ਚੰਡੀਗੜ੍ਹ :ਪੰਜਾਬ ਵਿੱਚ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾਨ ਨੇ ਦੱਸਿਆ ਕਿ ਸੈਸ਼ਨ ਦਾ ਸਮਾਂ 15 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਇਸ ਮੌਕੇ ਵਿਧਾਨ ਸਭਾ ਵਿੱਚ ਬੀਬੀਐਮਬੀ ਤੋਂ ਸੀਆਈਐਸਐਫ ਨੂੰ ਹਟਾਉਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ, ਲੈਂਡ ਪੂਲਿੰਗ ਅਤੇ ਨਸ਼ਾਖੋਰੀ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ।
ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2022 ਤਕ ਪੰਜਾਬ ਵਿਚ ਬ੍ਰੇਨ ਡਰੇਨ ਅਪਣੇ ਸਿਖਰ ’ਤੇ ਸੀ। ਜੋ ਬੱਚੇ ਯੋਗ ਸਨ ਉਹ ਵਿਦੇਸ਼ ਜਾਂਦੇ ਸਨ, ਅਤੇ ਲੋੜਵੰਦ ਬੱਚਿਆਂ ਦੇ ਵਜ਼ੀਫ਼ੇ ਵੀ ਹੜੱਪ ਲਏ ਜਾਂਦੇ ਸਨ ਪਰ ਜਦੋਂ ਤੋਂ ਸਾਡੀ ਸਰਕਾਰ ਆਈ, ਤਾਂ ਅਸੀਂ ਸਥਿਤੀ ਨੂੰ ਸੁਧਾਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੇ ਐਸ.ਸੀ. ਬੱਚਿਆਂ ਨੂੰ ਸਮੇਂ ਸਿਰ ਸਕਾਲਰਸ਼ਿਪ ਮਿਲ ਰਹੀ ਹੈ ਅਤੇ ਸਾਰੀਆਂ ਯੂਨੀਵਰਸਿਟੀਆਂ ਨੂੰ ਸਮੇਂ ਸਿਰ ਗ੍ਰਾਂਟਾਂ ਮਿਲ ਰਹੀਆਂ ਹਨ।
ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਅਜਨਾਲਾ, ਬਰਨਾਲਾ ਅਤੇ ਕੀਰਤਪੁਰ ਸਾਹਿਬ ਸਮੇਤ ਕਈ ਇਲਾਕਿਆਂ ਵਿੱਚ ਨਵੇਂ ਸਰਕਾਰੀ ਕਾਲਜ ਖੋਲ੍ਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਆ ਰਹੇ ਹਨ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਬਿਹਤਰ ਮੌਕੇ ਮਿਲ ਸਕਣ।
ਉਨ੍ਹਾਂ ਕਿਹਾ ਕਿ ਹੁਣ ਸਾਰੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਮੇਂ ਸਿਰ ਵਜ਼ੀਫ਼ੇ ਮਿਲ ਰਹੇ ਹਨ ਅਤੇ ਸਾਰੀਆਂ ਯੂਨੀਵਰਸਿਟੀਆਂ ਨੂੰ ਸਮੇਂ ਸਿਰ ਗ੍ਰਾਂਟਾਂ ਮਿਲ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕੋਈ ਵੀ ਗੈਸਟ ਫੈਕਲਟੀ ਆਪਣੀ ਨੌਕਰੀ ਨਹੀਂ ਗੁਆਏਗਾ। ਸਰਕਾਰ ਨੇ ਨਵੇਂ ਕੋਰਸ ਸ਼ੁਰੂ ਕੀਤੇ ਹਨ, ਜਿਨ੍ਹਾਂ ਦੀ ਬਾਜ਼ਾਰ ਵਿੱਚ ਚੰਗੀ ਮੰਗ ਹੈ, ਤਾਂ ਜੋ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਦੇ ਮੌਕੇ ਮਿਲ ਸਕਣ। ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਦੋ ਨਵੀਆਂ ਯੂਨੀਵਰਸਿਟੀਆਂ ਦਾ ਮਤਾ ਵੀ ਲਿਆਂਦਾ ਗਿਆ ਜਿਸ ਤੋਂ ਬਾਅਦ ਪੰਜਾਬ ਵਿੱਚ ਦੋ ਨਵੀਆਂ ਯੂਨੀਵਰਸਿਟੀਆਂ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ, ਸੂਬੇ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ 17 ਤੋਂ ਵਧ ਕੇ 19 ਹੋ ਜਾਵੇਗੀ।