੀਦ ਕਿਸਾਨ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਕੇਂਦਰੀ ਏਜੰਸੀਆਂ ਤੰਗ ਕਰ ਰਹੀਆਂ ਹਨ। ਇਸ ਦੌਰਾਨ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ NIA ਦੀ ਕਾਰਵਾਈ ਬਾਬਤ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਜਾਣਕਾਰੀ ਦਿੱਤੀ ਗਈ ਹੈ। ਪਰ ਹੁਣ ਅਸੀਂ ਇਸ ਲੜਾਈ ਨੂੰ ਕਾਨੂੰਨੀ ਢੰਗ ਨਾਲ ਲੜਾਂਗੇ।

ਡਾਕਟਰ ਦਰਸ਼ਨਪਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤਕ ਅੰਦੋਲਨ ਵਿੱਚ 121 ਕਿਸਾਨ ਸ਼ਹੀਦ ਹੋ ਗਏ ਹਨ। ਹਰਿਆਣਾ ਦੇ ਹਰ ਪਿੰਡ ਤੋਂ ਇੱਕ ਚਮਚ ਦੇਸੀ ਘਿਓ ਅਤੇ ਮਿੱਟੀ ਦੇ ਦੀਵੇ ਲੈ ਕੇ ਸਿੰਘੂ ਬੌਰਡਰ ‘ਤੇ ਲਿਆਂਦੇ ਜਾਣਗੇ ਅਤੇ ਇੱਥੇ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਜੋਤ ਜਗਾਈ ਜਾਵੇਗੀ। ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਸਾਡੀਆਂ ਮੰਗਾਂ ਇਹ ਹੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਆਏ ਹਾਂ ਅਤੇ ਕਰਵਾ ਕੇ ਹੀ ਵਾਪਸ ਜਾਵਾਂਗੇ। ਕੇਂਦਰ ਸਰਕਾਰ ਜਿਨ੍ਹਾਂ ਮਰਜੀ ਇਸ ਅੰਦੋਲਨ ਨੂੰ ਲੰਬਾਂ ਖਿੱਚਣ ਦੀ ਕੋਸ਼ਿਸ਼ ਕਰੇ। ਸਾਡੀਆਂ ਮੰਗਾਂ ਤੇ ਜਜ਼ਬੇ ਪਹਿਲਾਂ ਵਾਂਗ ਕਾਇਮ ਹਨ।

Share this Article
Leave a comment