19 ਸਾਲ ਬਾਅਦ ਜੱਸੀ ਕਤਲ ਕੇਸ ‘ਚ ਅਦਾਲਤ ਨੇ ਮਾਂ ਤੇ ਮਾਮੇ ਖਿਲਾਫ ਕੀਤੇ ਦੋਸ਼ ਤੈਅ

TeamGlobalPunjab
3 Min Read

ਸੰਗਰੂਰ: ਸੰਗਰੂਰ ਦੀ ਅਦਾਲਤ ਨੇ ਸੋਮਵਾਰ ਨੂੰ ਜਸਵਿੰਦਰ ਸਿੱਧੂ ਉਰਫ ਜੱਸੀ ਕਤਲ ਕੇਸ ‘ਚ ਉਸਦੀ 70 ਸਾਲਾ ਮਾਂ ਮਲਕੀਅਤ ਕੌਰ ਸਿੱਧੂ ਤੇ 74 ਸਾਲਾ ਚਾਚਾ ਸੁਰਜੀਤ ਸਿੰਘ ਬਦੇਸ਼ਾ ਖ਼ਿਲਾਫ਼ ਦੋਸ਼ ਤੈਅ ਕਰ ਲਏ ਹਨ। ਪਰਿਵਾਰ ਦੀਆਂ ਇੱਛਾਵਾਂ ਦੇ ਵਿਰੁੱਧ ਵਿਆਹ ਕਰਨ ਕਰਕੇ 25 ਸਾਲਾ ਜੱਸੀ ਦਾ ਜੂਨ 2000 ਵਿੱਚ ਕਤਲ ਕਰ ਦਿੱਤਾ ਗਿਆ ਸੀ।

ਜ਼ਿਲ੍ਹਾ ਤੇ ਸੈਸ਼ਨ ਜੱਜ ਸਮ੍ਰਿਤੀ ਧੀਰ ਨੇ ਸਿੱਧੂ ਅਤੇ ਬਦੇਸ਼ਾ ਖ਼ਿਲਾਫ਼ ਧਾਰਾ 302, 307 ਅਤੇ 120-ਬੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਹਨ। ਦੱਸ ਦੇਈਏ ਦੋਵੇ ਮੁਲਜ਼ਮ ਇਸ ਵੇਲੇ ਕਪੂਰਥਲਾ ਦੀ ਜੇਲ੍ਹ ‘ਚ ਬੰਦ ਹਨ।

ਜੱਸੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਦੇ ਵਕੀਲ ਅਸ਼ਵਨੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਹਵਾਲਗੀ ਤੋਂ ਬਾਅਦ ਸੰਗਰੂਰ ਪੁਲਿਸ ਨੇ ਮਲੇਰਕੋਟਲਾ ਅਦਾਲਤ ‘ਚ ਦੋਵਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਜਿਸ ਤੋਂ ਬਾਅਦ ਕੇਸ ਨੂੰ ਸੰਗਰੂਰ ਅਦਾਲਤ ‘ਚ ਤਬਦੀਲ ਕਰਵਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਹੋਰ 23 ਗਵਾਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਨੇ ਇਸ ਕੇਸ ‘ਚ ਅਹਿਮ ਭੂਮਿਕਾ ਨਿਭਾਈ ਹੈ।

ਕੀ ਸੀ ਮਾਮਲਾ?
ਜੱਸੀ ਕੈਨੇਡਾ ਦੀ ਰਹਿਣ ਵਾਲੀ ਸੀ ਤੇ ਉਸਨੇ ਸੁਖਵਿੰਦਰ ਸਿੰਘ ਮਿੱਠੂ ਦੇ ਨਾਲ ਆਪਣੇ ਘਰਵਾਲਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾ ਲਿਆ ਸੀ। ਇਸ ਨਾਲ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਲੜਕੀ ਤੋਂ ਨਾਰਾਜ਼ ਸਨ। ਮੁਲਜ਼ਮਾਂ ਨੇ ਸਾਲ 2000 ‘ਚ ਗੁੰਡਿਆਂ ਨੂੰ ਸੁਪਾਰੀ ਦੇ ਕੇ ਜੱਸੀ ਤੇ ਉਸਦੇ ਪਤੀ ਸੁਖਵਿੰਦਰ ਸਿੰਘ ‘ਤੇ ਉਸ ਸਮੇਂ ਹਮਲਾ ਕਰਵਾ ਦਿੱਤਾ ਸੀ ਜਦੋਂ ਦੋਵੇਂ ਮਲੇਰਕੋਟਲਾ ‘ਚ ਆਪਣੇ ਘਰ ਜਾ ਰਹੇ ਸਨ ।

ਗੁੰਡਿਆਂ ਨੇ ਜੱਸੀ ਦੇ ਪਤੀ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਮਰਿਆ ਸਮਝ ਜੱਸੀ ਨੂੰ ਅਗਵਾਹ ਕਰ ਆਪਣੇ ਨਾਲ ਲੈ ਗਏ ਸਨ ਤੇ ਉਸਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਐੱਸਐੱਸਪੀ ਰਾਜਬਚਨ ਸਿੰਘ ਨੇ ਆਪਣੀ ਨਿਗਰਾਨੀ ‘ਚ ਇੱਕ ਐਸਆਈਟੀ ਬਣਾਈ ਤੇ ਕੁੱਝ ਹੀ ਦਿਨ ਵਿੱਚ ਇਸ ਕਤਲਕਾਂਡ ਤੋਂ ਪਰਦਾ ਚੁੱਕਦੇ ਹੋਏ ਕੁੱਝ ਬਦਮਾਸ਼ਾਂ ਨੂੰ ਗ੍ਰਿਰਫਤਾਰ ਕਰ ਲਿਆ ਸੀ।

ਪੁਲਿਸ ਨੇ ਫੜੇ ਗਏ ਗੁੰਡਿਆਂ ਤੋਂ ਪੁੱਛਗਿਛ ਦੇ ਆਧਾਰ ‘ਤੇ ਕੈਨੇਡਾ ਰਹਿੰਦੀ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਕਤਲ ਕੇਸ ਵਿੱਚ ਨਾਮਜਦ ਕੀਤਾ ਸੀ। 2000 ਵਲੋਂ ਲੈ ਕੇ ਹੁਣ ਤੱਕ ਦੋਵਾ ਹੀ ਮੁਲਜ਼ਮਾਂ ਨੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਆਪਣੇ ਬਚਾਅ ਲਈ ਕੇਸ ਦਰਜ ਕੀਤੇ ਪਰ 18 ਸਾਲ ਬਾਅਦ ਕੈਨੇਡਾ ਦੀ ਅਦਾਲਤ ਨੇ ਦੋਵਾਂ ਨੂੰ ਭਾਰਤ ਡਿਪੋਰਟ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਜਿਸ ਤੋਂ ਬਾਅਦ 24 ਜਨਵਰੀ ਨੂੰ ਜਾਂਚ ਅਧਿਕਾਰੀ ਐਸਪੀ ਗੁਰਮੀਤ ਸਿੰਘ ਦੀ ਅਗਵਾਈ ‘ਚ ਸੰਗਰੂਰ ਪੁਲਿਸ ਨੇ ਨਵੀਂ ਦਿੱਲੀ ਤੋਂ ਦੋਵਾਂ ਮੁਲਜ਼ਮਾਂ ਨੂੰ ਕੈਨੇਡੀਅਨ ਪੁਲਿਸ ਤੋਂ ਆਪਣੀ ਹਿਰਾਸਤ ‘ਚ ਲੈ ਲਿਆ ਸੀ।

Share this Article
Leave a comment