-ਸੁਬੇਗ ਸਿੰਘ,ਸੰਗਰੂਰ;
ਜਦੋਂ ਤੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਨ੍ਹਾਂ ਬਾਰੇ ਬੜੀਆਂ ਹੀ ਕਿਆਸਰਾਈਆਂ ਲੱਗ ਰਹੀਆਂ ਸਨ, ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਯੋਗ ਹੀ ਨਹੀਂ ਹਨ। ਉਨ੍ਹਾਂ ਤੋਂ ਇਹ ਅਹੁਦਾ ਕਿਸੇ ਵੀ ਹਾਲਤ ‘ਚ ਸੰਭਾਲਿਆ ਨਹੀਂ ਜਾਣਾ। ਉਹ ਤਾਂ ਨਵਜੋਤ ਸਿੰਘ ਸਿੱਧੂ ਜਾਂ ਹੋਰ ਲੀਡਰਾਂ ਜਾਂ ਮੰਤਰੀਆਂ ਦੀ ਕਠਪੁਤਲੀ ਬਣ ਕੇ ਰਹਿ ਜਾਣਗੇ। ਪਰ ਹੁਣ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਲੋਕਾਂ ‘ਚ ਚੰਗੀ ਭੱਲ ਬਨਾਉਣ ਦੇ ਨਾਲ ਨਾਲ ਆਪਣੀ ਪੂਰੀ ਮਨਮਰਜੀ ਦੇ ਨਾਲ ਮੰਤਰੀ ਮੰਡਲ ਬਣਾ ਕੇ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਅਤੇ ਹੋਰ ਸੰਵਿਧਾਨਕ ਅਹੁਦਿਆਂ ਤੇ ਬਿਨਾਂ ਕਿਸੇ ਦਬਾਅ ਦੇ ਆਪਣੀ ਮਨਮਰਜੀ ਦੇ ਅਫਸਰ (ਸਿਵਾਏ ਦੋ ਵਿਵਾਦਿਤ ਅਫਸਰ) ਲਗਾ ਕੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਆਉਣ ਵਾਲੇ ਸਮੇਂ ‘ਚ ਇੱਕ ਯੋਗ ਤੇ ਕੁਸ਼ਲ ਮੁੱਖ ਮੰਤਰੀ ਸਾਬਤ ਹੋਣਗੇ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਵੀ ਸਹਿਮਤ ਕਰਕੇ ਚੱਲ ਰਹੇ ਹਨ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨੇ ਮੌਜੂਦਾ ਹਾਲਾਤ ਤੋਂ ਮਜਬੂਰ ਹੋ ਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਉਹ ਮਾਮਲਾ ਵੀ ਨਿਬੇੜ ਲਿਆ ਗਿਆ ਹੈ।
ਇਸਦੇ ਨਾਲ ਹੀ ਇਸ ਨਾਟਕ ਦਾ ਇੱਕ ਬੜਾ ਹੀ ਪ੍ਰਭਾਵਸ਼ਾਲੀ ਪਾਤਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੇ ਬਿਨਾਂ ਇਹ ਨਾਟਕ ਅਧੂਰਾ ਹੀ ਸਮਝਿਆ ਜਾਵੇਗਾ। ਭਾਵੇਂ ਸਮੇਂ 2 ‘ਤੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਤੇ ਹੋਰ ਸਿਆਸੀ ਵਿਰੋਧੀਆਂ ਨਾਲ ਅੰਦਰਖਾਤੇ ਮਿਲੇ ਹੋਣ ਦੀਆਂ ਕਨਸੋਆਂ ਲੱਗ ਰਹੀਆਂ ਸਨ। ਪਰ ਹੁਣ ਤਾਂ ਇਹ ਗੱਲ ਜੱਗ ਜ਼ਾਹਿਰ ਹੋ ਗਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਬਿਲਕੁਲ ਹੀ ਸੱਚ ਹੁੰਦੀ ਪ੍ਰਤੀਤ ਹੋ ਰਹੀ ਹੈ।
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਤਾਂ ਉਨ੍ਹਾਂ ਨੇ ਬੜੇ ਜੋਰ ਸ਼ੋਰ ਨਾਲ ਦੋ ਬਿਆਨ ਦਾਗੇ ਸਨ। ਇੱਕ ਤਾਂ ਇਹ, ਕਿ ਉਹ ਸਿੱਧੂ ਨੂੰ ਕਿਸੇ ਵੀ ਕੀਮਤ ਤੇ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਦੂਸਰਾ ਉਨ੍ਹਾਂ ਕੋਲ ਆਉਣ ਵਾਲੇ ਸਮੇਂ ‘ਚ ਰਾਜਨੀਤਕ ਤੌਰ ‘ਤੇ ਕਈ ਤਰ੍ਹਾਂ ਦੇ ਵਿਕਲਪ ਹਨ। ਕਹਿਣ ਤੋਂ ਭਾਵ ਇਹ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਰਾਜਨੀਤਕ ਪਾਰਟੀ ‘ਚ ਕਿਸੇ ਵੇਲੇ ਵੀ ਜਾ ਸਕਦੇ ਹਨ। ਇਨ੍ਹਾਂ ਦੋਵਾਂ ਗੱਲਾਂ ਨੇ ਪੰਜਾਬ ਦੇ ਲੋਕਾਂ ਦਾ ਧਿਆਨ ਖਿੱਚਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਬੜੇ ਸੁਲਝੇ ਹੋਏ ਘਾਗ ਸਿਆਸਤਦਾਨ ਵੀ ਤਾਂ ਹਨ।
ਅਜੋਕੇ ਹਾਲਾਤ ਤੋਂ ਤਾਂ ਬਿਲਕੁਲ ਹੀ ਇਉਂ ਮਹਿਸੂਸ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ‘ਚ ਸੱਚਮੁੱਚ ਹੀ ਕਾਂਗਰਸ ਪਾਰਟੀ ਲਈ ਕੋਈ ਨਾ ਕੋਈ ਬਿਪਤਾ ਖੜ੍ਹੀ ਕਰਨ ਵਾਲੇ ਹਨ। ਉਨ੍ਹਾਂ ਦੀ ਦਿੱਲੀ ਫੇਰੀ ਤੇ ਉਨ੍ਹਾਂ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਕੋਈ ਸੁੱਖ ਹੱਥਾ ਕੰਮ ਨਹੀਂ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ,ਕਿ ਉਹ ਤਾਂ ਅਮਿੱਤ ਸ਼ਾਹ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਬਾਰੇ ਮਿਲੇ ਸਨ। ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਗੱਲ,ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਹੈ, ਸਗੋਂ ਕੈਪਟਨ ਅਮਰਿੰਦਰ ਸਿੰਘ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਕਹਾਣੀ ‘ਚ ਕੁੱਝ ਹੋਰ ਹੀ ਘਾਲਾ ਮਾਲਾ ਹੋਣ ਦੀ ਗੱਲ ਜਾਪ ਰਹੀ ਹੈ।
ਇਸ ਤੋਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਪੂਰੀ ਗੇਮ ਪਲਾਨ ਮੁਕੰਮਲ ਹੋ ਚੁੱਕੀ ਹੋਵੇ। ਪਿਛਲੇ ਦਿਨਾਂ ਤੋਂ ਮੀਡੀਆ ਰਾਹੀਂ ਮਿਲ ਰਹੀ ਜਾਣਕਾਰੀ ਤੋਂ ਤਾਂ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ‘ਚ,ਕੋਈ ਉੱਚ ਅਹੁਦਾ ਦੇਣ ਜਾ ਰਹੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਭਾਜਪਾ ਕੈਪਟਨ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਕਰਕੇ ਖੇਤੀ ਬਿਲਾਂ ਨੂੰ ਵਾਪਸ ਕਰਨ ਦੀ ਸੋਚ ਰਹੀ ਹੈ। ਖੇਤੀ ਸਵੰਧੀ ਬਿਲਾਂ ਦੇ ਵਿਰੋਧ ਨੇ ਕੇਂਦਰ ਤੇ ਭਾਜਪਾ ਦੋਨਾਂ ਦੀ ਹੀ ਕਿਰਕਿਰੀ ਕਰ ਦਿੱਤੀ ਹੈ।
ਪੰਜਾਬ ਸਮੇਤ ਅਗਲੇ ਸਾਲ 2022 ‘ਚ ਪੰਜ ਸੂਬਿਆਂ ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਖੇਤੀ ਬਿਲਾਂ ਦੇ ਸੰਕਟ ਦੇ ਚੱਲਦਿਆਂ, ਭਾਜਪਾ ਲਈ ਇਹ ਚੋਣਾਂ ਜਿੱਤਣੀਆਂ ਸ਼ੇਰ ਦੇ ਮੂੰਹ ‘ਚੋਂ ਮਾਸ ਖੋਹਣ ਦੇ ਬਰਾਬਰ ਹੈ। ਦੂਸਰਾ ਪੰਜਾਬ ਦੇ ਅਫਰਾ ਤਫਰੀ ਦੇ ਮਹੌਲ ਅਤੇ ਕਾਂਗਰਸ ਦੀ ਫੁੱਟ ਦੇ ਕਾਰਨ, ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੰਜਾਬ ‘ਚ ਭਾਜਪਾ ਦੀ ਸਰਕਾਰ ਬਨਾਉਣ ਦੇ ਚੱਕਰ ‘ਚ ਕਾਹਲੀ ਹੋਈ ਲੱਗ ਰਹੀ ਹੈ।
ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਭਾਜਪਾ ਅਜਿਹਾ ਕਰਕੇ ਆਪਣੇ ਅਜਿਹੇ ਮਨਸੂਬਿਆਂ ‘ਚ ਕਾਮਯਾਬ ਹੋ ਜਾਵੇਗੀ। ਦੂਸਰੀ ਸਭ ਤੋਂ ਵੱਡੀ ਗੱਲ ਨਵਜੋਤ ਸਿੱਧੂ ਬਾਰੇ ਵੀ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਅਜਿਹਾ ਕਿਹੜਾ ਕੰਮ ਕਰ ਦਿੱਤਾ ਹੈ ਕਿ ਨਵਜੋਤ ਸਿੱਧੂ ਨੂੰ ਐਨਾ ਜਲਦੀ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਭਾਵੇਂ ਇਹ ਗੱਲ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਜਰੂਰ ਹੈ ਕਿ ਪਿਆਰ ਤੇ ਰਾਜਨੀਤੀ ਵਿੱਚ ਸਭ ਕੁੱਝ ਜਾਇਜ ਹੈ। ਪਰ ਫੇਰ ਵੀ ਉਂਝ ਇਹ ਗੱਲ ਸੋਚਣ ਲਈ ਮਜਬੂਰ ਜਰੂਰ ਕਰਦੀ ਹੈ ਕਿ ਆਖਿਰ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ! !
ਸੰਪਰਕ: 93169 10402