ਵਾਸ਼ਿੰਗਟਨ : ਮੌਜੂਦਾ ਅਮਰੀਕੀ ਸਰਕਾਰ ਵਿੱਚ ਭਾਰਤੀ ਮੂਲ ਦੇ ਅਮਰੀਕੀ ਵੱਡੀ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਇਸ ਕੜੀ ਵਿੱਚ ਨੀਰਾ ਟੰਡਨ ਵੀ ਸ਼ਾਮਲ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ Joe Biden ਦੀ ਟੀਮ ਵਿੱਚ ਨੀਰਾ ਟੰਡਨ ਨੂੰ ਸੀਨੀਅਰ ਸਲਾਹਕਾਰ ਥਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਾਰਚ ਵਿੱਚ ਨੀਰਾ ਨੂੰ ਮੈਨੇਜਮੈਂਟ ਅਤੇ ਬਜਟ ਦਫ਼ਤਰ ਦੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਸੀ, ਪਰ ਸਿਆਸੀ ਵਿਰੋਧਤਾ ਦੇ ਕਾਰਨ ਉਸਨੇ ਨਾਮਜ਼ਦਗੀ ਵਾਪਸ ਲੈ ਲਈ ਸੀ । ਡੈਮੋਕ੍ਰੇਟਸ ਸਦਨ ਵਿੱਚ ਉਸ ਲਈ ਲੋੜੀਂਦੀਆਂ ਵੋਟਾਂ ਹਾਸਲ ਕਰਨ ਵਿੱਚ ਨਾਕਾਮਯਾਬ ਰਹੇ ਸਨ।
ਹੁਣ ਨੀਰਾ ਟੰਡਨ ਨੂੰ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ । ਸੈਂਟਰ ਫਾਰ ਅਮੇਰੀਕਨ ਪ੍ਰੋਗਰੈਸ (CAP) ਦੇ ਸੰਸਥਾਪਕ ਜੌਨ ਪੋਡੇਸਟਾ ਦਾ ਕਹਿਣਾ ਹੈ ਕਿ Biden ਪ੍ਰਸ਼ਾਸਨ ਨੂੰ ਨੀਰਾ ਦੀ ਬੌਧਿਕ ਸਮਝ, ਲਗਨ ਅਤੇ ਸਿਆਸੀ ਮਾਮਲਿਆਂ ਦੀ ਚੰਗੀ ਸਮਝ ਹੋਣ ਦਾ ਲਾਭ ਮਿਲੇਗਾ। ਪੋਡੇਸਟਾ ਨੇ ਕਿਹਾ ਕਿ ਨੀਰਾ ਨੇ ਬਿਡੇਨ ਪ੍ਰਸ਼ਾਸਨ ਵਿਚ ਹੀ ਨੀਤੀ ਸੰਬੰਧੀ ਬਹੁਤ ਸਾਰਾ ਕੰਮ ਕੀਤਾ ਹੈ।
ਭਾਰਤੀ ਮੂਲ ਦੀ ਨੀਰਾ ਟੰਡਨ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਅਤੇ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਕਰੀਬੀ ਸਹਾਇਕ ਰਹੀ ਹੈ। ਨੀਰਾ ਨੇ ਓਬਾਮਾ ਸਰਕਾਰ ਵਿੱਚ ਕਿਫਾਇਤੀ ਦੇਖਭਾਲ ਐਕਟ ਨੂੰ ਪਾਸ ਕਰਨ ਵਿੱਚ ਵੀ ਸਹਾਇਤਾ ਕੀਤੀ।