ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਵੀ ਟਿਕਰੀ ਸਰਹੱਦ ‘ਤੇ ਵੀ ਸੁਰੱਖਿਆ ਸਖਤ ਕਰ ਦਿੱਤੀ ਹੈ। ਬੀਤੇ ਸੋਮਵਾਰ ਨੂੰ, ਟਿਕਰੀ ਸਰਹੱਦ ‘ਤੇ ਦਿੱਲੀ ਪੁਲਿਸ ਨੇ ਸੜਕ ਨੂੰ ਪੁੱਟ ਕੇ ਕੰਧ ਉਸਾਰ ਕੇ ਉਸ ਅੰਦਰ ਕਿੱਲਾਂ ਗੱਡ ਕੇ ਸਰੀਆ ਵੈਲਡਿੰਗ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਥੇ ਆਰਸੀਸੀ ਦੀਵਾਰ ਵੀ ਬਣਾਈ ਸੀ। ਇਸ ਦੇ ਨਾਲ ਹੀ ਸੱਤ ਪਰਤਾਂ ਦੇ ਲੋਹੇ ਦੇ ਬੈਰੀਕੇਡ ਵੀ ਖੜੇ ਕੀਤੇ ਗਏ ਸਨ।
ਦੱਸ ਦਈਏ ਬੈਰੀਕੇਡਿੰਗ ਵਿੱਚ ਵੱਡੀ ਗਿਣਤੀ ਵਿੱਚ ਰੋਡ ਰੋਲਰ ਵੀ ਖੜੇ ਕੀਤੇ ਗਏ ਹਨ। ਇਸੇ ਤਰ੍ਹਾਂ ਪੁਲਿਸ ਵੱਲੋਂ ਅੰਦੋਲਨ ਦੀ ਜਗ੍ਹਾ ਤੋਂ ਟਿਕਰੀ ਕਲਾਂ ਪਿੰਡ ਤੱਕ ਬੈਰੀਕੇਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇਥੇ ਚਾਰ ਫੁੱਟ ਮੋਟੀ ਕੰਕਰੀਟ ਦੀ ਕੰਧ ਵੀ ਬਣਾਈ ਗਈ ਹੈ। ਹੁਣ, ਇਸ ਕੰਧ ਤੇ ਐਮਸੀਡੀ ਟੋਲ ਦੇ ਵਿਚਾਲੇ ਪੁਲਿਸ ਨੇ ਸੜਕ ਨੂੰ ਪੁੱਟਿਆ ਹੈ ਤੇ ਇਸ ਵਿਚ ਕਿੱਲ ਤੇ ਸਰੀਆ ਲਗਵਾ ਦਿੱਤੇ ਹਨ।
26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਨਜਿੱਠਣ ਲਈ ਜੋਰਦਾਰ ਤਿਆਰੀ ਕਰ ਰਹੀ ਹੈ। ਸੁਰੱਖਿਆ ਬਲਾਂ ਦੀਆਂ 15 ਕੰਪਨੀਆਂ ਪਹਿਲਾਂ ਹੀ ਟਿਕਰੀ ਸਰਹੱਦ ‘ਤੇ ਤਾਇਨਾਤ ਹਨ।