NEET UG 2026 ਰੀ-ਏਗਜ਼ਾਮ ਦੀ ਤਾਰੀਖ ਦਾ ਐਲਾਨ, ਅਗਲੇ ਸੈਸ਼ਨ ਤੋਂ ਪ੍ਰੀਖਿਆ ਹੋਵੇਗੀ ਆਨਲਾਈਨ

Global Team
3 Min Read

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਅਗਲੇ ਸੈਸ਼ਨ ਤੋਂ NEET-UG ਦੀ ਪ੍ਰੀਖਿਆ ਆਨਲਾਈਨ ਮੋਡ ਵਿੱਚ ਕਰਵਾਈ ਜਾਵੇਗੀ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ 3 ਮਈ ਨੂੰ ਹੋਈ NEET-UG 2026 ਦੀ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ਨੂੰ ਮੰਤਰੀ ਨੇ ਵੀ ਸਵੀਕਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਗਲਤ ਤਰੀਕੇ ਨਾਲ ਕੋਈ ਉਮੀਦਵਾਰ ਚੁਣਿਆ ਜਾਵੇ, ਇਸ ਲਈ ਜ਼ਿੰਮੇਵਾਰੀ ਨਾਲ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਿਆ ਗਿਆ। ਹੁਣ ਇਹ ਪ੍ਰੀਖਿਆ 21 ਜੂਨ ਨੂੰ ਦੁਬਾਰਾ ਕਰਵਾਈ ਜਾਵੇਗੀ। 7 ਮਈ ਨੂੰ ਗੜਬੜੀ ਦਾ ਪਤਾ ਲੱਗਿਆ ਸੀ, ਜਿਸ ਤੋਂ ਬਾਅਦ 12 ਮਈ ਨੂੰ ਰੀ-ਏਗਜ਼ਾਮ ਦਾ ਫੈਸਲਾ ਕੀਤਾ ਗਿਆ।

ਰੀ-ਏਗਜ਼ਾਮ ਵਿੱਚ ਵਿਦਿਆਰਥੀਆਂ ਨੂੰ 15 ਮਿੰਟ ਵਾਧੂ ਸਮਾਂ ਦਿੱਤਾ ਜਾਵੇਗਾ ਅਤੇ ਉਹ ਆਪਣੀ ਸਹੂਲਤ ਅਨੁਸਾਰ ਪ੍ਰੀਖਿਆ ਕੇਂਦਰ ਵੀ ਚੁਣ ਸਕਣਗੇ। ਪਹਿਲਾਂ ਇਹ ਪ੍ਰੀਖਿਆ 3 ਮਈ ਨੂੰ ਦੇਸ਼ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਹੋਈ ਸੀ, ਜਿਸ ਲਈ 5400 ਤੋਂ ਵੱਧ ਸੈਂਟਰ ਬਣਾਏ ਗਏ ਸਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਹੁਣ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੁੜ ਕੋਈ ਗੜਬੜ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਰਕਾਰਾਂ ਨਾਲ ਗੱਲ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।

ਇਸ ਮਾਮਲੇ ਦੀ ਜਾਂਚ Central Bureau of Investigation ਵੱਲੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਰਾਜਸਥਾਨ, ਹਰਿਆਣਾ ਅਤੇ ਮਹਾਰਾਸ਼ਟਰ ਨਾਲ ਸਬੰਧਿਤ ਲੋਕ ਸ਼ਾਮਲ ਹਨ। ਇਨ੍ਹਾਂ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦੀ ਹਿਰਾਸਤ ਵਿੱਚ ਭੇਜਿਆ ਗਿਆ ਹੈ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪੇਪਰ ਨੂੰ ਸਕੈਨ ਕਰਕੇ PDF ਰੂਪ ਵਿੱਚ ਤਿਆਰ ਕੀਤਾ ਗਿਆ ਅਤੇ ਫਿਰ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਕੋਚਿੰਗ ਸੈਂਟਰਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ। ਮੁਲਜ਼ਮਾਂ ਵੱਲੋਂ ਵਿਦਿਆਰਥੀਆਂ ਤੋਂ 2 ਲੱਖ ਤੋਂ 5 ਲੱਖ ਰੁਪਏ ਤੱਕ ਵਸੂਲੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।

ਪਿਛਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਅਤੇ ਪੁੱਛਗਿੱਛ ਹੋ ਰਹੀ ਹੈ। ਕੁਝ ਸੰਸਥਾਵਾਂ ਵੱਲੋਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਨ ਦੀ ਮੰਗ ਵੀ ਕੀਤੀ ਗਈ ਹੈ।

Share This Article
Leave a Comment