ਨਿਊਜ਼ੀਲੈਂਡ : ਲਾਕਡਾਊਨ ਦੀ ਉਲੰਘਣਾ ਕਰਨ ‘ਤੇ ਡੇਵਿਡ ਕਲਾਰਕ ਤੋਂ ਸਿਹਤ ਮੰਤਰੀ ਦਾ ਅਹੁਦੇ ਲਿਆ ਗਿਆ ਵਾਪਸ

TeamGlobalPunjab
2 Min Read

ਸਿਡਨੀ : ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਹਰ ਇੱਕ ਦੇਸ਼ ਵੱਲੋਂ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖਤ ਕਦਮ ਉਠਾਏ ਜਾ ਰਹੇ ਹਨ। ਇਸ ‘ਚ ਹੀ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਨੂੰ ਕੋਰੋਨਾ ਵਾਇਰਸ ਦੌਰਾਨ ਦੇਸ਼ ‘ਚ ਲਾਗੂ ਕੀਤੇ ਗਏ ਲਾਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਹਾਲਤਾਂ ਵਿੱਚ ਉਨ੍ਹਾਂ ਵੱਲੋਂ ਸਿਹਤ ਮੰਤਰੀ ਡੇਵਿਡ ਕਲਾਰਕ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਪਰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਡਿਮੋਟ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਵਿਡ ਕਲਾਰਕ ਨੇ ਲਾਕਡਾਊਨ ਅਤੇ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਜੋ ਕੀਤਾ ਗਿਆ ਹੈ ਉਹ ਨਿਯਮਾਂ ਦੇ ਉਲਟ ਸੀ। ਉਨ੍ਹਾਂ ਨੇ ਵੈਲਿੰਗਟਨ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਡੇਵਿਡ ਕਲਾਰਕ ਤੋਂ ਕੈਬਨਿਟ ਦਾ ਅਹੁਦਾ ਖੋਹ ਲਿਆ ਗਿਆ ਹੈ।

ਸਿਹਤ ਮੰਤਰੀ ਡੇਵਿਡ ਕਲਾਰਕ ਵੱਲੋਂ ਵੀ ਆਪਣੀ ਗਲਤੀ ਨੂੰ ਕਬੂਲ ਕਰ ਲਿਆ ਗਿਆ ਹੈ। ਜਿਸ ਦੇ ਚੱਲਦਿਆਂ ਕਲਾਰਕ ਵੱਲੋਂ ਪ੍ਰਧਾਨ ਮੰਤਰੀ ਨੂੰ ਅਸਤੀਫੇ ਦੀ ਵੀ ਪੇਸ਼ਕਸ਼ ਕੀਤੀ ਗਈ ਸੀ ਪਰ ਪ੍ਰਧਾਨ ਮੰਤਰੀ ਨੇ ਅਸਤੀਫਾ ਸਵੀਕਾਰ ਨਾ ਕਰਦੇ ਹੋਏ ਡੇਵਿਡ ਕਲਾਰਕ ਤੋਂ ਕੈਬਨਿਟ ਦਾ ਅਹੁਦਾ ਵਾਪਸ ਲੈ ਲਿਆ। ਦੱਸ ਦਈਏ ਕਿ ਨਿਊਜ਼ੀਲੈਂਡ ‘ਚ ਮਾਰਚ ਮਹੀਨੇ ਦੇ ਆਖਰੀ ਦਿਨਾਂ ਦਾ ਲਾਕਡਾਊਨ ਜਾਰੀ ਹੈ। ਨਿਊਜ਼ੀਲੈਂਡ ਵਿੱਚ ਹੁਣ ਤੱਕ ਕੋਰੋਨਾ ਦੇ ਇੱਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ 75 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 14 ਲੱਖ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।



Share this Article
Leave a comment