ਪੰਜਾਬ ‘ਚ ਨਵੀਂ ਰਾਜਸੀ ਧਿਰ ਦਾ ਉਭਾਰ, ਰਵਾਇਤੀ ਦਲਾਂ ਲਈ ਵੱਡੀ ਚੁਣੌਤੀ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਪੰਜਾਬ ਅੰਦਰ ਅਗਲੇ ਦਿਨਾਂ ‘ਚ ਪੰਥਕ ਚੇਹਰੇ ਮੋਹਰੇ ਵਾਲੀ ਨਵੀਂ ਰਾਜਸੀ ਪਾਰਟੀ ਉੱਭਰ ਕੇ ਸਾਹਮਣੇ ਆਉਣ ਲੱਗੀ ਹੈ। ਇਸ ਨਵੀਂ ਪਾਰਟੀ ਦਾ ਆਧਾਰ ਤਾਂ ਪੰਥਕ ਹੀ ਹੋਵੇਗਾ ਪਰ ਪੰਜਾਬ ਦੇ ਬੁਨਿਆਦੀ ਮੁੱਦੇ ਵੀ ਇਸ ਧਿਰ ਦਾ ਅਹਿਮ ਏਜੰਡਾ ਹੋਣਗੇ। ਅਸਲ ‘ਚ ਨਵੀਂ ਰਾਜਸੀ ਪਾਰਟੀ ਪੰਜਾਬ ਨੂੰ ਰਵਾਇਤੀ ਧਿਰ ਦੇ ਕਬਜ਼ੇ ‘ਚੋਂ ਛੁਡਾਉਣ ਲਈ ਹਮ ਖਿਆਲੀ ਹੋਰਾਂ ਰਾਜਸੀ ਧਿਰਾਂ ਅਤੇ ਧੜਿਆਂ ਨਾਲ ਹੱਥ ਮਿਲਾਏਗੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਧਿਰਾਂ ਦਾ ਇੱਕ ਗਠਜੋੜ ਬਨਾਉਣ ਲਈ ਯਤਨ ਹੋ ਰਹੇ ਹਨ। ਇਹ ਗਠਜੋੜ ਰਵਾਇਤੀ ਧਿਰਾਂ ਦੇ ਬਦਲ ਵਜੋਂ ਆਪਣੇ ਆਪ ਨੂੰ ਪੇਸ਼ ਕਰੇਗਾ।

ਸੂਤਰਾਂ ਅਨੁਸਾਰ ਅਕਾਲੀ ਦਲ ਛੱਡ ਕੇ ਆਏ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ। ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਜਾ ਕੇ ਬਾਦਲਾਂ ਤੋਂ ਰੁੱਸੇ ਜਾਂ ਨਿਰਾਸ਼ ਹੋ ਕੇ ਘਰੀ ਬੈਠੇ ਅਕਾਲੀ ਆਗੂਆਂ ਨਾਲ ਸੰਪਰਕ ਵੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਅਕਾਲੀ ਨੇਤਾ ਨਿਧੜਕ ਸਿੰਘ ਬਰਾੜ ਨੇ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ‘ਚ ਅਕਾਲੀ ਦਲ ਨੂੰ ਛੱਡ ਕੇ ਇਸ ਧੜੇ ‘ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਸੀ। ਇਸੇ ਤਰ੍ਹਾਂ ਕੁਝ ਹੋਰ ਆਗੂ ਵੀ ਆਏ ਹਨ। ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ‘ਚ ਹਨ। ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਰਾਜਸੀ ਮਾਮਲਿਆਂ ਦੇ ਨਾਲ-ਨਾਲ ਪੰਥਕ ਖੇਤਰ ‘ਚ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਤੋਂ ਇਲਾਵਾ ਪਹਿਲਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਹਰਸੁਖਵਿੰਦਰ ਸਿੰਘ ਬੱਬੀ ਬਾਦਲ ਅਤੇ ਕੁਝ ਹੋਰ ਟਕਸਾਲੀ ਅਕਾਲੀ ਪਹਿਲਾਂ ਹੀ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ। ਹਾਲਾਂਕਿ ਸੁਖਬੀਰ ਬਾਦਲ ਲਗਾਤਾਰ ਇਹ ਆਖ ਰਹੇ ਹਨ ਕਿ ਟਕਸਾਲੀ ਅਕਾਲੀ ਆਗੂਆਂ ਦੇ ਕੁਝ ਵੀ ਪੱਲੇ ਨਹੀਂ ਪਰ ਅਸਲੀਅਤ ਇਹ ਹੈ ਕਿ ਅਜੇ ਤੱਕ ਅਕਾਲੀ ਦਲ ਵੀ ਆਪਣਾ ਗੁਆਚਿਆ ਜ਼ਮੀਨੀ ਅਧਾਰ ਵਾਪਸ ਨਹੀਂ ਲੈ ਸਕਿਆ। ਜੇਕਰ ਨਵੀਂ ਰਾਜਸੀ ਇਹ ਗਠਜੋੜ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਉਂਦੀ ਹੈ ਤਾਂ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਇਸ ਤੋਂ ਪਹਿਲਾਂ ਪਿਛਲੇ ਲੰਮੇ ਸਮੇਂ ‘ਤੇ ਝਾਤ ਮਾਰੀ ਜਾਵੇ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ ਨਿਰਾਸ਼ ਹੋ ਕੇ ਵੱਖਰੀ ਧਿਰ ਬਣ ਗਏ ਸਨ ਤਾਂ ਅਕਾਲੀ ਦਲ ਵਿਧਾਨ ਸਭਾ ਦੀ ਲੜਾਈ ਹਾਰ ਗਿਆ ਸੀ। ਹਾਲਾਂਕਿ ਉਸ ਵੇਲੇ ਪ੍ਰਸਥਿਤੀਆਂ ਵੱਖਰੀਆਂ ਸਨ।

- Advertisement -

ਉਸ ਮੌਕੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਨੇਤਾ ਸਨ। ਦੂਜੇ ਪਾਸੇ ਜਥੇਦਾਰ ਟੌਹੜਾ ਕਦੇ ਵੀ ਰਾਜਸੀ ਨੇਤਾ ਵਜੋਂ ਨਹੀਂ ਵਿਚਰੇ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜਥੇਦਾਰ ਟੌਹੜਾ ਦਾ ਕਾਰਜ ਖੇਤਰ ਸੀ। ਹੁਣ ਨਵੀਆਂ ਪ੍ਰਸਥਿਤੀਆਂ ‘ਚ ਟਕਸਾਲੀ ਅਕਾਲੀ ਨੇਤਾ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਦਹਾਕਿਆਂ ਤੋਂ ਰਾਜਸੀ ਖੇਤਰ ‘ਚ ਸਬੰਧ ਹਨ ਅਤੇ ਇਨ੍ਹਾਂ ਆਗੂਆਂ ਦੇ ਕੌਮੀ ਰਾਜਨੀਤੀ ‘ਚ ਕੱਦਾਵਰ ਆਗੂਆਂ ਨਾਲ ਸਬੰਧ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਪਿਛਲੀ ਵਿਧਾਨ ਸਭਾ ਚੋਣ ਵੇਲੇ ਹਾਸ਼ੀਏ ‘ਤੇ ਚਲਾ ਗਿਆ ਸੀ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਗਈ ਹੈ। ਜਿੱਥੋਂ ਤੱਕ ਪੰਜਾਬ ਦੇ ਮੁੱਦਿਆਂ ਦਾ ਸਬੰਧ ਹੈ ਕਿ ਬਰਗਾੜੀ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਭਾਵੁਕ ਮੁੱਦਿਆਂ ਨੇ ਅਜੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡਿਆ ਹੈ।

ਬੇਸ਼ਕ ਅਕਾਲੀ ਦਲ ਲਗਾਤਾਰ ਆਖ ਰਿਹਾ ਹੈ ਕਿ ਜੇਕਰ ਅਕਾਲੀ ਆਗੂ ਦੋਸ਼ੀ ਹਨ ਤਾਂ ਕੈਪਟਨ ਸਰਕਾਰ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੀ? ਇਸ ਮਾਮਲੇ ‘ਤੇ ਅਕਾਲੀ ਦਲ ਅਤੇ ਕਾਂਗਰਸ ਇੱਕ ਦੂਜੇ ਨੂੰ ਮੇਹਣੇ ਦੇ ਸਕਦੇ ਹਨ ਪਰ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀ ਚੋਣ ਨੇੜੇ ਆ ਰਹੀ ਹੈ, ਕੈਪਟਨ ਅਮਰਿੰਦਰ ਸਰਕਾਰ ਵੀ ਬੇਅਦਬੀ ਦੇ ਮੁੱਦੇ ‘ਤੇ ਕਟਿਹਰੇ ‘ਚ ਖੜ੍ਹੀ ਕੀਤੀ ਜਾ ਰਹੀ ਹੈ। ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਕਾਰਵਾਈ ਤੇਜ਼ ਕਰਨ ਜਾ ਰਹੀ ਹੈ ਪਰ ਇਸ ਦਾ ਪਤਾ ਤਾਂ ਠੋਸ ਨਤੀਜੇ ਸਾਹਮਣੇ ਆਉਣ ‘ਤੇ ਹੀ ਲੱਗੇਗਾ। ਇਹ ਸਹੀ ਹੈ ਕਿ ਕਾਂਗਰਸ ਅੰਦਰ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰਾਂ ਨੇ ਪੰਜਾਬ ਵਿਧਾਨ ਸਭਾ ‘ਚ ਝੋਲੀਆਂ ਅੱਡ ਕੇ ਮੁੱਖ ਮੰਤਰੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਹੋਇਆ ਕੁਝ ਨਹੀਂ। ਪੰਜਾਬ ‘ਚ ਬਿਜਲੀ ਦੀਆਂ ਦਰਾਂ, ਬੇਰੁਜ਼ਗਾਰੀ, ਕਿਸਾਨੀ ਅਤੇ ਨਸ਼ੇ ਵਰਗੇ ਵੱਡੇ ਮੁੱਦੇ ਹਨ। ਰਾਜਸੀ ਹਲਕਿਆਂ ਅਨੁਸਾਰ ਇਨ੍ਹਾਂ ਸਾਰੇ ਮੁੱਦਿਆਂ ‘ਤੇ ਆਮ ਆਦਮੀ ਪਾਰਟੀ ਅਤੇ ਰਵਾਇਤੀ ਧਿਰਾਂ ਦੇ ਵਿਰੋਧ ‘ਚ ਆ ਰਹੀ ਨਵੀਂ ਪੰਥਕ ਧਿਰ ਦੀ ਸਹਿਮਤੀ ਹੈ। ਇਹ ਧਿਰ ਗਠਜੋੜ ਦੇ ਪਲੇਟਫਾਰਮ ‘ਤੇ ਇਨ੍ਹਾਂ ਮੁੱਦਿਆਂ ਲਈ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਕਾਂਗਰਸ ਨੂੰ ਵੀ ਜੁਆਬ ਦੇਣ ਲਈ ਕਹੇਗੀ। ਇੱਕ ਗੱਲ ਤਾਂ ਪੱਕੀ ਹੈ ਕਿ ਆ ਰਹੀ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੰਜਾਬ ਦਾ ਰਾਜਸੀ ਸੀਨ ਪਿਛਲੀਆਂ ਚੋਣਾ ਵਾਲਾ ਨਹੀ ਰਹੇਗਾ ਅਤੇ ਪੰਜਾਬ ‘ਚ ਦੋ ਪਾਰਟੀ ਸਿਸਟਮ ਖਤਮ ਹੋਣ ਜਾ ਰਿਹਾ ਹੈ। ਹੁਣ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਲੀ ਕਹਾਉਤ ਵਾਲਾ ਪੰਜਾਬ ਨਹੀਂ ਰਹੇਗਾ।

Share this Article
Leave a comment