ਵਰਸਡ ਡੈਸਕ – ਇਜ਼ਰਾਈਲ ’ਚ ਪਿਛਲੇ ਦੋ ਸਾਲਾਂ ਦੇ ਅੰਦਰ ਰਾਜਨੀਤਿਕ ਅਸਥਿਰਤਾ ਦੇ ਕਾਰਨ ਚੌਥੀ ਵਾਰ ਚੋਣਾਂ ’ਚ ਰੁਕਾਵਟ ਦਿਖਾਈ ਦੇ ਰਹੀ ਹੈ। ਬੀਤੇ ਬੁੱਧਵਾਰ ਨੂੰ 90 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਵਿੱਖ ਅਜੇ ਵੀ ਅਨਿਸ਼ਚਿਤਤਾ ਨਾਲ ਘਿਰਿਆ ਹੋਇਆ ਹੈ। ਇਸ ਕਾਰਨ ਪੰਜਵੀਂ ਚੋਣ ਦੀ ਸੰਭਾਵਨਾ ਵੱਧ ਗਈ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਨੇਤਨਯਾਹੂ ਦਾ ਗੱਠਜੋੜ 59 ਸੀਟਾਂ ਹੀ ਹਾਸਲ ਕਰ ਸਕੇਗਾ, ਜੋ ਬਹੁਮਤ ਤੋਂ 2ਘੱਟ ਹਨ।
ਇਸਤੋਂ ਇਲਾਵਾ ਚੋਣ ’ਚ 71 ਸਾਲਾ ਪ੍ਰਧਾਨਮੰਤਰੀ ਨੇਤਨਯਾਹੂ ਦੀ ਲਿਕੁਡ ਪਾਰਟੀ 30 ਸੀਟਾਂ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਪਰ ਉਸ ਦਾ ਦੱਖਣਪੰਥੀ ਦਾ ਗੱਠਜੋੜ 120 ਮੈਂਬਰੀ ਸੰਸਦ ’ਚ 61 ਮੈਂਬਰਾਂ ਦੀ ਲੋੜੀਂਦੀ ਬਹੁਮਤ ਪ੍ਰਾਪਤ ਕਰਦਾ ਪ੍ਰਤੀਤ ਨਹੀਂ ਹੁੰਦਾ।
ਦੱਸ ਦਈਏ ਬੀਤੇ ਮੰਗਲਵਾਰ ਨੂੰ ਵੋਟਿੰਗ ਦੀ ਸਮਾਪਤੀ ਤੋਂ ਬਾਅਦ ਜਲਦੀ ਜਾਰੀ ਕੀਤੀ ਗਈ ਐਗਜ਼ਿਟ ਪੋਲ ’ਚ ਇਹ ਵੀ ਸੰਕੇਤ ਦਿੱਤਾ ਗਿਆ ਸੀ ਕਿ ਨੇਤਨਯਾਹੂ ਸਰਕਾਰ ਬਣਾਉਣ ਲਈ ਲੋੜੀਂਦੀਆਂ ਸੀਟਾਂ ਨਹੀਂ ਜੁਟਾ ਸਕਣਗੇ। ਬੀਤੇ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ’ਚ ਰਾਜਨੀਤਿਕ ਸਮੀਕਰਣ ਹੋਰ ਗੰਭੀਰ ਹੋ ਗਿਆ ਜਦੋਂ ਇਸਲਾਮਿਕ ਯੂਨਾਈਟਿਡ ਅਰਬ ਪਾਰਟੀ (ਯੂ.ਏ.ਐਲ.) ਨੇ ਵੀ ਕੁਝ ਵੋਟਾਂ ਹਾਸਲ ਕੀਤੀਆਂ। ਇਸ ਨਾਲ ਨੇਤਨਯਾਹੂ ਕਮਜ਼ੋਰ ਹੋ ਗਏ। ਹਾਲਾਂਕਿ ਨੇਤਨਯਾਹੂ ਨੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਵੱਡੀ ਜਿੱਤ ਦਾ ਦਾਅਵਾ ਕੀਤਾ, ਪਰ ਉਹ ਇਸ ਦਾ ਐਲਾਨ ਨਹੀਂ ਕਰ ਸਕੇ।