ਅੰਮ੍ਰਿਤਸਰ : ਆਪਣੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਏ ਬੈਠੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੋ ਗਿਆ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨਾਲ ਅੰਮ੍ਰਿਤਸਰ ਵਿਖੇ ਮੁਲਾਕਾਤ ਕੀਤੀ। ਹਰੀਸ਼ ਰਾਵਤ ਅੰਮ੍ਰਿਤਸਰ ਦੇਰ ਸ਼ਾਮ ਪਹੁੰਚੇ ਸਨ ਅਤੇ ਉਨ੍ਹਾਂ ਨੇ ਆਖਿਆ ਕਿ ਰੁੱਸੇ ਹੋਏ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਭਵਿੱਖ ਦੀ ਯੋਜਨਾ ਦਾ ਅਹਿਮ ਹਿੱਸਾ ਹਨ। ਉਹ ਜਲਦ ਹੀ ਕਾਂਗਰਸ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ।
ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ‘ਤੇ ਉਨ੍ਹਾਂ ਆਖਿਆ ਕਿ ਉਹ ਕਾਂਗਰਸ ਨਾਲ ਨਾਰਾਜ਼ ਨਹੀਂ ਹਨ ਅਤੇ ਜੇਕਰ ਉਹ ਸੱਚ ਵਿੱਚ ਨਾਰਾਜ਼ ਹਨ ਤਾਂ ਵੱਡੇ ਭਰਾ ਵਜੋਂ ਮੈਂ ਉਨ੍ਹਾਂ ਨੂੰ ਮਨਾ ਲਵਾਂਗਾ। ਨਵਜੋਤ ਸਿੰਘ ਸਿੱਧੂ ਨੂੰ ਕਿਸੇ ਅਹੁਦੇ ਨਾਲ ਨਿਵਾਜਿਆ ਜਾ ਸਕਦਾ ਹੈ ਹਰੀਸ਼ ਰਾਵਤ ਨੇ ਇਸ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਜ਼ਰੂਰ ਦੱਸਿਆ।
ਇਸ ਤੋਂ ਪਹਿਲਾਂ ਵੀ ਹਰੀਸ਼ ਰਾਵਤ ਨੇ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੇ ਮਨ ਵਿੱਚ ਕੋਈ ਖਦਸ਼ੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਜਾ ਕੇ ਹਾਈਕਮਾਂਡ ਨਾਲ ਮੁਲਾਕਾਤ ਕਰ ਲੈਣੀ ਚਾਹੀਦੀ ਹੈ। ਦੱਸ ਦਈਏ ਕਿ ਜਦੋਂ ਨਵਜੋਤ ਸਿੰਘ ਸਿੱਧੂ ਤੋਂ ਸੈਰ ਸਪਾਟਾ ਮੰਤਰਾਲਾ ਖੋਹ ਕੇ ਬਿਜਲੀ ਵਿਭਾਗ ਦਿੱਤਾ ਗਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਨਵਜੋਤ ਸਿੱਧੂ ਸਿਆਸਤ ਵਿੱਚ ਥੋੜ੍ਹੀ ਜਿਹੀ ਦੂਰੀ ਬਣਾਈ ਬੈਠੇ ਹਨ।