ਸਰੀ: ਕੈਨੇਡਾ ਦੀ ਨਿਊ ਵੈਸਟਮਿਨਸਟਰ ਕੌਂਸਲ ਵਿਚ ਵੀ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਆਉਂਦੀ 9 ਮਾਰਚ ਨੂੰ ਕੌਂਸਲ ਵਿਚ ਇਹ ਮਤਾ ਪੇਸ਼ ਕੀਤਾ ਜਾਵੇਗਾ। ਜਿਸ ਦਾ ਐਲਾਨ ਨਿਊ ਵੈਸਟਮਿਨਸਟਰ ਦੇ ਕੌਂਸਲਰ ਚੱਕ ਪੁਕਮਾਇਰ ਨੇ ਸੀਏਏ ਖ਼ਿਲਾਫ਼ ਕੀਤੀ ਰੈਲੀ ਦੌਰਾਨ ਕੀਤਾ।
ਇਹ ਰੈਲੀ ਇੰਡੀਅਨ ਐਬਰੌਡ ਫਾਰ ਪਲੂਰਾਲਿਸਟ ਇੰਡੀਆ (ਆਈਏਪੀਆਈ) ਦੀ ਅਗਵਾਈ ਹੇਠ ਜਥੇਬੰਦ ਕੀਤੀ ਗਈ ਸੀ। ਚੱਕ ਪੁਕਮਾਇਰ ਨੇ ਕਿਹਾ ਕਿ ਉਹ ਕੈਨੇਡੀਅਨ ਸਰਕਾਰ ਨੂੰ ਵੀ ਜ਼ੋਰ ਦੇ ਕੇ ਕਹਿਣਗੇ ਕਿ ਸੀਏਏ ਦੇ ਮਾਮਲੇ ਵਿਚ ਤੁਰੰਤ ਦਖ਼ਲ ਦਿੱਤਾ ਜਾਵੇ ਅਤੇ ਭਾਰਤ ਵਿਚ ਅੱਜ ਜੋ ਕੁਝ ਹੋ ਰਿਹਾ ਹੈ, ਉਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ। ਉਨ੍ਹਾਂ ਦਾ ਇਸ਼ਾਰਾ ਦਿੱਲੀ ਵਿਚ ਹੋਈ ਹਿੰਸਾ ਵੱਲ ਸੀ ਜੋ ਕੱਟੜਪੰਥੀਆਂ ਨੇ ਘੱਟ ਗਿਣਤੀ ਫ਼ਿਰਕੇ ਖ਼ਿਲਾਫ਼ ਕੀਤੀ ਹੈ।
ਰੈਲੀ ਨੂੰ ਨਸਲ ਵਿਰੋਧੀ ਕਾਰਕੁਨ ਐਨੀ ਓਹਾਨਾ, ਗੁਰੂ ਨਾਨਕ ਸਿੱਖ ਟੈਂਪਲ ਤੋਂ ਹਰਦੀਪ ਸਿੰਘ ਨਿੱਝਰ, ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਗਿਆਨ ਸਿੰਘ, ਬਾਬਾ ਬੰਦਾ ਸਿੰਘ ਸੁਸਾਇਟੀ ਤੋਂ ਰਣਜੀਤ ਸਿੰਘ ਖਾਲਸਾ, ਮੁਸਲਮਾਨ ਕਾਰਕੁਨਾਂ ਵਿਚੋਂ ਆਜ਼ੇਬ ਮਨਜ਼ੂਰ, ਦਾਊਦ ਇਸਮਾਈਲ, ਇਮਤਿਆਜ਼ ਪੋਪਟ ਤੇ ਤਾਰਿਕ ਕਿਆਨੀ, ਆਈਏਪੀਆਈ ਦੇ ਮੈਂਬਰ ਤੇ ਹਮਦਰਦ ਰਾਕੇਸ਼ ਕੁਮਾਰ, ਅੰਮ੍ਰਿਤ ਦੀਵਾਨਾ, ਸੱਯਦ ਵਜਾਹਤ ਤੇ ਹਰਬੀਰ ਰਾਠੀ ਨੇ ਵੀ ਸੰਬੋਧਨ ਕੀਤਾ।
ਰੈਲੀ ਵਿਚ ਸਿੱਖ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਉਨ੍ਹਾਂ ਦਾ ਵਿਚਾਰ ਸੀ ਕਿ ਦਿੱਲੀ ਵਿਚ ਹੋਈ ਹਿੰਸਾ ਅਸਲ ਵਿਚ 1984 ਵਿਚ ਸਿੱਖਾਂ ਖ਼ਿਲਾਫ਼ ਹੋਈਆਂ ਵਧੀਕੀਆਂ ਦਾ ਹੀ ਦੁਹਰਾਓ ਹੈ।