National News : ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਰਿਟਾਇਰ ਹੋਣ ਤੋਂ ਬਾਅਦ ਆਪਣੀ ਪੈਨਸ਼ਨ ਜਾਂ ਸਰਕਾਰੀ ਬਕਾਏ ਦੀ ਉਡੀਕ ਕਰ ਰਹੇ ਹੋ ਤਾਂ ਕੇਂਦਰ ਸਰਕਾਰ ਦੇ ਇਹ ਨਵੇਂ ਨਿਰਦੇਸ਼ ਤੁਹਾਡੇ ਲਈ ਜਾਣਨੇ ਬੇਹੱਦ ਜ਼ਰੂਰੀ ਨੇ। ਦਰਅਸਲ, ਕਈ ਵਾਰ ਅਜਿਹਾ ਹੁੰਦਾ ਹੈ ਕਿ ਮੁਲਾਜ਼ਮ ਦੇ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਦੀ ਫਾਈਲ ਲੇਖਾ ਅਧਿਕਾਰੀ ਕੋਲ ਭੇਜ ਦਿੱਤੀ ਜਾਂਦੀ ਹੈ, ਪਰ ਬਾਅਦ ਵਿੱਚ ਕੋਈ ਹੋਰ ਸਰਕਾਰੀ ਬਕਾਇਆ ਸਾਹਮਣੇ ਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਹੁਣ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨੀ ਪਵੇਗੀ। ਦਰਅਸਲ, ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਵੱਲੋਂ 24 ਅਕਤੂਬਰ 2026 ਨੂੰ ਇੱਕ ਦਫ਼ਤਰੀ ਮੈਮੋਰੰਡਮ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਪੈਨਸ਼ਨ ਨਾਲ ਸਬੰਧਤ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਨਵੇਂ ਨਿਰਦੇਸ਼ਾਂ ਮੁਤਾਬਕ ਜੇਕਰ ਪੈਨਸ਼ਨ ਦੇ ਦਸਤਾਵੇਜ਼ ਲੇਖਾ ਅਧਿਕਾਰੀ ਕੋਲ ਭੇਜਣ ਤੋਂ ਬਾਅਦ ਕਿਸੇ ਮੁਲਾਜ਼ਮ ਦਾ ਕੋਈ ਵਾਧੂ ਸਰਕਾਰੀ ਬਕਾਇਆ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਲੇਖਾ ਅਧਿਕਾਰੀ ਨੂੰ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਮੋਗਾ ਰੈਲੀ ਅਤੇ ED ਦੇ ਸੰਮਨ ਵਿਚਾਲੇ ਫਸੀ ਵਿਧਾਇਕਾ, ਡਾ. ਅਮਨਦੀਪ ਕੌਰ ਅਰੋੜਾ ਨੇ ਮੰਗੀ ਮੋਹਲਤ!
ਮਤਲਬ ਜੇਕਰ ਕਿਸੇ ਰਿਟਾਇਰ ਮੁਲਾਜ਼ਮ ਦਾ ਕੋਈ ਬਕਾਇਆ ਪਹਿਲਾਂ ਰਿਕਾਰਡ ਵਿੱਚ ਸ਼ਾਮਲ ਨਹੀਂ ਹੋ ਸਕਿਆ ਅਤੇ ਬਾਅਦ ਵਿੱਚ ਉਸ ਦਾ ਪਤਾ ਲੱਗਦਾ ਹੈ ਤਾਂ ਸਬੰਧਤ ਵਿਭਾਗ ਦੇ ਮੁਖੀ ਨੂੰ ਇਸ ਦੀ ਜਾਣਕਾਰੀ ਲੇਖਾ ਅਧਿਕਾਰੀ ਤੱਕ ਪਹੁੰਚਾਉਣੀ ਪਵੇਗੀ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਪੈਨਸ਼ਨ ਨਾਲ ਜੁੜੇ ਰਿਕਾਰਡ ਵਿੱਚ ਕੋਈ ਵੀ ਵਾਧੂ ਸਰਕਾਰੀ ਬਕਾਇਆ ਛੁੱਟ ਨਾ ਜਾਵੇ।ਹੁਣ ਸਭ ਤੋਂ ਅਹਿਮ ਸਵਾਲ ਕਿ ਕੀ ਇਸ ਨਵੇਂ ਹੁਕਮ ਤੋਂ ਬਾਅਦ ਪੈਨਸ਼ਨਰਾਂ ਨੂੰ ਕੋਈ ਨਵਾਂ ਫਾਰਮ ਭਰਨਾ ਪਵੇਗਾ? ਤਾਂ ਜਾਣਕਾਰੀ ਮੁਤਾਬਕ ਅਜਿਹਾ ਨਹੀਂ ਹੈ। ਪੈਨਸ਼ਨਰਾਂ ਲਈ ਕੋਈ ਨਵੀਂ ਪ੍ਰਕਿਰਿਆ ਜਾਂ ਵੱਖਰਾ ਫਾਰਮ ਸ਼ੁਰੂ ਨਹੀਂ ਕੀਤਾ ਗਿਆ। ਵਾਧੂ ਬਕਾਏ ਦੀ ਜਾਣਕਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਦਿੱਤੀ ਜਾਵੇਗੀ। ਕੁੱਲ ਮਿਲਾ ਕੇ ਕੇਂਦਰ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਦਾ ਮਕਸਦ ਪੈਨਸ਼ਨ ਨਾਲ ਜੁੜੇ ਬਕਾਏ ਦਾ ਰਿਕਾਰਡ ਸਹੀ ਰੱਖਣਾ ਅਤੇ ਵਿਭਾਗੀ ਪੱਧਰ ‘ਤੇ ਹੋਣ ਵਾਲੀ ਦੇਰੀ ਨੂੰ ਰੋਕਣਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

