-ਜਗਤਾਰ ਸਿੰਘ ਸਿੱਧੂ (ਐਡੀਟਰ);
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾਂ ਦੇ ਨਾਲ ਕਈ ਸੀਨੀਅਰ ਮੰਤਰੀ ਸਮੇਤ 60 ਤੋਂ ਵੱਧ ਵਿਧਾਇਕ ਵੀ ਸ਼ੁਕਰਾਨਾ ਕਰਨ ਲਈ ਆਏ। ਵੱਡੀ ਗਿਣਤੀ ਵਿਚ ਸਿੱਧੂ ਦੇ ਹਮਾਇਤੀ ਵੀ ਇਸ ਮੌਕੇ ‘ਤੇ ਪੁੱਜੇ ਹੋਏ ਸਨ। ਪੰਜਾਬ ਕਾਂਗਰਸ ਅੰਦਰ ਪ੍ਰਧਾਨ ਪਹਿਲਾਂ ਵੀ ਬਦਲਦੇ ਰਹੇ ਹਨ ਪਰ ਇਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ।
ਆਮ ਤੌਰ ‘ਤੇ ਪ੍ਰਧਾਨ ਅਤੇ ਉਨ੍ਹਾਂ ਦੇ ਕੁੱਝ ਸਾਥੀ ਹੀ ਆਉਂਦੇ ਹਨ। ਸਿੱਧੂ ਦੇ ਕਾਂਗਰਸ ਪ੍ਰਧਾਨ ਥਾਪੇ ਜਾਣ ਦੇ ਬਾਦ ਅੱਜ ਉਸ ਦੇ ਪਾਰਟੀ ਅੰਦਰ ਸ਼ਕਤੀ ਪ੍ਰਦਰਸ਼ਨ ਦੀ ਸ਼ਿਖਰ ਕਹੀ ਜਾ ਸਕਦੀ ਹੈ। ਇਸ ਨਾਲ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਅੰਦਰ ਉਹ ਸਤਾ ਦੀ ਲੜਾਈ ਜਿੱਤ ਚੁੱਕਾ ਹੈ। ਆਮ ਪਾਰਟੀ ਵਰਕਰਾਂ ਦਾ ਤਾਂ ਉਸ ਨੂੰ ਪਹਿਲਾਂ ਹੀ ਸਮਰਥਨ ਹਾਸਲ ਸੀ ਪਰ ਅੱਜ ਵਿਧਾਇਕਾਂ ਅਤੇ ਬਹੁਤੇ ਮੰਤਰੀਆਂ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ-ਉਹ ਨਵਜੋਤ ਸਿੱਧੂ ਦੇ ਨਾਲ ਹਨ। ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਮੌਕੇ ਕੀਤੀ ਟਿੱਪਣੀ ਬਹੁਤ ਅਹਿਮ ਹੈ। ਰੰਧਾਵਾ ਦਾ ਕਹਿਣਾ ਹੈ ਕਿ ਜਦੋਂ ਪਾਰਟੀ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਸੀ ਤਾਂ ਉਨ੍ਹਾਂ ਸਾਰਿਆਂ ਨੇ ਕੈਪਟਨ ਦੀ ਡੱਟ ਕੇ ਹਮਾਇਤ ਕੀਤੀ ਸੀ। ਹੁਣ ਵੀ ਪਾਰਟੀ ਹਾਈ ਕਮਾਂਡ ਦਾ ਫੈਸਲਾਂ ਹੈ ਤਾਂ ਉਹ ਪੂਰੀ ਤਰ੍ਹਾਂ ਸਿੱਧੂ ਦੇ ਨਾਲ ਖੜ੍ਹੇ ਹਨ।
ਇਸ ਵੇਲੇ ਕਾਂਗਰਸ ਦੇ ਵਿਧਾਇਕਾਂ ਨੇ ਵੀ ਸਾਫ ਕਰ ਦਿਤਾ ਹੈ ਕਿ ਪਾਰਟੀ ਹਾਈ ਕਮਾਂਡ ਵਲੋਂ ਸਿੱਧੂ ਬਾਰੇ ਲਏ ਫੈਸਲੇ ਦੇ ਨਾਲ ਹਨ। ਵਿਧਾਇਕਾਂ ਨੂੰ ਕਿਧਰੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ਵਿਚ ਨਵਜੋਤ ਸਿੱਧੂ ਹੀ ਕਾਂਗਰਸ ਦੀ ਬੇੜੀ ਬੰਨੇ ਲਾ ਸਕਦੇ ਹੈ। ਕਾਂਗਰਸ ਹਾਈਕਮਾਂਡ ਨੇ ਕੈਪਟਨ ਦੇ ਵਿਰੋਧ ਦੇ ਬਾਵਜੂਦ ਸਿੱਧੂ ਬਾਰੇ ਲਏ ਫੈਸਲੇ ਨਾਲ ਵੀ ਸੁਨੇਹਾ ਗਿਆ ਹੈ ਕਿ-ਪਾਰਟੀ ਦੀ ਕੌਮੀ ਲੀਡਰਸ਼ਿਪ ਸਿੱਧੂ ਦੇ ਨਾਲ ਖੜੀ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੈਦਾ ਹੋਈਆਂ ਪ੍ਰਸਥਿਤੀਆਂ ਵਿਚ ਕੈਪਟਨ ਅਮਰਿੰਦਰ ਦੀ ਸਥਿਤੀ ਕਾਫੀ ਮੁਸ਼ਕਲ ਬਣਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਹ ਸਟੈਂਡ ਲੈ ਲਿਆ ਹੈ ਕਿ ਸਿੱਧੂ ਮੁੱਖ ਮੰਤਰੀ ਵਿਰੁੱਧ ਕੀਤੀ ਬਿਆਨਬਾਜ਼ੀ ਲਈ ਜਨਤਕ ਤੌਰ ‘ਤੇ ਮਾਫੀ ਮੰਗੇ। ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਆਖ ਦਿਤਾ ਹੈ ਕਿ ਜਨਤਕ ਤੌਰ ‘ਤੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਉਹ ਸਿੱਧੂ ਨਾਲ ਜਾਤੀ ਤੌਰ ‘ਤੇ ਮੁਲਾਕਾਤ ਨਹੀਂ ਕਰਨਗੇ। ਹਾਲਾਂਕਿ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਖ ਰਹੇ ਹਨ ਕਿ ਅੰਮ੍ਰਿਤਸਰ ਤੋਂ ਵਾਪਸ ਆ ਕੇ ਸਿੱਧੂ ਦੀ ਕੈਪਟਨ ਨਾਲ ਮੁਲਾਕਾਤ ਹੋਵੇਗੀ। ਇਹ ਨਿਰਭਰ ਕਰਦਾ ਹੈ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਸਿੱਧੂ ਨੇ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਸੀ, ਉਹ ਮੁੱਦੇ ਤਾਂ ਅਜੇ ਵੀ ਕਾਇਮ ਹਨ।
ਕੀ ਇਸ ਸਥਿਤੀ ਵਿਚ ਸਿੱਧੂ ਜਨਤਕ ਮਾਫੀ ਮੰਗੇਗਾ? ਕੀ ਸਿੱਧੂ ਇਹ ਕਹੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ? ਜਾਂ ਇਨ੍ਹਾਂ ਮਾਮਲਿਆਂ ਵਿਚ ਕੋਈ ਰਾਹ ਕੱਢਿਆ ਜਾਵੇਗਾ। ਇਹ ਸਥਿਤੀ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਸ਼ਪਸ਼ਟ ਹੋਏਗੀ ਪਰ ਇਹ ਜ਼ਰੂਰ ਸ਼ਪਸ਼ਟ ਹੈ ਕਿ ਜੇਕਰ ਦੋਵਾਂ ਨੇਤਾਵਾਂ ਦਾ ਟਕਰਾਅ ਹੋਰ ਕੁਝ ਦਿਨ ਬਣਿਆ ਰਿਹਾ ਤਾਂ ਕਾਂਗਰਸ ਨੂੰ ਰਾਜਸੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਮਾਮਲੇ ਵਿਚ ਇਕ ਮਿਸਾਲ ਬਹੁਤ ਸਹੀ ਹੈ। ਸਿੱਧੂ ਅਤੇ ਕੈਪਟਨ ਬਲਦਾਂ ਦੀ ਗੱਡੀ ਵਾਂਗ ਕਾਂਗਰਸ ਦੀ ਗੱਡੀ ਖਿੱਚ ਰਹੇ ਹਨ। ਜੇਕਰ ਇਕ ਸੇਧ ਵਿਚ ਤੁਰੇ ਜਾਣਗੇ ਤਾਂ ਕੋਈ ਪ੍ਰਾਪਤੀ ਹੋ ਸਕਦੀ ਹੈ ਪਰ ਅਲੱਗ-ਅਲੱਗ ਦਿਸ਼ਾ ਵਿਚ ਦੋਵੇਂ ਜ਼ੋਰ ਲਾਉਣਗੇ ਤਾਂ ਗੱਡੀ ਚੁਰਾਹੇ ਵਿਚ ਟੁੱਟੇਗੀ। ਪਾਰਟੀ ਹਾਈ ਕਮਾਂਡ ਦਾ ਵੀ ਇਮਤਿਹਾਨ ਹੈ ਜਿਸ ਨੇ ਸੱਤਾ ਦੇ ਸੰਤੁਲਨ ਦਾ ਫਾਰਮੂਲਾ ਲਿਆਂਦਾ ਸੀ।
ਸੰਪਰਕ-9814002186