ਨਵੇਂ ਸਾਲ ਦੀ ਆਮਦ: ਕਿਸਾਨਾਂ ਦੀ ਫਤਹਿ ਅਤੇ ਸਰਬਤ ਦੇ ਭਲੇ ਲਈ ਕਰੋ ਕਾਮਨਾ

TeamGlobalPunjab
4 Min Read

-ਅਵਤਾਰ ਸਿੰਘ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉਪਰ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀਬਾੜੀ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਸੰਯੁਕਤ ਕਿਸਾਨ ਮੋਰਚੇ ਤਹਿਤ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੌਰਾਨ ਮੀਟਿੰਗ ਅੱਜ 30 ਦਸੰਬਰ ਨੂੰ ਵਿਗਿਆਨ ਭਵਨ ’ਚ ਹੋਵੇਗੀ। ਦੋਵਾਂ ਧਿਰਾਂ ਵਿਚਾਲੇ ਇਹ ਸੱਤਵੀਂ ਮੀਟਿੰਗ ਹੋਵੇਗੀ। ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਸਮੇਤ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਅਤੇ ਬਿਜਲੀ ਬਿੱਲ-2020 ਸਮੇਤ ਪਰਾਲੀ ਬਾਰੇ ਕਾਨੂੰਨ ਦੀਆਂ ਕਿਸਾਨ ਵਿਰੋਧੀ ਧਾਰਾਵਾਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਕਿਸਾਨ ਮੋਰਚੇ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ ਮੀਟਿੰਗ ਦਾ ਸੱਦਾ ਪੱਤਰ ਸਵੀਕਾਰ ਕਰਨ ਬਾਰੇ ਜਾਣਕਾਰੀ ਦੇਣ ਲਈ ਭੇਜੇ ਗਏ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ, ਸਾਰੇ ਕਿਸਾਨਾਂ ਤੇ ਖੇਤੀ ਵਸਤਾਂ ਲਈ ਕੌਮੀ ਕਿਸਾਨ ਕਮਿਸ਼ਨ ਵੱਲੋਂ ਸੁਝਾਏ ਲਾਭਦਾਇਕ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੇਣ, ਪਰਾਲੀ ਐਕਟ ਵਿੱਚ ਉਹ ਤਬਦੀਲੀਆਂ ਕਰਨ ਜੋ ਇਸ ਨੋਟੀਫਿਕੇਸ਼ਨ ਦੇ ਦੰਡਾਂ ਦੀਆਂ ਧਾਰਾਵਾਂ ਤੋਂ ਕਿਸਾਨਾਂ ਨੂੰ ਬਾਹਰ ਰੱਖਣ ਲਈ ਜ਼ਰੂਰੀ ਹਨ ਅਤੇ ਬਿਜਲੀ ਤਬਦੀਲੀ ਬਿੱਲ-2020 ਦੇ ਮਸੌਦੇ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਦੇ ਆਪਣੇ ਏਜੰਡੇ ’ਤੇ ਗੱਲ ਕਰਨ ਲਈ ਹੀ ਜਾਣਗੇ।

ਇਸ ਤੋਂ ਪਹਿਲਾਂ ਕਿਸਾਨਾਂ ਨੇ 26 ਦਸੰਬਰ ਨੂੰ ਕੇਂਦਰ ਨੂੰ ਲਿਖਤੀ ਤਜਵੀਜ਼ ਭੇਜੀ ਸੀ ਜਿਸ ਵਿੱਚ ਏਜੰਡੇ ਤਹਿਤ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ, ਬਿਜਲੀ ਬਿੱਲ-2020 ਤੇ ਪਰਾਲੀ ਐਕਟ ਤਹਿਤ ਕਿਸਾਨਾਂ ਨੂੰ ਜੁਰਮਾਨੇ ਵਾਲੀਆਂ ਧਾਰਾਵਾਂ ਤੋਂ ਛੋਟ ਦੇਣ ਬਾਰੇ ਏਜੰਟੇ ਸ਼ਾਮਲ ਸਨ।

ਸਾਲ 2021 ਦੇ ਆਉਣ ਵਿੱਚ ਕੁਝ ਘੰਟਿਆਂ ਦਾ ਹੀ ਸਫਰ ਬਾਕੀ ਹੈ। ਇਸ ਨੂੰ Happy New Year 2021 ਕਹਿਣ ਦੀ ਸ਼ੁਰੂਆਤ ਸ਼ੋਸਲ ਮੀਡੀਏ ‘ਤੇ ਆਰੰਭ ਵਿੱਚ ਹੀ ਹੋ ਗਈ ਸੀ।

ਅਸਲ ਵਿੱਚ ਹਰ ਇਕ ਨੂੰ ਸਾਲ ਦੇ ਅੰਤ ਤੇ ਪਿਛਲੇ ਸਾਲ ਕੀਤੇ ਆਪਣੇ ਕੰਮਾਂ ਦਾ ਮੁਲਅੰਕਣ ਕਰਨਾ ਚਾਹੀਦਾ ਹੈ ਕਿ ਕੀ ਪਾਇਆ? ਜਾਂ ਕੀ ਗੁਆਇਆ? ਅਤੇ ਅਗਲੇ ਸਾਲ ਦੀ ਵਿਉਂਤਬੰਦੀ ਵੀ ਜ਼ਰੂਰੀ ਹੈ।

ਅੱਜ ਕੱਲ੍ਹ ਨਵੇਂ ਸਾਲ ਦੀ ਵਧਾਈ ਇਕ ਰਸਮੀ ਰਿਵਾਜ ਬਣ ਚੁੱਕਾ ਹੈ। ਦੇਸ਼ ਦੀ ਬਹੁਗਿਣਤੀ ਲੋਕਾਂ ਲਈ ਇਸ ਦਿਨ ਦੀ ਕੋਈ ਮਹੱਤਤਾ ਨਹੀਂ ਹੁੰਦੀ, ਆਮ ਦਿਨਾਂ ਵਾਂਗ ਇਹ ਦਿਨ ਵੀ ਲੰਘ ਜਾਂਦਾ ਹੈ ਉਹੀ ਭੁੱਖਮਰੀ, ਬੇਰੋਜ਼ਗਾਰੀ,ਗਰੀਬੀ, ਲੁੱਟਮਾਰ, ਕਤਲ, ਫਿਰਕਾਪ੍ਰਸਤੀ, ਭਿਰਸ਼ਟਾਚਾਰ ਤੇ ਸਮਾਜਿਕ ਬੁਰਾਈਆਂ ਨੇ ਮੌਜੂਦਾ ਲੁਟੇਰੇ ਪ੍ਰਬੰਧ ਕਾਰਨ ਰਹਿਣਾ ਹੈ।

ਜਿਹੜੇ ਹਾਲਾਤ ਬਣ ਰਹੇ ਹਨ ਉਹ ਜਿਆਦਾ ਚੰਗੇ ਨਹੀਂ, ਜਦੋਂ ਤੋਂ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਉਹ ਆਰ ਐਸ ਐਸ ਦੇ ਗੁਪਤ ਏਜੰਡੇ ਤਹਿਤ ਚਲ ਰਹੀ ਹੈ।ਲੋਕ ਪੱਖੀ ਸ਼ਖਸੀਅਤਾਂ, ਦਲਿਤਾਂ ਤੇ ਹਮਲੇ, ਸਿੱਖਿਆ ਦਾ ਭਗਵਾਂਕਰਨ, ਲੋਕਾਂ ਨੂੰ ਆਪਸ ਵਿੱਚ ਲੜਾਉਣ ਤੋਂ ਇਲਾਵਾ ਆਮ ਜਨਤਾ ਨੂੰ ਮਹਿੰਗਾਈ, ਗਰੀਬੀ ਦੇ ਚੱਕੀ ਵਿੱਚ ਪੀਸ ਰਹੀ ਹੈ।

ਕਈ ਪਾਰਟੀਆਂ ਕੋਈ ਮੁੱਦਾ ਨਾ ਹੋਣ ਕਾਰਨ ਧਾਰਮਿਕ ਮੁੱਦੇ ਪੈਦਾ ਕਰਕੇ ਜਿਥੇ ਲੋਕਾਂ ਨੂੰ ਲੜਾਉਦੀਆਂ ਹਨ, ਉਥੇ ਅਸਲੀ ਸਮਸਿਆਵਾਂ ਤੋਂ ਧਿਆਨ ਹਟਾਉਦੀਆਂ ਹਨ।

ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤਾਂ ਬਹੁਤ ਛੇਤੀ ਭੜਕਦੀਆਂ ਹਨ ਜਾਮ ਲਾਏ ਜਾਂਦੇ ਹਨ ਪਰ ਆਰਥਿਕ ਭਾਵਨਾਵਾਂ ਛੇਤੀ ਨਹੀਂ ਭੜਕਦੀਆਂ। ਦੇਸ਼ ਦੇ ਰਾਜਾਂ ਵਿੱਚ ਪਿਛਲੇ ਸਾਲ ਵਾਂਗ ਮਾੜੇ ਰਾਜ ਪ੍ਰਬੰਧ ਕਾਰਨ ਕਿਸਾਨ ਖੁਦਕਸ਼ੀਆਂ ਤੇ ਨੌਜਵਾਨ ਨਸ਼ਿਆਂ ਦੇ ਭੇਟ ਚੜ੍ਹ ਰਹੇ ਹਨ।

ਖੂਨ ਪੀਣੀਆਂ ਸੜਕਾਂ ਤੇ ਪੰਜਾਬ ਵਿਚ ਹੀ ਰੋਜ਼ ਔਸਤ 15-16 ਲੋਕ ਹਾਦਸਿਆਂ ਵਿੱਚ ਮਰ ਰਹੇ ਹਨ। ਸਰਮਾਏਦਾਰ ਤੇ ਕਾਰਪੋਰੇਟ ਲੁਟੇਰੀ ਜਮਾਤ ਨੂੰ ਛੱਡ ਕੇ ਸਮੁੱਚੀ ਮਾਨਵਤਾ ਅਤੇ ਕਿਸਾਨਾਂ ਦੀ ਫਤਹਿ ਲਈ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ, ਨਵੇਂ ਸਾਲ ਨੂੰ ਖ਼ੁਸ਼ਆਮਦੀਦ ਤੇ ਜਾ ਰਹੇ ਨੂੰ ਅਲਵਿਦਾ ਕਹੋ।#

Share This Article
Leave a Comment