ਸ੍ਰੀਨਗਰ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਪੁਲਵਾਮਾ ਅੱਤਵਾਦੀ ਹਮਲੇ ‘ਚ ਆਤਮਘਾਤੀ ਹਮਲਾਵਰ ਆਦਿਲ ਡਾਰ ਦੀ ਸਹਾਇਤਾ ਕਰਨ ਵਾਲੀ ਲੜਕੀ ਅਤੇ ਉਸ ਦੇ ਪਿਤਾ ਨੂੰ ਲੇਥਪੋਰਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਤਾਰਿਕ ਅਹਿਮਦ ਸ਼ਾਹ (50) ਤੇ ਉਸ ਦੀ ਧੀ ਇੰਸ਼ਾ ਜਾਨ (23) ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਗ੍ਰਿਫ਼ਤਾਰੀਆਂ ਹੋ ਚੁਕੀਆਂ ਹਨ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਜਾਂਚ ਏਜੰਸੀ ਨੇ ਸ਼ਾਕਿਰ ਬਸ਼ੀਰ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਕਿਰ ਬਸ਼ੀਰ ‘ਤੇ ਪੁਲਵਾਮਾ ਹਮਲੇ ਦੌਰਾਨ ਅੱਤਵਾਦੀ ਆਦਿਲ ਡਾਰ ਨੂੰ ਸ਼ਰਨ ਦੇਣ ਤੇ ਉਨ੍ਹਾਂ ਦੀ ਮਦਦ ਕਰਨ ਦਾ ਇਲਜ਼ਾਮ ਹੈ।
ਮੰਗਲਵਾਰ ਨੂੰ ਐੱਨਆਈਏ (NIA) ਵੱਲੋਂ ਕੀਤੀ ਪੁੱਛਗਿੱਛ ਦੌਰਾਨ ਤਾਰਿਕ ਨੇ ਦੱਸਿਆ ਕਿ ਪੁਲਵਾਮਾ ਹਮਲੇ ਨੂੰ ਅੰਜ਼ਾਮ ਦੇਣ ਲਈ ਅੱਤਵਾਦੀਆਂ ਨੇ ਹਕਰੀਪੋਰਾ ‘ਚ ਸਥਿਤ ਉਸ ਦੇ ਘਰ ਦੀ ਵਰਤੋਂ ਕੀਤੀ ਸੀ। ਉਸ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਆਦਿਲ ਡਾਰ, ਪਾਕਿਸਤਾਨੀ ਅੱਤਵਾਦੀ ਮੁਹੰਮਦ ਫਾਰੂਕ, ਪਾਕਿਸਤਾਨੀ ਅੱਤਵਾਦੀ ਕਾਮਰਾਨ ਅਤੇ ਇਕ ਹੋਰ ਅੱਤਵਾਦੀ ਉਸ ਦੇ ਘਰ ਰੁਕੇ ਸਨ ਤੇ ਹਮਲੇ ਤੋਂ ਬਾਅਦ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਆਦਿਲ ਡਾਰ ਦੀ ਜਿਹੜੀ ਵੀਡੀਓ ਜਾਰੀ ਕੀਤੀ ਸੀ ਉਸ ਦੀ ਰਿਕਾਰਡਿੰਗ ਵੀ ਉਸ ਦੇ ਹੀ ਘਰ ਹੀ ਕੀਤੀ ਗਈ ਸੀ।
ਦਰਅਸਲ 14 ਫਰਵਰੀ 2019 ਨੂੰ ਪੁਲਵਾਮਾ ‘ਚ ਅੱਤਵਾਦੀ ਹਮਲਾ ਹੋਇਆ ਸੀ। CRPF ਦੇ ਕਾਫ਼ਲੇ ਨੂੰ ਅੱਤਵਾਦੀਆਂ ਨੇ ਇੱਕ ਗੱਡੀ ‘ਚ ਵਿਸਫੋਟਕ ਸਮੱਗਰੀ ਰੱਖ ਕੇ CRPF ਦੀ ਬੱਸ ਨੂੰ ਉਡਾ ਦਿੱਤਾ ਸੀ। ਜਿਸਦੇ ‘ਚ 40 ਜਵਾਨ ਸ਼ਹੀਦ ਹੋਏ ਸਨ। ਉਕਤ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪੀ ਗਈ ਸੀ।