ਨਿਊਜ਼ ਡੈਸਕ: ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ Nestlé India ਦੇ ਬੇਬੀ ਫੂਡ ਉਤਪਾਦਾਂ ਵਿਰੁੱਧ ਕਾਰਵਾਈ ਕੀਤੀ ਹੈ। ਫੂਡ ਸੇਫ਼ਟੀ ਅਥਾਰਟੀ ਨੇ ਈ-ਕਾਮਰਸ ਪਲੇਟਫਾਰਮਾਂ ’ਤੇ ਉਪਲਬਧ ਨੈਨ ਐਕਸੈਲਾ ਪ੍ਰੋ ਸਟੇਜ 1 (NAN Excella Pro Stage 1), ਲੈਕਟੋਜਨ ਪ੍ਰੋ 1 (Lactogen Pro 1) ਅਤੇ ਇੱਕ ਹੋਰ ਫੋਲੋ-ਅੱਪ ਫਾਰਮੂਲੇ ਦੇ ਪ੍ਰਚਾਰ ਅਤੇ ਸਮੱਗਰੀ ਦੀ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ ਹੈ। FSSAI ਨੇ ਇਨ੍ਹਾਂ ਉਤਪਾਦਾਂ ਦੀ ਮਸ਼ਹੂਰੀ ਅਤੇ ਉਨ੍ਹਾਂ ਵਿੱਚ ਮੌਜੂਦ ਪੌਸ਼ਟਿਕ ਤੱਤ ਦੀ ਮਾਤਰਾ ਵਿੱਚ ਬੇਨਿਯਮੀਆਂ ਪਾਈਆਂ ਹਨ।
FSSAI ਅਨੁਸਾਰ, ਨੈਨ ਐਕਸੈਲਾ ਪ੍ਰੋ ਸਟੇਜ 1 ਦੇ ਇਸ਼ਤਿਹਾਰਾਂ ਵਿੱਚ 5HMOs ਅਤੇ ਵੇਅ ਪ੍ਰੋਟੀਨ (Whey Protein) ਨੂੰ ਲੈ ਕੇ ਕੀਤੇ ਗਏ ਦਾਅਵਿਆਂ ‘ਤੇ ਸਵਾਲ ਚੁੱਕੇ ਗਏ ਹਨ। ਲੈਕਟੋਜਨ ਪ੍ਰੋ 1 ਵਿੱਚ ਵੇਅ ਪ੍ਰੋਟੀਨ ਨੂੰ ਪਚਾਉਣ ’ਚ ਆਸਾਨ ਦੱਸਣ ਵਾਲੇ ਦਾਅਵੇ ਨੂੰ ਨਿਯਮਾਂ ਦੇ ਉਲਟ ਪਾਇਆ ਗਿਆ ਹੈ। ਨਿਯਾਮਕ ਨੇ ਦੱਸਿਆ ਕਿ ਇਨ੍ਹਾਂ ਦਾਅਵਿਆਂ ਦੇ ਸਬੰਧ ਵਿੱਚ ਨੇਸਲੇ ਇੰਡੀਆ ਤੋਂ ਸਪੱਸ਼ਟੀਕਰਨ ਵੀ ਮੰਗਿਆ ਗਿਆ ਸੀ।

