ਨਿਊਜ਼ ਡੈਸਕ: ਨੇਪਾਲ ਵਿੱਚ ਜਾਰੀ ਪ੍ਰਦਰਸ਼ਨਾਂ ਦੇ ਵਿਚਕਾਰ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪ੍ਰਦਰਸ਼ਨਕਾਰੀਆਂ ਦੀ ਇੱਕ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਝਾਲਾਨਾਥ ਖਨਾਲ ਦੇ ਘਰ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਖਨਾਲ ਦੀ ਪਤਨੀ ਰਾਜਲਕਸ਼ਮੀ ਚਿੱਤਰਕਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਝੁਲਸ ਗਈ ਅਤੇ ਉਸ ਦੀ ਮੌਤ ਹੋ ਗਈ। ਇਹ ਘਟਨਾ ਦੱਲੂ ਸਥਿਤ ਉਨ੍ਹਾਂ ਦੇ ਨਿਵਾਸ ‘ਤੇ ਵਾਪਰੀ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਘਰ ਦੇ ਅੰਦਰ ਘੇਰ ਕੇ ਅੱਗ ਲਗਾਈ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੀ ਸੰਸਦ ਅਤੇ ਸੁਪਰੀਮ ਕੋਰਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।
ਇਲਾਜ ਦੌਰਾਨ ਮੌਤ
ਪਰਿਵਾਰਕ ਸੂਤਰਾਂ ਅਨੁਸਾਰ, ਰਾਜਲਕਸ਼ਮੀ ਨੂੰ ਗੰਭੀਰ ਹਾਲਤ ਵਿੱਚ ਕੀਰਤੀਪੁਰ ਬਰਨ ਹਸਪਤਾਲ ਲਿਜਾਇਆ ਗਿਆ ਸੀ, ਪਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਮੌਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਹੈ। ਸੋਮਵਾਰ ਤੋਂ ਸ਼ੁਰੂ ਹੋਏ ਜੇਨ-ਜ਼ੀ ਪ੍ਰਦਰਸ਼ਨ ਹੁਣ ਹੋਰ ਵੀ ਹਿੰਸਕ ਹੋ ਗਏ ਹਨ। ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਹਮਲੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਖਨਾਲ ਨੂੰ ਫੌਜ ਨੇ ਬਚਾਇਆ
ਸੀਪੀਐਨ (ਯੂਨੀਫਾਈਡ ਸੋਸ਼ਲਿਸਟ) ਦੇ ਆਗੂ ਨਰੇਸ਼ ਸ਼ਾਹੀ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਘਰ ਦੇ ਅੰਦਰ ਅੱਗ ਲਗਾਈ, ਜਿਸ ਕਾਰਨ ਰਾਜਲਕਸ਼ਮੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਸ਼ਾਹੀ ਦੇ ਅਨੁਸਾਰ, ਜਦੋਂ ਅੱਗ ਲਗਾਈ ਗਈ, ਉਹ ਆਪਣੇ ਪੁੱਤਰ ਨਿਰਭੀਕ ਖਨਾਲ ਨਾਲ ਘਰ ਵਿੱਚ ਸੀ। ਅੱਗ ਦੀ ਲਪੇਟ ‘ਚ ਆਉਣ ਤੋਂ ਬਾਅਦ, ਉਸ ਨੂੰ ਛਾਉਣੀ ਸਥਿਤ ਨੇਪਾਲੀ ਫੌਜ ਦੇ ਹਸਪਤਾਲ ਲਿਜਾਇਆ ਗਿਆ। ਸ਼ਾਹੀ ਨੇ ਦੱਸਿਆ ਕਿ ਉਹਨਾਂ ਦਾ ਇਲਾਜ ਆਈਸੀਯੂ ਵਿੱਚ ਹੋਇਆ, ਪਰ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ, ਜਿਸ ਕਾਰਨ ਉਹਨਾਂ ਨੂੰ ਕੀਰਤੀਪੁਰ ਹਸਪਤਾਲ ਤਬਦੀਲ ਕੀਤਾ ਗਿਆ। ਝਾਲਾਨਾਥ ਖਨਾਲ ਨੂੰ ਨੇਪਾਲੀ ਫੌਜ ਨੇ ਘਰ ਵਿੱਚ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਚਾ ਲਿਆ ਸੀ।
ਝਾਲਾਨਾਥ ਖਨਾਲ ਨੇਪਾਲ ਦੇ 35ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਅਤੇ ਫਰਵਰੀ 2011 ਤੋਂ ਅਗਸਤ 2011 ਤੱਕ ਉਨ੍ਹਾਂ ਨੇ ਇਹ ਅਹੁਦਾ ਸੰਭਾਲਿਆ। ਉਹ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਵੀ ਰਹੇ ਹਨ ਅਤੇ ਸੀਪੀਐਨ ਦੀ ਸੰਵਿਧਾਨ ਸਭਾ ਸੰਸਦੀ ਦਲ ਦੇ ਆਗੂ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।