ਨਵੇਂ ਬਣੇ ਹਾਊਸਿੰਗ ਮੰਤਰੀ ਨੇ ਕੈਨੇਡਾ ‘ਚ ਸਸਤੇ ਮਕਾਨ ਬਣਾਉਣ ਦਾ ਦੱਸਿਆ ਇੱਕੋ-ਇੱਕ ਹੱਲ

Global Team
2 Min Read

ਓਟਵਾ: ਕੈਨੇਡੀਅਨ ਆਰਥਿਕ ਮਾਹਰਾਂ ਵੱਲੋਂ ਮਹਿੰਗਾਈ ਅਤੇ ਘਰਾਂ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਵਾਸਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਉਲਟ ਨਵੇਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਰਾਹੀਂ ਕਿਵਾਇਤੀ ਦਰਾਂ ‘ਤੇ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕਦੀ ਹੈ। ਇੰਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਸ਼ੌਨ ਫਰੇਜ਼ਰ ਨੇ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਹਿਲੀ ਇੰਟਰਵਿਊ ਦੌਰਾਨ ਕਿਹਾ ਕਿ ਨਵੇਂ ਪਰਵਾਸੀਆਂ ਵਾਸਤੇ ਦਰਵਾਜ਼ੇ ਬੰਦ ਕਰਨਾ, ਸਮੱਸਿਆ ਦਾ ਹੱਲ ਨਹੀਂ ਅਤੇ ਇਸ ਦੀ ਬਜਾਏ ਨਵੇਂ ਮਕਾਨਾਂ ਦੀ ਵੱਧ ਤੋਂ ਵੱਧ ਉਸਾਰੀ ‘ਤੇ ਜ਼ੋਰ ਦੇਣਾ ਹੋਵੇਗਾ।

ਸ਼ੌਨ ਫਰੇਜ਼ਰ ਨੂੰ ਅਜਿਹੇ ਸਮੇਂ ਹਾਊਸਿੰਗ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਹੈ ਜਦੋਂ ਦੇਸ਼ ਸਸਤੇ ਮਕਾਨਾਂ ਦੀ ਉਪਲਬਧਤਾ ਵਾਸਤੇ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਬਤੌਰ ਇੰਮੀਗ੍ਰੇਸ਼ਨ ਮੰਤਰੀ ਜਦੋਂ ਉਹ ਡਿਵੈਲਪਰਾਂ ਨਾਲ ਗੱਲ ਕਰਦੇ ਸਨ ਤਾਂ ਇਕੋ ਜਵਾਬ ਮਿਲਦਾ ਸੀ ਕਿ ਲੇਬਰ ਦੀ ਕਮੀ ਕਾਰਨ ਪ੍ਰੋਜੈਕਟ ਪੂਰੇ ਕਰਨੇ ਮੁਸ਼ਕਲ ਹੋ ਰਹੇ ਹਨ। ਨਵੇਂ ਕਿਰਤੀਆਂ ਦੀ ਆਮਦ ਨਾਲ ਨਵੇਂ ਮਕਾਨਾਂ ਦੀ ਤੇਜ਼ੀ ਨਾਲ ਉਸਾਰੀ ਸੰਭਵ ਹੋ ਸਕੇਗੀ ਅਤੇ ਰਿਹਾਇਸ਼ ਦਾ ਸੰਕਟ ਦੂਰ ਕੀਤਾ ਜਾ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਸੜਕਾਂ ਅਤੇ ਹੋਰ ਸਹੂਲਤਾਂ ਪਹਿਲਾਂ ਹੀ ਮੌਜੂਦ ਹਨ ਅਤੇ ਸਿਰਫ ਮਕਾਨ ਉਸਾਰੇ ਜਾਣ ਦੀ ਜ਼ਰੂਰਤ ਹੈ ਜਿਸ ਰਾਹੀਂ ਸਰਕਾਰ ਵੱਲੋਂ ਖਰਚ ਹਰ ਡਾਲਰ ਦਾ ਮੁੱਲ ਮੁੜੇਗਾ।

ਇਥੇ ਦੱਸਣਾ ਬਣਦਾ ਹੈ ਕਿ 2021 ਤੋਂ ਹਾਊਸਿੰਗ ਮੰਤਰਾਲਾ ਅਹਿਮਦ ਹੁਸੈਨ ਕੋਲ ਸੀ ਪਰ ਰਿਹਾਇਸ਼ ਦੇ ਸੰਕਟ ਨਾਲ ਨਜਿੱਠਣ ਵਾਸਤੇ ਉਨ੍ਹਾਂ ਵੱਲੋਂ ਅਸਰਦਾਰ ਕਦਮ ਨਹੀਂ ਉਠਾਏ ਗਏ। ਸੰਭਾਵਤ ਤੌਰ ‘ਤੇ ਇਸੇ ਕਰ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਮੰਤਰਾਲਾ ਸ਼ੌਨ ਫਰੇਜ਼ਰ ਦੇ ਸਪੁਰਦ ਕੀਤਾ ਗਿਆ ਹੈ। ਜ਼ੋਨ ਫਰੇਜ਼ਰ ਨੇ ਮੰਨਿਆ ਕਿ ਕਿਫ਼ਾਇਤੀ ਦਰਾਂ ‘ਤੇ ਮਕਾਨ ਹਾਸਲ ਕਰਨਾ ਨੌਜਵਾਨ ਕੈਨੇਡੀਅਨਜ਼ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਪਰ ਘੱਟ ਆਮਦਨ ਵਾਲੇ ਪਰਿਵਾਰਾਂ ਵਾਸਤੇ ਵੀ ਮੁਸ਼ਕਲਾਂ ਘੱਟ ਨਹੀਂ। ਕਿਸੇ ਵੀ ਸਮੱਸਿਆ ਦਾ ਸੌਖਾ ਹੱਲ ਨਹੀਂ ਹੁੰਦਾ ਅਤੇ ਸਾਨੂੰ ਲਗਾਤਾਰ ਯਤਨ ਜਾਰੀ ਰੱਖਣੇ ਹੋਣਗੇ। ਉਧਰ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ 2030 ਤੱਕ ਮੁਲਕ ‘ 35 ਲੱਖ ਨਵੇਂ ਘਰਾਂ ਦੀ ਜ਼ਰੂਰਤ ਹੋਵੇਗੀ।

Share This Article
Leave a Comment