ਮਹਾਂਮਾਰੀ ਦੇ ਟਾਕਰੇ ਲਈ ਸਾਵਧਾਨੀ ਜ਼ਰੂਰੀ! ਹੌਂਸਲੇ ਨਾਲ ਲੜੀ ਜਾਏਗੀ ਜੰਗ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

ਕੋਰੋਨਾਵਾਇਰਸ ਕਾਰਨ ਮਹਾਂਮਾਰੀ ਦਾ ਟਾਕਰਾ ਕਰ ਰਹੀ ਦੁਨੀਆ ਵਿੱਚ ਇਸ ਵੇਲੇ ਭਾਰਤ ਅਗਲੇ ਦਿਨਾਂ ਲਈ ਸਭ ਤੋਂ ਵੱਡੀ ਚੁਣੌਤੀ ਦੇ ਬੂਹੇ ‘ਤੇ ਖੜ੍ਹਾ ਹੈ। ਇਨ੍ਹਾਂ ਦਿਨਾਂ ਵਿੱਚ ਬਿਮਾਰ ਮਰੀਜ਼ਾਂ ਦੇ ਕੌਮੀ ਪੱਧਰ ਅਤੇ ਸੂਬਾਈ ਪੱਧਰ ਦੇ ਅੰਕੜੇ ਆ ਰਹੇ ਹਨ। ਇਹ ਅੰਕੜੇ ਵੀ ਸਵੇਰੇ ਹੋਰ ਹੁੰਦੇ ਹਨ ਅਤੇ ਸ਼ਾਮ ਵੇਲੇ ਤੱਕ ਹੋਰ ਹੋ ਜਾਂਦੇ ਹਨ। ਬਦਕਿਸਮਤੀ ਨਾਲ ਇਸ ਬਿਮਾਰੀ ਕਰਕੇ ਦੁਨੀਆ ਵਿੱਚ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਤਾਂ ਕੰਬਾ ਦੇਣ ਵਾਲੀ ਹੈ ਅਤੇ ਮਰੀਜ਼ਾਂ ਦੇ ਅੰਕੜੇ ਵੀ ਹਿਲਾ ਦੇਣ ਵਾਲੇ ਹਨ। ਭਾਰਤ ਦੇ ਸੂਬਿਆਂ ‘ਚ ਇਹ ਬਿਮਾਰੀ ਪੈਰ ਪਸਾਰ ਰਹੀ ਹੈ। ਬਹੁਤ ਦੇਰ ਨਾਲ ਕੌਮੀ ਅਤੇ ਸੂਬਾ ਪੱਧਰ ‘ਤੇ ਬਿਮਾਰੀ ਦੇ ਟਾਕਰੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਇਮਤਿਹਾਨ ਵੀ ਆਉਣ ਵਾਲੇ ਦਿਨਾਂ ਵਿੱਚ ਹੋਣ ਜਾ ਰਿਹਾ ਹੈ। ਪੂਰੇ ਦੇਸ਼ ਅੰਦਰ ਲਾਕਡਾਊਨ ਅਤੇ ਕਈ ਸੂਬਿਆਂ ਵਿੱਚ ਲੱਗੇ ਕਰਫਿਊ ਨੇ ਸਮਾਜਿਕ ਤੌਰ ‘ਤੇ ਮਨੁੱਖੀ ਸੰਪਰਕ ਕਿਸੇ ਹੱਦ ਤੱਕ ਤਾਂ ਤੋੜ ਦਿੱਤਾ ਹੈ ਪਰ ਜੋ ਕੁਝ ਲੋਕ ਪਹਿਲਾਂ ਹੀ ਆਪਣੇ ਨਾਲ ਲੈ ਕੇ ਚੱਲ ਰਹੇ ਹਨ, ਉਸ ਖਤਰੇ ਦਾ ਪਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਲੱਗੇਗਾ। ਰਾਜਸੀ ਨੇਤਾਵਾਂ ਦੀ ਨਸੀਹਤ, ਮਾਹਿਰਾਂ ਦੀ ਰਾਇ ਅਤੇ ਹੋਰ ਸਿਆਣਿਆਂ ਦੇ ਵਿਚਾਰਾਂ ਨਾਲ ਇੱਕ ਗੱਲ ਤਾਂ ਤੈਅ ਹੋ ਗਈ ਹੈ ਕਿ ਕੱਲ ਨੂੰ ਕੀ ਕੁਝ ਵਾਪਰ ਸਕਦਾ ਹੈ? ਇਸ ਸੁਆਲ ਦਾ ਜੁਆਬ ਕਿਸੇ ਕੋਲ ਨਹੀਂ ਹੈ। ਸਾਰੀਆਂ ਸਲਾਹਾਂ ਅਤੇ ਮਸ਼ਵਰੇ ਇਸ ਨਤੀਜੇ ‘ਤੇ ਵੀ ਪਹੁੰਚਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਸਾਵਧਾਨੀ ਅਤਿ ਜ਼ਰੂਰੀ ਹੈ। ਕਿਸੇ ਵੀ ਪੱਧਰ ‘ਤੇ ਅਣਗਹਿਲੀ ਲਈ ਕੋਈ ਥਾਂ ਨਹੀਂ ਹੈ। ਕਈ ਸਾਲ ਪਹਿਲਾਂ ਇੱਕ ਬਿਜਲੀ ਅਧਿਕਾਰੀ ਨੇ ਕਿਹਾ ਸੀ ਕਿ ਬਿਜਲੀ ਇੱਕ ਅਜਿਹੀ ਸੈਅ ਹੈ ਜਿੱਥੇ ‘ਸੌਰੀ’ ਸ਼ਬਦ ਲਈ ਕੋਈ ਥਾਂ ਨਹੀਂ। ਬਿਜਲੀ ਦੀ ਨੰਗੀ ਤਾਰ ਨੂੰ ਹੱਥ ਲਾਉਣ ਵਾਲੇ ਵਿਅਕਤੀ ਨੂੰ ‘ਸੌਰੀ’ ਕਹਿਣ ਦਾ ਮੌਕਾ ਹੀ ਨਹੀਂ ਮਿਲਦਾ। ਇਸੇ ਤਰ੍ਹਾਂ ਅਣਗਹਿਲੀ ਆਪਣੀ ਹੋਵੇ ਜਾਂ ਦੂਜੇ ਦੀ ਹੋਵੇ, ਬਚਣ ਦੀ ਜ਼ਰੂਰਤ ਹੈ। ਕਈ ਸਿਆਣਿਆਂ ਦੀ ਰਾਇ ਹੈ ਕਿ ਸਾਵਧਾਨੀ ਜ਼ਰੂਰੀ ਹੈ ਪਰ ਮੌਜੂਦਾ ਸਥਿਤੀ ਦਾ ਟਾਕਰਾ ਬੁਲੰਦ ਹੌਂਸਲੇ ਨਾਲ ਕਰਨ ਦੀ ਲੋੜ ਹੈ। ਜਿੰਨੀ ਜ਼ਿੰਦਗੀ ਬਚਾਉਣ ਲਈ ਸਾਵਧਾਨੀ ਜ਼ਰੂਰੀ ਹੈ, ਉਨ੍ਹਾਂ ਹੀ ਸਥਿਤੀ ਦਾ ਸਾਹਮਣਾ ਕਰਨ ਲਈ ਬੁਲੰਦ ਇਰਾਦਾ ਜ਼ਰੂਰੀ ਹੈ। ਇਸੇ ਕਰਕੇ ਕਈਆਂ ਨੇ ‘ਕੋਰੋਨਾਵਾਇਰਸ ਜੰਗ’ ਸ਼ਬਦ ਵਰਤਿਆ ਹੈ। ਘਰਾਂ ਵਿੱਚ ਬੈਠ ਕੇ ਸੁੰਨਸਾਨ ਗਲੀਆਂ ਵੱਲ ਤੱਕ ਕੇ ਨਿਰਾਸ਼ਤਾ ਦੇ ਆਲਮ ਵਿੱਚ ਜਾਣ ਨਾਲ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ। ਇਸ ਲੜਾਈ ਦਾ ਨਿਸ਼ਾਨਾ ਆਪਣੇ ਆਪ ਅਤੇ ਸਮਾਜ ਨੂੰ ਮਹਾਂਮਾਰੀ ਤੋਂ ਬਚਾਉਣਾ ਹੈ। ਇਸ ਲਈ ਮੀਡੀਆ, ਸਰਕਾਰਾਂ ਅਤੇ ਹੋਰਾਂ ਸਾਧਨਾਂ ਰਾਹੀਂ ਸੁਨੇਹੇ/ਚੇਤਾਵਨੀਆਂ ਦੇਣ ਵਾਲੇ ਲੋਕਾਂ ਨੂੰ ਸਾਵਧਾਨ ਤਾਂ ਠੀਕ ਕਰ ਰਹੇ ਹਨ ਪਰ ਦਹਿਸ਼ਤ ਦਾ ਮਾਹੌਲ ਇਸ ਲੜਾਈ ਨੂੰ ਕਮਜ਼ੋਰ ਕਰਦਾ ਹੈ। ਇਸ ਦੀਆਂ ਇਸ ਸਮੇਂ ਵਿੱਚ ਵੀ ਕਈ ਬਹੁਤ ਵਧੀਆਂ ਉਦਾਹਰਨਾਂ ਹਨ। ਪੰਜਾਬ ਅਤੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਵੱਖ-ਵੱਖ ਸਮਾਜਿਕ/ਧਾਰਮਿਕ ਜਥੇਬੰਦੀਆਂ ਸਹਿਯੋਗ ਕਰਕੇ ਲੋੜਵੰਦਾਂ/ਗਰੀਬਾਂ ਨੂੰ ਲੰਗਰ ਵਰਤਾ ਰਹੀਆਂ ਹਨ। ਲੰਗਰ ਵਰਤਾ ਰਹੇ ਲੋਕਾਂ ਦੇ ਹੌਂਸਲੇ ਵੀ ਬੁਲੰਦ ਹਨ। ਉਹ ਸਾਵਧਾਨੀ ਦੀ ਪਾਲਣਾ ਕਰਦੇ ਹੋਏ ਹਰ ਰੋਜ਼ ਹਜ਼ਾਰਾਂ ਗਰੀਬਾਂ ਨੂੰ ਕਤਾਰਾਂ ਵਿੱਚ ਬਿਠਾ ਕੇ ਲੰਗਰ ਛਕਾ ਰਹੇ ਹਨ। ਮਾਨਵਤਾ ਦੀ ਇਹ ਆਪਣੇ ਸਮਿਆਂ ਦੀ ਇੱਕ ਵੱਡੀ ਮਿਸਾਲ ਹੈ ਜਿੱਥੇ ਕਿ ਸੂਬੇ, ਧਰਮ ਅਤੇ ਜਾਤਪਾਤ ਦਾ ਭੇਦ ਨਾ ਕਰਦੇ ਹੋਏ ਸਭ ਲੋੜਵੰਦਾਂ ਦੀ ਭੁੱਖ ਮਟਾਈ ਜਾ ਰਹੀ ਹੈ।

             ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੁੜੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪੱਧਰ ‘ਤੇ ਹਿੰਮਤ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪਿੰਡ ਪੱਧਰ ‘ਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਇਲਾਕੇ ਦੇ ਉੱਘੇ ਸਮਾਜ-ਸੇਵੀ ਅਤੇ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪਿੰਡ ਪੱਧਰ ‘ਤੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਸਥਾਨਕ ਲੋਕ ਹੀ ਲੰਗਰ ਤਿਆਰ ਕਰਕੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਛਕਾਉਂਦੇ ਹਨ। ਇਸ ਲੰਗਰ ਦਾ ਪ੍ਰਬੰਧ ਵੀ ਪਿੰਡ ਪੱਧਰ ‘ਤੇ ਹੀ ਕੀਤਾ ਜਾਂਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਪੂਰਾ ਸਹਿਯੋਗ ਦਿੰਦਿਆਂ ਹਨ। ਸਥਾਨਕ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਪਰਿਵਾਰਾਂ ਕੋਲ ਰਾਸ਼ਨ ਨਹੀਂ ਹੈ। ਇਸ ਲਈ ਬਾਹਰੋਂ ਆਕੇ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਭੀੜ ਵੀ ਇੱਕਠੀ ਨਹੀਂ ਹੁੰਦੀ। ਪਿੰਡ ਨੂੰ ਇਕਾਈ ਦੇ ਤੌਰ ‘ਤੇ ਮੰਨ ਕੇ ਕੰਮ ਕੀਤਾ ਜਾ ਰਿਹਾ ਹੈ। ਜਕੇਰ ਕਿਸੇ ਘਰ ਵਿੱਚ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਹੈ ਜਾਂ ਰਸੋਈ ਦਾ ਗੈਸ ਸੈਲੰਡਰ ਖਤਮ ਹੋ ਗਿਆ ਹੈ ਤਾਂ ਪ੍ਰਸਾਸ਼ਨ ਦੀ ਮਦਦ ਨਾਲ ਪਾਸ ਬਣਾ ਕੇ ਦਿੱਤਾ ਜਾਂਦਾ ਹੈ।

             ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਚਾਇਤਾਂ/ਨਗਰ ਕੌਂਸਲਾ ਅਤੇ ਮਿਊਂਸੀਪਲ ਕਮੇਟੀਆਂ ਵੱਲੋਂ ਸਫਾਈ ਮੁਹਿੰਮ ਚਲਾਈ ਹੋਈ ਹੈ। ਸੜਕਾਂ/ਗਲੀਆਂ ਅਤੇ ਖਾਲੀ ਪਈਆਂ ਥਾਵਾਂ ‘ਤੇ ਸਪਰੇ ਕੀਤਾ ਜਾ ਰਿਹਾ ਹੈ ਤਾਂ ਜੋ ਬਿਮਾਰੀ ਨਾ ਫੈਲੇ। ਲਾਲਪੁਰਾ ਦਾ ਕਹਿਣਾ ਹੈ ਕਿ ਇਸ ਮੁਹਿੰਮ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਲੋਕਾਂ ਨੂੰ ਜੋੜ ਕੇ ਚੰਗੇ ਨਤੀਜੇ ਕੱਢੇ ਜਾ ਸਕਦੇ ਹਨ। ਆਮ ਤੌਰ ‘ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਹੁਣ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਸਾਵਧਾਨੀ ਵਰਤ ਰਹੇ ਹਨ। ਅਜੇ ਵੀ ਸ਼ਹਿਰਾਂ ਅਤੇ ਕਸਬਿਆਂ ਅੰਦਰ ਰਾਸ਼ਨ ਦੀਆਂ ਦੁਕਾਨਾਂ ਤੋਂ ਸਮਾਨ ਲੈਣ ਜਾਂ ਸਬਜ਼ੀਆਂ ਲੈਣ ਦਾ ਸਿਸਟਮ ਸਹੀ ਨਹੀਂ ਹੋ ਸਕਿਆ। ਕਈ ਥਾਂ ਲੋਕ ਵਧੇਰੇ ਇੱਕਠੇ ਹੋ ਜਾਂਦੇ ਹਨ ਅਤੇ ਬਿਮਾਰੀ ਲਈ ਖਤਰੇ ਦਾ ਕਾਰਨ ਬਣਦੇ ਹਨ। ਇਹ ਹੀ ਕਾਰਨ ਹੈ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਦੁਕਾਨਾਂ ‘ਤੇ ਜਾ ਕੇ ਰਾਸ਼ਨ ਲੈਣ ਲਈ ਕਰਫਿਊ ਵਿੱਚ ਦਿੱਤੀ ਢਿੱਲ ਦਾ ਵਿਰੋਧ ਕੀਤਾ ਹੈ। ਡਾਕਟਰਾਂ ਦੀ ਰਾਇ ਹੈ ਕਿ ਲੋਕਾਂ ਨੂੰ ਘਰਾਂ ਅੱਗੇ ਜਾ ਕੇ ਹੀ ਰਾਸ਼ਨ ਜਾਂ ਸਬਜ਼ੀਆਂ ਆਦਿ ਦੇਣ ਦਾ ਪ੍ਰਬੰਧ ਕੀਤਾ ਜਾਵੇ ਕਿਉਂ ਜੋ ਛੋਟੀ ਜਿਹੀ ਅਣਗਹਿਲੀ ਕਸਬੇ, ਸ਼ਹਿਰ ਅਤੇ ਸੂਬੇ ਦੇ ਲੋਕਾਂ ਲਈ ਵੱਡਾ ਖਤਰਾ ਖੜ੍ਹਾ ਕਰ ਸਕਦੀ ਹੈ। ਯੂ.ਟੀ. ਦੇ ਪ੍ਰਸਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੇ ਸ਼ਾਮੀ ਚੰਡੀਗੜ੍ਹ ਵਿੱਚ ਕਰਫਿਊ ਅੰਦਰ ਰਾਸ਼ਨ ਵਾਸਤੇ ਢਿੱਲ ਦੇਣ ਨੂੰ ਵਾਜਬ ਦੱਸਿਆ ਹੈ। ਰਾਜਪਾਲ ਦਾ ਕਹਿਣਾ ਹੈ ਕਿ ਮਨੁੱਖੀ ਸੰਪਰਕ ਦੀ ਦੂਰੀ ਬਣਾਏ ਰੱਖਣ ਦੀ ਪਾਲਣਾ ਕਰਦੇ ਹੋਏ ਲੋਕਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਨਰਮੀ ਦਿੱਤੀ ਗਈ ਹੈ ਪਰ ਮਹਾਂਮਾਰੀ ਜੰਗ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।

- Advertisement -

Share this Article
Leave a comment