ਕੋਰੋਨਾ ਮਹਾਂਮਾਰੀ: ਖੇਤੀ ਯੂਨੀਵਰਸਿਟੀ ਦੀਆਂ ਬਦਲੀਆਂ ਪਸਾਰ-ਗਤੀਵਿਧੀਆਂ ਦਾ ਲਾਹਾ ਲੈਣ ਕਿਸਾਨ

TeamGlobalPunjab
13 Min Read

-ਜਸਕਰਨ ਸਿੰਘ ਮਾਹਲ

 

ਦੁਨੀਆਂ ਭਰ ਵਿਚ ਫ਼ੈਲੀ ਕੋਰੋਨਾ ਮਹਾਂਮਾਰੀ ਨੇ ਪੂਰੀ ਮਨੁੱਖਤਾ ਨੂੰ ਬੇਅੰਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿਤਾ ਹੈ ਅਤੇ ਇਸ ਦੇ ਪ੍ਰਕੋਪ ਨਾਲ ਖੇਤੀ ਨੂੰ ਵੀ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਐਗਰੀਕਲਚਲ ਯੂਨੀਵਰਸਿਟੀ ਵਲੋਂ ਇਸ ਅਚਾਨਕ ਬਦਲੇ ਮਹੌਲ ਵਿਚ ਕਿਸਾਨਾਂ ਨੂੰ ਨਵੀਆਂ ਸੇਧਾਂ ਅਤੇ ਹੋਰ ਸਹੂਲਤਾਂ ਦੇਣ ਲਈ ਆਪਣੀਆਂ ਪਸਾਰ ਸੇਵਾਵਾਂ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਕੇ ਪਸਾਰ ਗਤੀਵਿਧੀਆਂ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਅਣਕਿਆਸੇ ਦੌਰ ਵਿਚ ਯੂਨੀਵਰਸਿਟੀ ਵਲੋਂ ਕਿਸਾਨਾਂ ਨੂੰ ਜਿਥੇ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਅ ਕਰਨ ਲਈ ਉਪਰਾਲੇ ਦੱਸੇ ਜਾਂਦੇ ਹਨ ਉਥੇ ਉਹਨਾਂ ਨੂੰ ਖੇਤੀ ਸਬੰਧੀ ਲਗਾਤਾਰ ਜਾਣਕਾਰੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ।ਇਸ ਚੁਣੌਤੀ ਭਰਪੂਰ ਸਮੇਂ ਦੌਰਾਨ ਸੂਬੇ ਵਿਚ ਹਾੜੀ ਦੀਆਂ ਫ਼ਸਲਾਂ ਦੀ ਕਟਾਈ ਅਤੇ ਮੰਡੀਕਰਨ, ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਉਪਲਬਧਤਾ ਅਤੇ ਬਿਜਾਈ ਕਰਨ ਸਬੰਧੀ ਕਿਸਾਨਾ ਨੂੰ ਦਰਪੇਸ਼ ਆਈਆਂ ਮੁਸ਼ਕਲਾਂ ਦੇ ਹਲ ਲਈ ਯੂਨੀਵਰਸਿਟੀ ਵਲੋਂ ਕਿਸਾਨਾਂ ਦੀ ਹਰ ਸੰਭਵ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਯੂਨੀਵਰਸਿਟੀ ਦੇ ਵੱਖ-ਵੱਖ ਕੇਂਦਰਾਂ ਤੋਂ ਫ਼ਸਲਾਂ ਦੇ ਬੀਜਾਂ ਦੀ ਉਪਲੱਬਧਤਾ ਦੇ ਨਾਲ-ਨਾਲ ਇਸ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵੀ ਅਣਥੱਕ ਉਪਰਾਲੇ ਕੀਤੇ ਗਏ ਹਨ। ਇਸ ਮਹਾਂਮਾਰੀ ਸਦਕਾ ਪੰਜਾਬ ਵਿਚੋਂ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਜਾਣ ਕਰਕੇ ਖੇਤੀ ਕਾਮਿਆਂ ਦੀ ਘਾਟ ਹੋ ਗਈ ਹੈ ਅਤੇ ਵੱਡੀ ਪੱਧਰ ਤੇ ਕਿਸਾਨਾਂ ਵਲੋਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਬਿਕ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਸਬੰਧੀ ਕਿਸਾਨਾਂ ਨੂੰ ਪੂਰਨ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਵੱਲੋਂ ਭਰਪੂਰ ਉਪਰਾਲੇ ਕੀਤੇ ਗਏ ਹਨ।

- Advertisement -

ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਜਾਣਕਾਰੀ: ਅਜੋਕੇ ਦੌਰ ਵਿੱਚ ਆਵਾਜਾਈ ਸਬੰਧੀ ਲੱਗੀਆਂ ਪਾਬੰਧੀਆਂ ਅਤੇ ਸਮਾਜਿਕ ਦੂਰੀ ਸਬੰਧੀ ਦਿਸ਼ਾ-ਨਿਰਦੇਸ਼ਾ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਵੱਲੋ ਹਰ ਬੁੱਧਵਾਰ ਸਵੇਰੇ 11.00 ਵਜੇ ਆਪਣੇ ਫ਼ੇਸਬੁਕ ਪੇਜ਼ ਅਤੇ ਯੂ-ਟਿਊਬ ਚੈਨਲ ਤੇ ਲਾਈਵ ਪ੍ਰੋਗਰਾਮ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਵਿਚ ਕਿਸਾਨਾ ਦੇ ਸਵਾਲਾਂ ਦੇ ਜੁਆਬ ਦਿਤੇ ਜਾਂਦੇ ਹਨ ਅਤੇ ਸਮੇ ਮੁਤਾਬਿਕ ਲੋੜੀਂਦੀ ਤਕਨੀਕੀ ਜਾਣਕਾਰੀ ਦਿਤੀ ਜਾਂਦੀ ਹੈ। ਵੱਖ-ਵੱਖ ਫ਼ਸਲਾਂ, ਸਬਜੀਆਂ, ਫ਼ਲਾਂ ਅਤੇ ਹੋਰ ਫ਼ਸਲਾਂ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ ਤੁਸੀਂ 82880-57707 ਫ਼ੋਨ ਨੰਬਰ ‘ਤੇ ਵਟਸਐਪ ਕਰਕੇ ਜਾਂ ਈ.ਮੇਲ ਸਵਾਲ ਕਰ ਸਕਦੇ ਹੋ। ਕਿਸਾਨ ਵੀਰ ਆਪਣੀ ਫ਼ਸਲ ਦੀ ਕਿਸੇ ਵੀ ਸਮੱਸਿਆ ਦੀ ਫ਼ੋਟੋ ਖਿੱਚ ਕੇ ਵੀ ਮੋਬਾਈਲ ਨੰਬਰ ਜਾਂ ਈ.ਮੇਲ ਪਤੇ ਤੇ ਭੇਜ ਸਕਦਾ ਹੈ । ਇਸ ਤੋਂ ਇਲਾਵਾ ਖੇਤੀ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਹਾਸਲ ਕਰਨ ਲਈ ਕਿਸਾਨ ਪੀ.ਏ.ਯੂ. ਦੀ ਵੈਬਸਾਈਟ www.pau.edu ਤੇ ਪ੍ਰਦਰਸ਼ਿਤ ਫਾਰਮਰ ਪੋਰਟਲ ਨੂੰ ਵੇਖ ਸਕਦੇ ਹਨ। ਕਿਸਾਨਾਂ ਦੀ ਸੇਵਾ ਲਈ ਯੂਨੀਵਰਸਿਟੀ ਵਲੋਂ ਪੀ.ਏ.ਯੂ ਕਿਸਾਨ ਐਪ ਬਣਾਈ ਹੈ ਜਿਸ ਨੂੰ ਤੁਸੀਂ ਆਪਣੇ ਸਮਾਰਟ ਫ਼ੋਨ ਤੇ ਡਾਊਨਲੋਡ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਕਿਸੇ ਵੇਲੇ ਕਿਸੇ ਵੀ ਸਥਾਨ ਤੇ ਹਾਸਲ ਕਰ ਸਕਦੇ ਹੋ ।ਜਿਹੜੇ ਕਿਸਾਨ ਇੰਟਰਨੈਟ ਨਾਲ ਜੁੜੇ ਹੋਏ ਹਨ, ਉਹ ਪੀ.ਏ.ਯੂ. ਦੇ ਦੂਤ ਬਣਕੇ ਈਮੇਲ ਰਾਹੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਇਸ ਜਾਣਕਾਰੀ ਨੂੰ ਅੱਗੋਂ ਆਪਣੇ ਪਿੰਡ ਗੁਰਦੁਆਰੇ ਜਾਂ ਮੰਦਿਰ ਦੇ ਲਾਊਡਸਪੀਕਰ ਰਾਹੀਂ ਪਸਾਰ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਹਫ਼ਤੇ ਦੇ ਹਰ ਬੁੱਧਵਾਰ ‘ਖੇਤੀ ਸੰਦੇਸ਼’ ਦਾ ਇਲੈਕਟ੍ਰਾਨਿਕ ਰਸਾਲਾ ਜਾਰੀ ਕੀਤਾ ਜਾਂਦਾ ਹੈ, ਜਿਸਨੂੰ ਹਾਸਲ ਕਰਨ ਲਈ ਤੁਹਾਨੂੰ ਦੱਸੇ ਮੋਬਾਈਲ ਨੰਬਰ ਤੇ ਸਿਰਫ਼ ਇੱਕ ਮਿਸ ਕਾਲ ਦੇਣ ਦੀ ਹੀ ਲੋੜ ਹੈ। ਯੂਨੀਵਰਸਿਟੀ ਵੱਲੋਂ ਸੁਰੂ ਕੀਤੀ ਗਈ ਐਸ.ਐਮ. ਐਸ. ਸੇਵਾ ਰਾਹੀਂ ਵੀ ਹਜਾਰਾਂ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਸਬੰਧੀ 300 ਸ਼ਬਦਾਂ ਦਾ ਸੰਦੇਸ਼ ਹਫ਼ਤੇ ਵਿੱਚ ਦੋ ਵਾਰੀ, ਮੰਗਲਵਾਰ ਅਤੇ ਸ਼ੁਕਰਵਾਰ ਭੇਜਿਆ ਜਾ ਰਿਹਾ ਹੈ, ਇਸ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਉਪਰੋਕਤ ਦੱਸੇ ਪੋਰਟਲ ਉਪਰ ਆਪਣਾ ਨਾਮ ਦਰਜ ਕਰਵਾਉਣਾ ਪਵੇਗਾ।

ਪਿਛਲੇ ਕੁੱਝ ਸਾਲਾਂ ਵਿੱਚ ਮੌਸਮ ਵਿੱਚ ਬਹੁਤ ਹੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਹੇ ਹਨ ਜਿਸ ਦੇ ਸਿੱਟੇ ਵਜੋਂ ਨਵੇਂ ਕੀੜੇ ਅਤੇ ਬਿਮਾਰੀਆਂ ਨਾਲ ਫਸਲ ਪ੍ਰਭਾਵਿਤ ਹੁੰਦੀ ਹੈ। ਮੌਸਮ ਦੇ ਬਦਲੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ (ਤਕਰੀਬਨ 8.0 ਲੱਖ) ਮੋਬਾਇਲ ਫੋਨ ਤੇ ਹਫਤੇ ਵਿਚ ਦੋ ਵਾਰੀ ਸੰਦੇਸ ਭੇਜ ਕੇ ਸਲਾਹ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਆਲੂਆਂ ਦੀ ਫਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਮੌਸਮ ਨਾਲ ਅਧਾਰਤ ਇੰਟਰਨੈਟ ਅਧਾਰਿਤ ਨਿਰਣਾਇਕ ਪ੍ਰਣਾਲੀ ਕਿਸਾਨਾਂ ਨੂੰ ਦਿੱਤੀ ਹੈ, ਜੋ ਕਿ ਯੂਨੀਵਰਸਿਟੀ ਦੀ ਵੈਬਸਾਈਟ ਉਪਰ ਮੌਜੂਦ ਹੈ।

ਟੋਲੀਫ਼ੋਨ ਰਾਹੀਂ ਜਾਣਕਾਰੀ : ਖੇਤੀਬਾੜੀ ਨਾਲ ਸਬੰਧਿਤੇ ਵੱਖੋ-ਵੱਖ ਵਿਸ਼ਿਆ ਦੇ ਮਾਹਿਰ ਵੀ ਕਿਸਾਨਾਂ ਨੂੰ ਸਲਾਹ-ਮਸ਼ਵਰਾ ਸੇਵਾਵਾਂ ਮੁਹੱਈਆ ਕਰਨ ਲਈ ਹਮੇਸ਼ਾਂ ਹਾਜ਼ਰ ਰਹਿੰਦੇ ਹਨ ਅਤੇ ਇਹਨਾਂ ਵਿਗਿਆਨੀਆਂ ਦੇ ਫੋਨ ਨੰਬਰ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀਆਂ ਸਿਫ਼ਾਰਸ਼ਾਂ, ਫ਼ਲ ਅਤੇ ਸਬਜ਼ੀਆਂ ਦੀ ਕਾਸ਼ਤ ਵਾਲੀਆਂ ਸਿਫ਼ਾਰਿਸ਼ਾਂ ਵਾਲੀਆਂ ਕਿਤਾਬਾਂ ਤੋਂ ਇਲਾਵਾ ਯੂਨੀਵਰਸਿਟੀ ਦੀ ਵੈਬਸਾਈਟ ਤੇ ਦਿੱਤੇ ਜਾਂਦੇ ਹਨ, ਜਿੱਥੋਂ ਨੰਬਰ ਲੈ ਕੇ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ । ਇਹਨਾਂ ਕਿਤਾਬਾਂ ਵਿਚ ਦਿਤੇ ਕੇ.ਵੀ.ਕੇ., ਫ਼ਾਰਮਰ ਸਲਾਹਕਾਰ ਸੇਵਾ ਕੇਦਰਾਂ, ਖੋਜ ਕੇਂਦਰਾਂ, ਫ਼ਲਦਾਰ ਬੂਟਿਆਂ ਦੀਆਂ ਨਰਸਰੀਆਂ ਦੇ ਫ਼ੋਨ ਨੰਬਰਾਂ ਤੇ ਸੰਪਰਕ ਕਰਕੇ ਖੇਤੀ ਤਕਨੀਕਾਂ, ਬੀਜਾਂ ਅਤੇ ਫ਼ਲਦਾਰ ਪੌਦਿਆਂ, ਹੋਰ ਸਹੂਲਤਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ । ਕਿਸਾਨ 0161-401960 ਨੰਬਰ ਤੇ ਫ਼ੋਨ ਕਰਕੇ 417 ਅੇਕਸਟੈਨਸ਼ਨ ਨੰਬਰ ਮੰਗ ਕੇ ਪੀ.ਏ. ਯੂ. ਕਿਸਾਨ ਹੈਲਪਲਾਈਨ ਦਾ ਲਾਹਾ ਸਕਦੇ ਹਨ ।

ਲਿਖਤੀ ਜਾਣਕਾਰੀ ਅਤੇ ਪ੍ਰਕਾਸ਼ਨਾਵਾਂ: ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਯੂਨੀਵਰਸਿਟੀ ਵਲੋਂ ਹਾੜ੍ਹੀ ਸਾਉਣੀ, ਫ਼ਲ ਅਤੇ ਸਬਜੀਆਂ ਦੀਆਂ ਸਿਫਾਰਸਾਂ ਵਾਲੀਆਂ ਕਿਤਾਬਾਂ ਤੋਂ ਇਲਾਵਾ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ, ਮਾਸਿਕ ਰਸਾਲੇ ਵੀ ਛਾਪੇ ਜਾਂਦੇ ਹਨ, ਜੋ ਕਿ ਕਿਸਾਨਾਂ ਨੂੰ ਲਾਗਤ ਮੁੱਲ ਤੇ ਹੀ ਮੁਹੱਈਆ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਲੋਂ ਹੋਰ ਵੀ ਬਹੁਤ ਸਾਰੇ ਵਿਸਿਆਂ ਤੇ ਕਿਤਾਬਚੇ ਛਾਪੇ ਜਾਂਦੇ ਹਨ । ਇਹ ਪ੍ਰਕਾਸ਼ਨਾਵਾਂ ਵੱਖ-ਵੱਖ ਜਿਲਿਆਂ ਵਿਚ ਸਥਿਤ ਕੇ.ਵੀ.ਕੇ., ਫ਼ਾਰਮਰਜ਼ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੋਜ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।

ਖੇਤੀ ਮਾਹਿਰਾਂ ਨਾਲ ਮੁਲਾਕਾਤ: ਕਿਸਾਨ ਵੀਰ ਫ਼ਸਲਾਂ, ਫ਼ਲਾਂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਕਾਸ਼ਤ, ਸਹਾਇਕ ਧੰਦਿਆਂ ਆਦਿ ਸਬੰਧੀ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਦੇ ਇਕ ਨੰਬਰ ਗੇਟ ਤੇ ਸਥਿਤ ‘ਪੌਦਿਆਂ ਦੇ ਹਸਪਤਾਲ’ ਵਿਚ ਹਾਜ਼ਰ ਮਾਹਿਰਾਂ ਨਾਲ ਮੁਲਾਕਾਤ ਕਰ ਸਕਦੇ ਹਨ ।ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੇ ਕਿਸੇ ਵੀ ਵਿਗਿਆਨੀ ਨਾਲ ਮੁਲਾਕਾਤ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਸਬੰਧੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਕੋਰੋਨਾ ਮਹਾਂਮਾਰੀ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪੂਰਨ ਪਾਲਣ ਕਰਨ ਅਤੇ ਇਸ ਨਾਮੁਰਾਦ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਵਿਚ ਸਹਾਇਤਾ ਕਰਨ।

- Advertisement -

ਵੱਖ-ਵੱਖ ਜਿਲਿਆਂ ਵਿੱਚ ਸਥਿਤ ਪਸਾਰ ਕੇਂਦਰਾ ਦੀਆਂ ਸੇਵਾਵਾਂ : ਅਜੋਕੇ ਦੌਰ ਵਿਚ ਪੰਜਾਬ ਦੇ ਕ੍ਰਿਸੀ ਵਿਗਿਆਨ ਕੇਂਦਰਾਂ ਵਲੋਂ ਕਿਸਾਨਾਂ ਨੂੰ ਲਗਾਤਾਰ ਸੇਵਾ ਪ੍ਰਦਾਨ ਕੀਤੀ ਗਈ ਹੈ ।ਇਹਨਾਂ ਕੇਂਦਰਾਂ ਵਲੋਂ ਵੱਖ-ਵੱਖ ਵਿਸ਼ਿਆਂ ਮੁਤਾਬਿਕ ਵੱਟਸਐਪ ਗਰੁੱਪ ਬਣਾਕੇ, ਖੇਤੀ ਵਿਕਾਸ ਨਾਲ ਜੁੜੇ ਮਹਿਕਮਿਆਂ ਜਿਵੇਂਕਿ ਖੇਤੀਬਾੜੀ, ਬਾਗਬਾਨੀ, ਕੋਆਪਰੇਟਿਵ ਮਹਿਕਮੇ, ਪਿੰਡਾਂ ਦੀਆਂ ਪੰਚਾਇਤਾਂ ਦੇ ਗੁਰੱਪਾਂ ਵਿਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਕਰਕੇ ਖੇਤੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ । ਵੱਖ-ਵੱਖ ਖੇਤੀ ਤਕਨੀਕਾਂ ਨੂੰ ਲਿਖਤੀ ਰੂਪ ਵਿਚ ਜਾਂ ਛੋਟੀਆਂ ਫ਼ਿਲਮਾ ਬਣਾ ਕੇ ਵੀ ਕਿਸਾਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ । ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਕਿਸਾਨ ਮੋਬਾਈਲ ਐਡਵਾਈਜ਼ਰੀ ਸਰਵਿਸ ਸ਼ੁਰੂ ਕੀਤੀ ਗਈ ਹੈ Àਤੇ ਇਸ ਸਮਂੇ ਇਸ ਸੇਵਾ ਲਈ ਹਜ਼ਾਰਾਂ ਕਿਸਾਨਾਂ ਨੇ ਆਪਣਾ ਨਾਮ ਦਰਜ ਕੀਤਾ ਹੋਇਆ ਹੈ ।ਇਸ ਤੋਂ ਇਲਾਵਾ ਪੰਜਾਬ ਦੇ 15 ਜਿਲ੍ਹਿਆਂ ਵਿਚ ਸਥਿਤ ਖੇਤੀ ਸਲਾਹਕਾਰੀ ਸੇਵਾ ਕੇਂਦਰ ਖੇਤੀ ਸਬੰਧੀ ਆਧੁਨਿਕ ਅਤੇ ਸੁਧਰੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵੱਡੀ ਭੂਮਿਕਾ ਨਿਭਾਅ ਰਹੇ ਹਨ। ਇਹਨਾਂ ਕੇਂਦਰਾਂ ਵਲੋਂ ਆਪਣੇ ਜ਼ਿਲਿਆਂ ਵਿਚ ਕਿਸਾਨਾਂ ਨੂੰ ਖੇਤੀ ਉਤਪਾਦਨ, ਪੌਦ-ਸੁਰੱਖਿਆ ਤਕਨੀਕਾਂ ਅਤੇ ਖੇਤੀ ਸਾਧਨਾਂ ਦੀ ਸੁਚੱਜੀ ਵਰਤੋਂ ਬਾਰੇ ਸਲਾਹ ਦਿਤੀ ਜਾਂਦੀ ਹੈ ਤਾਂ ਕਿ ਫਸਲਾਂ, ਫਲਾਂ ਅਤੇ ਸਬਜੀਆਂ ਦੀ ਘੱਟ ਖਰਚੇ ਵਿਚ ਚੰਗੀ ਪੈਦਾਵਾਰ ਹੋ ਸਕੇ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੇਤੀ ਦੂਤ ਰਾਹੀਂ ਸੁਨੇਹੇ ਦੇ ਕੇ ਤਕਨੀਕੀ ਜਾਣਕਾਰੀ ਕਿਸਾਨ ਤੱਕ ਪਹੁੰਚਦੀ ਕਰਨ ਵਿੱਚ ਪਹਿਲਕਦਮੀ ਕੀਤੀ ਹੈ। ਇਹਨਾਂ ਨੂੰ ਈ-ਮੇਲ ਰਾਹੀਂ ਖੇਤੀਬਾੜੀ ਸਬੰਧਤ ਐਡਵਾਇਜਰੀ ਭੇਜੀ ਜਾਂਦੀ ਹੈ, ਤਾਂ ਕਿ ਉਹ ਆਪੋ ਆਪਣੇ ਪਿੰਡ ਵਿਚ ਉਸ ਜਾਣਕਾਰੀ ਨੂੰ ਦੂਜੇ ਕਿਸਾਨਾਂ ਤਕ ਵੀ ਪਹੁੰਚਦਾ ਕਰ ਸਕਣ। ਜਿਹੜੇ ਕਿਸਾਨ ਭਰਾਵਾਂ ਕੋਲ ਇੰਟਰਨੈਂਟ ਦੀ ਸਹੂਲਤ ਹੈ , ਉਹ ਆਪਣੇ ਆਪ ਨੂੰ ਪੀ.ਏ.ਯੂ. ਨਾਲ ਜੋੜ ਸਕਦੇ ਹਨ। ਇਸ ਸਬੰਧ ਵਿਚ ਕਿਸਾਨ ਆਪਣਾ ਈਮੇਲ ਪਤਾ ਆਪਣੇ ਨਜਦੀਕ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਦੇ ਦਫਤਰ ਵਿਚ ਦੇ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ।

ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੋਰਸ: ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਪੀ.ਏ. ਯੂ. ਸਥਿੱਤ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਇਸ ਮਹਾਂਮਾਰੀ ਦੇ ਦੌਰ ਵਿਚ ਵੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੋਰਸ ਅਯੋਜਤ ਕੀਤੇ ਜਾ ਰਹੇ ਹਨ ਪਰ ਇਸ ਸਮੇ ਇਹ ਕੋਰਸ ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਹੀ ਲਾਏ ਜਾ ਰਹੇ ਹਨ । ਇਹਨਾਂ ਸਿਖਲਾਈ ਕੋਰਸਾਂ ਦਾ ਸਾਰਾ ਬਿਊਰਾ ਯੂਨੀਵਰਸਿਟੀ ਦੀ ਵੈਬਸਾਈਟ ਤੇ ਪ੍ਰਦਰਸ਼ਿਤ ਕਿਸਾਨ ਪੋਰਟਲ ਤੋਂ ਇਲਾਵਾ, ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫ਼ਾਰਮਿੰਗ ਰਸਾਲਿਆਂ ਦੇ ਪਿਛਲੇ ਪੰਨਿਆਂ ਉਪਰ ਵੀ ਦਿਤਾ ਜਾਂਦਾ ਹੈ। ਯੂਨੀਵਰਸਿਟੀ ਦੀਆਂ ਕਿਤਾਬਾਂ ਵਿੱਚ ਦਿੱਤੇ ਗਏ ਟੈਲੀਫ਼ੋਨ ਨੰਬਰਾਂ ਤੇ ਸੰਪਰਕ ਕਰਕੇ ਵੀ ਸਿਖਲਾਈ ਕੋਰਸ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਕੇ.ਵੀ.ਕੇ. ਕਿਸਾਨਾਂ ਨੂੰ ਸਿਖਲਾਈ ਦੇਣ ਲਈ ਵੈਬੀਨਾਰਾਂ ਦਾ ਅਯੋਜਨ ਕਰ ਰਹੇ ਹਨ । ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਗਦੇ ਵਿਸ਼ੇਸ਼ ਸਿਖਲਾਈ ਕੋਰਸਾਂ ਲਈ ਸਕਿਲ ਡਿਵੈਲਪਮੈਂਟ ਸੈਂਟਰ ਨਾਲ ਰਾਬਤਾ ਕਇਮ ਕਰਨ ਲਈ ਯੂਨੀਵਰਸਿਟੀ ਦੀ ਵੈਬਸਾਈਟ ਦੇ ਹੋਮ ਪੇਜ਼ ਤੇ ਜਾ ਕੇ ਕਿਸੇ ਵੀ ਤਰਾਂ ਦੀ ਸਿਖਲਾਈ ਲਈ ਰਾਬਤਾ ਕਰ ਸਕਦੇ ਹਨ ।

ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਵਲੋਂ ਅਉਣ ਵਾਲੇ ਸਮੇਂ ਵਿਚ ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਵੱਧ ਤੋਂ ਵੱਧ ਖੇਤੀ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਹਾੜੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਪੌਦੇ, ਜੀਵਾਣੂੰ ਖਾਦ ਅਤੇ ਹੋਰ ਖੇਤੀ ਸਮੱਗਰੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੂਰਾ ਯਤਨ ਕੀਤਾ ਜਾਵੇਗਾ ।ਸਤੰਬਰ ਮਹੀਨੇ ਵਿਚ ਲੱਗਦੇ ਕਿਸਾਨ ਮੇਲਿਆਂ ਦੀ ਥਾਂ ਇਸ ਵਾਰ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਪੀ.ਏ. ਯੂ. ਲ਼ੁਧਿਆਣਾ ਵਿਖੇ ਵਰਚੂਅਲ (ਹੂ-ਬਹੂ) ਕਿਸਾਨ ਮੇਲਾ ਅਯੋਜਿਤ ਕੀਤਾ ਜਾ ਰਿਹਾ ਹੈ ਇਸ ਵਿਚ ਕਿਸਾਨ ਵੀਰ ਘਰ ਬੈਠੇ ਹੀ ਕਿਸਾਨ ਮੇਲਿਆਂ ਤੇ ਮਿਲਦੀ ਤਕਨੀਕੀ ਜਾਣਕਾਰੀ ਹਸਿਲ ਕਰ ਸਕਣਗੇ ਅਤੇ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀਆਂ ਨਵੀਆਂ ਤਕਨੀਕਾਂ ਦੇਖ ਸਕਣਗੇ ।

ਕਿਸਾਨ ਵੀਰੋ ਆਉਣ ਵਾਲੇ ਸਮੇ ਵਿਚ ਝੋਨੇ ਦੀ ਵਢਾਈ ਕੀਤੀ ਜਾਣੀ ਹੈ ਅਤੇ ਤੁਹਾਨੂੰੰ ਪੁਰਜ਼ੋਰ ਅਪੀਲ ਹੈ ਕਿ ਤੁਸੀਂ ਝੋਨੇ ਦੀ ਪਰਾਲੀ ਨੂੰ ਨਾ ਸਾੜੋ ਕਿਉਂਕਿ ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਸ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਖੁਰਾਕੀ ਤੱਤ ਅਤੇ ਸੂਖਮ ਜੀਵਾਣੂੰਆਂ ਦਾ ਨੁਕਸਾਨ ਹੁੰਦਾ ਹੈ। ਇਕ ਅੰਦਾਜੇ ਮੁਤਾਬਿਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸਤ ਨਾਈਟਰੋਜਨ ਤੇ ਫਾਸਫੋਰਸ , 50 ਪ੍ਰਤੀਸਤ ਗੰਧਕ ਅਤੇ 75 ਪ੍ਰਤੀਸਤ ਪੋਟਾਸ ਪਰਾਲੀ ਵਿਚ ਹੀ ਰਹਿ ਜਾਂਦੀ ਹੈ। ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸੀਅਮ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਇਸ ਸਮੇ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਇਸ ਸਬੰਧੀ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਜ਼ਿਆਦਾ ਅਸਰ ਫ਼ੇਫ਼ੜਿਆਂ ਤੇ ਹੁੰਦਾ ਹੈ ਅਤੇ ਇਸ ਨਾਲ ਮਨੁੱਖ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ ।ਪਰਾਲੀ ਸੜਨ ਨਾਲ ਪੈਦਾ ਹੋਇਆ ਧੂੰਆਂ ਇਸ ਤਕਲੀਫ਼ ਵਿੱਚ ਹੋਰ ਵਾਧਾ ਕਰ ਸਕਦਾ ਹੈ । ਸੋ, ਇਹ ਜਰੂਰੀ ਹੈ ਕਿ ਪਿੰਡ-ਪਿੰਡ ਪੱਧਰ ਤੇ ਕਮੇਟੀਆਂ ਬਣਾ ਕੇ ਹਰ ਹੀਲੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਸਖਤੀ ਨਾਲ ਰੋਕੀਏੇ ਅਤੇ ਆਪਣੇ ਬਜ਼ੁਰਗਾਂ, ਬੱਚਿਆਂ ਅਤੇ ਹੋਰ ਪਰਿਵਾਰਕ ਜੀਆਂ ਨੂੰ ਤੰਦਰੁਸਤ ਰਹਿਣ ਵਿੱਚ ਮੱਦਦ ਕਰੀਏ। ਕਿਸਾਨ ਵੀਰਾਂ ਨੂੰ ਫ਼ੇਰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਇਸ ਮਹਾਂਮਾਰੀ ਤੋਂ ਬਚਾਅ ਰੱਖਣ ਲਈ ਹਰ ਤਰਾਂ ਦੇ ਸਰਕਾਰੀ ਦਿਸ਼ਾ-ਨਿਰਦੇਸ਼ਾ ਦਾ ਪਾਲਣ ਕਰਨ, ਝੋਨੇ ਦੀ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਅਤੇ ਯੂਨੀਵਰਸਿਟੀ ਦੇ ਪਸਾਰ ਮਾਧਿਅਮਾਂ ਨਾਲ ਜੁੜਨ ਤਾਂ ਜੋ ਵਿਗਿਆਨਕ ਖੇਤੀ ਅਪਣਾਅ ਕੇ ਖੇਤੀ ਮੁਨਾਫੇ ਵਿੱਚ ਵੀ ਵਾਧਾ ਹੋ ਸਕੇ ਅਤੇ ਅਜੋਕੇ ਦੌਰ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।

Share this Article
Leave a comment