ਸ੍ਰੀ ਹਰਿਮੰਦਿਰ ਸਾਹਿਬ ਲਈ ਵਿਦੇਸ਼ਾਂ ਤੋਂ ਫੰਡ ਲੈਣ ਦੀ ਪ੍ਰਵਾਨਗੀ ਦੇ ਕੇ ਐਨਡੀਏ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ: ਹਰਸਿਮਰਤ ਬਾਦਲ

TeamGlobalPunjab
2 Min Read

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਫਾਰਨ ਕੰਟ੍ਰੀਬਿਊਸ਼ਨ (ਰੈਗੂਲੇਸ਼ਨ) ਐਕਟ (ਐਫ ਸੀ ਆਰ ਏ) ਤਹਿਤ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦੇ ਕੇ ਐਨ ਡੀ ਏ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਕਦਮ ਦੀ ਬਦੌਲਤ ਹੁਣ ਸੰਗਤ ਦੁਨੀਆਂ ਭਰ ਤੋਂ ਆਪਣੀ ਸੇਵਾ (ਦਸਵੰਧ) ਦੇ ਰੂਪ ਵਿਚ ਦੇ ਸਕੇਗੀ ਤੇ ਇਸ ਨਾਲ ਮਨੁੱਖਤਾ ਦੀ ਸੇਵਾ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਹੁਲਾਰਾ ਮਿਲੇਗਾ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਸ ਫੈਸਲੇ ਲਈ ਧੰਨਵਾਦ ਕਰਦੀ ਹਾਂ ਜਿਸ ਨਾਲ ਦੁਨੀਆਂ ਭਰ ਵਿਚ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਹੋਰ ਵੱਧ ਵੇਖਣ ਨੂੰ ਮਿਲੇਗੀ।

ਵੇਰਵੇ ਸਾਂਝੇ ਕਰਦਿਆਂ ਬਾਦਲ ਨੇ ਕਿਹਾ ਕਿ ਆਰ ਸੀ ਆਰ ਏ ਦੀ ਪ੍ਰਵਾਨਗੀ ‘ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਦਰਬਾਰ ਸਾਹਿਬ ਪੰਜਾਬ ਐਸੋਸੀਏਸ਼ਨ’, ਜਿਸਦੀ ਸਥਾਪਨਾ 1925 ਵਿਚ ਹੋਈ ਸੀ, ਦੇ ਨਾਂ ’ਤੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਮੈਨੂੰ ਮੰਗ ਪੱਤਰ ਮਿਲਣ ਤੋਂ ਬਾਅਦ ਇਹ ਕੇਸ ਮੈਂ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਅੱਗੇ ਰੱਖਿਆ ਤੇ ਇਸਨੂੰ ਪ੍ਰਵਾਨ ਕਰ ਲਿਆ ਗਿਆ ਹੈ।

ਬਾਦਲ ਨੇ ਇਸ ਫੈਸਲੇ ਲਈ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਜੀ ਐਸ ਟੀ ਰੀਫੰਡ ਦੇ ਸੂਬੇ ਦੇ ਹਿੱਸੇ ਦੇ 2017 ਤੋਂ ਪੈਂਡਿੰਗ ਪਏ 3.2 ਕਰੋੜ ਰੁਪਏ ਵੀ ਜਾਰੀ ਕਰ ਦੇਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਮੇਂ ਸਮੇਂ ’ਤੇ ਆਪਣੇ ਹਿੱਸੇ ਦਾ ਜੀ ਐਸ ਟੀ ਰੀਫੰਡ ਜਾਰੀ ਕਰ ਰਹੀ ਹੈ ਪਰ ਸੂਬੇ ਦੇ ਹਿੱਸੇ ਦਾ ਰੀਫੰਡ ਪੈਂਡਿੰਗ ਹੈ। ਉਹਨਾਂ ਕਿਹਾ ਕਿ ਇਸ ਕਾਰਨ ਗੁਰੂਘਰ ਨੂੰ ਮੁਸ਼ਕਿਲਾਂ ਦਰਪੇਸ਼ ਨਹੀਂ ਹੋਣੀਆਂ ਚਾਹੀਦੀਆਂ ਤੇ ਪੰਜਾਬ ਸਰਕਾਰ ਨੂੰ ਪੈਂਡਿੰਗ ਬਕਾਏ ਤੁਰੰਤ ਜਾਰੀ ਕਰਨੇ ਚਾਹੀਦੇ ਹਨ।

- Advertisement -

Share this Article
Leave a comment