ਵੈਨਕੂਵਰ: ਕੈਨੇਡਾ ‘ਚ ਭਾਰਤੀ ਪਰਿਵਾਰ ‘ਤੇ ਆਟੋ ਰਿਪੇਅਰ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਆੜ ਵਿਚ ਨਸ਼ਾ ਤਸਕਰੀ ਦੇ ਕਰਨ ਦੇ ਦੋਸ਼ ਲੱਗੇ ਹਨ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਸ਼ੋਕ ਕੁਮਾਰ ਨਾਇਡੂ ਦੇ ਪਰਿਵਾਰ ਨਾਲ ਸਬੰਧਤ ਜ਼ਾਇਦਾਦਾਂ ਜ਼ਬਤ ਕਰਨ ਦੇ ਮਕਸਦ ਨਾਲ ਬੀ.ਸੀ. ਸੁਪਰੀਮ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਹੈ।
ਦੂਜੇ ਪਾਸੇ ਅਸ਼ੋਕ ਕੁਮਾਰ ਨਾਇਡੂ ਅਤੇ ਉਸ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਕੋਈ ਗ਼ੈਰਾਕਨੂੰਨੀ ਕੰਮ ਨਹੀਂ ਕੀਤਾ। ਰਿਪੋਰਟ ਮੁਤਾਬਕ ਸੂਬਾ ਸਰਕਾਰ ਵੱਲੋਂ 75 ਲੱਖ ਡਾਲਰ ਮੁੱਲ ਦੀ ਜਾਇਦਾਦ ਜ਼ਬਤ ਕਰਨ ਲਈ ਮੁਕੱਦਮਾ ਦਾਇਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਬਰਨਬੀ, ਕੋਕੁਇਟਲੇਮ, ਮੇਪਲ ਰਿਜ ਅਤੇ ਮਿਸ਼ਨ ਵਿਖੇ ਬਣੇ 6 ਆਲੀਸ਼ਾਨ ਘਰ ਸ਼ਾਮਲ ਹਨ।
ਸੂਬਾ ਸਰਕਾਰ ਦਾ ਦੋਸ਼ ਹੈ ਕਿ ਅਸ਼ੋਕ ਕੁਮਾਰ ਨਾਇਡੂ, ਉਸ ਦੀ ਪਤਨੀ ਜੀਨਾ ਚਿਨੰਮਾ ਨਾਇਡੂ , ਇਨ੍ਹਾਂ ਦੀ ਬੇਟੇ ਅਨੀਸ਼ ਨਾਇਡੂ ਅਤੇ ਅਨੀਸ਼ ਦੀ ਗਰਲ ਫ਼ਰੈਂਡ ਅਲਿਸ਼ਾ ਐਨ ਵਾਕਿਨਜ਼ ਨੇ ਆਟੋ ਰਿਪੇਅਰ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਆੜ ਵਿਚ ਕੋਕੀਨ, ਹੈਰਇਨ ਅਤੇ ਡੈਂਟਾਨਿਲ ਵਰਗੇ ਨਸ਼ੀਲੇ ਪਦਾਰਥਾਂ ਦਾ ਧੰਦਾ ਕੀਤਾ। ਨਾਇਡੂ ਪਰਿਵਾਰ ਵਿਰੁੱਧ ਅਪਰਾਧਿਕ ਦੋਸ਼ ਆਇਦ ਨਹੀਂ ਕੀਤੇ ਗਏ।
ਪਰਿਵਾਰ ਵੱਲੋਂ ਅਦਾਲਤ ਵਿਚ ਜਵਾਬ ਦਾਖ਼ਲ ਕਰਦਿਆਂ ਦਲੀਲ ਦਿੱਤੀ ਗਈ ਕਿ ਕੈਨ ਆਟੋ ਇਲੈਕਟਿਕ ਐਂਡ ਅਪਲਾਇੰਸ ਰਿਪੇਅਰ ਲਿਮ.ਦੀ ਆਮਦਨ ਪੂਰੀ ਤਰ੍ਹਾਂ ਜਾਇਜ਼ ਹੈ ਅਤੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬੀ.ਸੀ. ਸਿਵਲ ਫਾਰਫ਼ੀਚਰ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਤਸਕਰੀ ਰਾਹੀਂ ਇਕੱਠੀ ਕੀਤੀ ਰਕਮ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿਚ 10 ਹਜ਼ਾਰ ਡਾਲਰ ਤੋਂ ਘੱਟ ਰਕਮ ਦੇ ਰੂਪ ਵਿਚ ਜਮਾਂ ਕਰਵਾਇਆ ਗਿਆ।
- Advertisement -
ਸਰਕਾਰੀ ਦਾਅਵੇ ਮੁਤਾਬਕ ਅਸ਼ੋਕ ਨਾਇਡੂ ਨੇ ਨਵੰਬਰ 2014 ਤੋਂ ਫ਼ਰਵਰੀ 2018 ਦਰਮਿਆਨ ਵੱਖ-ਵੱਖ ਬੈਂਕ ਖਾਤਿਆਂ ਵਿਚ 2 ਲੱਖ 75 ਹਜ਼ਾਰ ਡਾਲਰ ਜਮਾਂ ਕਰਵਾਏ। ਨਿਊ ਵੈਸਟਮਿੰਸਟਰ ਪੁਲਿਸ ਦੀ ਪੜਤਾਲ ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਅਨੀਸ਼ ਨਾਇਡੂ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਰਿਹਾ ਅਤੇ ਬਰਨਬੀ ਸਥਿਤ ਮਕਾਨ ਨੂੰ ਨਸ਼ੀਲੇ ਪਦਾਰਥ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ। ਪੁਲਿਸ ਨੇ ਦੋ ਕਿਲੋਗ੍ਰਾਮ ਕੋਕੀਨ, ਕੈਫ਼ੀਨ, ਫੋਂਟਾਨਿਲ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।