ਨਵੀਂ ਦਿੱਲੀ: ਭਾਰਤੀ ਟੀਮ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਬੀਤੇ ਦਿਨੀਂ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਜਿਸ ਤੋਂ ਬਾਅਦ ਹਰਭਜਨ ਦੇ ਸਿਆਸਤ ‘ਚ ਆਉਣ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜਿਸ ‘ਤੇ ਬੋਲਦਿਆਂ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਾਜਨੀਤੀ ‘ਚ ਆਉਣ ਦੇ ਖਿਲਾਫ ਨਹੀਂ ਹਨ, ਪਰ ਉਹ ਅਜਿਹੇ ਕਦਮ ‘ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੁੰਣਗੇ।
ਹਾਲ ਹੀ ਵਿੱਚ, ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਹਰਭਜਨ ਸਿੰਘ ਦੇ ਸਾਬਕਾ ਭਾਰਤੀ ਸਾਥੀ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਉਨ੍ਹਾਂ ਨਾਲ ਇੱਕ ਫੋਟੋ ਪੋਸਟ ਕੀਤੀ ਸੀ ਅਤੇ ਇਸ ਨੂੰ ਕੈਪਸ਼ਨ ਦਿੱਤਾ ਸੀ ਕਿ, “ਸੰਭਾਵਨਾਵਾਂ ਨਾਲ ਭਰੀ ਤਸਵੀਰ।’ ਇਸ ਕਾਰਨ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ‘ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਇੱਕ ਇੰਟਰਵਿਊ ਵਿੱਚ ਭੱਜੀ ਨੇ ਕਿਹਾ, “ਸੱਚ ਕਹਾਂ ਤਾਂ, ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਇਹ ਜਾਣਨ ਵਿੱਚ ਦੋ ਤੋਂ ਤਿੰਨ ਦਿਨ ਚਾਹੀਦੇ ਹਨ ਕਿ ਮੈਂ ਕਿਸ ਦਿਸ਼ਾ ਵਿੱਚ ਅੱਗੇ ਵੱਧਣਾ ਚਾਹੁੰਦਾ ਹਾਂ। ਹਾਂ, ਮੈਂ ਸਮਾਜ ਨੂੰ ਵਾਪਸ ਕਰਨਾ ਚਾਹੁੰਦਾ ਹਾਂ। ਜੇਕਰ ਮੈਂ ਰਾਜਨੀਤੀ ਵਿੱਚ ਆਉਂਦਾ ਹਾਂ ਤਾਂ ਕਿਵੇਂ ਜਾਂ ਕਿਸ ਤਰੀਕੇ ਨਾਲ, ਮੈਨੂੰ ਇਨ੍ਹਾਂ ਗੱਲਾਂ ‘ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੋਵੇੇਗੀ, ਕਿਉਂਕਿ ਮੇਰਾ ਮੁੱਖ ਟੀਚਾ ਲੋਕਾਂ ਦੀ ਮਦਦ ਕਰਨਾ ਹੈ। ਜੇਕਰ ਮੈਂ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕਰਾਂਗਾ ਤਾਂ।”