ਅੰਮ੍ਰਿਤਸਰ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਨੇ ਆਪਣੇ ਪਿਤਾ ਦੇ ਹੱਕ `ਚ ਚੋਣ ਪ੍ਰਚਾਰ ਦੌਰਾਨ ਬਿਕਰਮ ਮਜੀਠੀਆ ਖਿਲਾਫ ਮੋਰਚਾ ਖੋਲ੍ਹ ਦਿੱਤਾ।
ਰਾਬੀਆ ਨੇ ਕਿਹਾ ਕਿ ਅੱਜ ਲੜਾਈ ਝੂਠ ਅਤੇ ਸੱਚ ਵਿਚਾਲੇ ਹੈ। ਅਕਾਲੀ ਆਗੂ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਦੇ ਘਰਾਂ `ਤੇ ਪੋਸਟਰ ਅਤੇ ਬੈਨਰ ਲਗਾ ਰਹੇ ਹਨ। ਲੋਕਾਂ ਨੂੰ ਧਮਕੀਆਂ ਦਿੱਤੀਆਂ ਹਨ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਦੇ ਬੱਚੇ ਚੁੱਕ ਲਏ ਜਾਣਗੇ। ਰਾਬੀਆ ਨੇ ਕਿਹਾ ਕਿ ਸਹੀ ਗ਼ਲਤ ਦਾ ਫ਼ੈਸਲਾ ਲੋਕ ਕਰਨਗੇ।
ਇਸ ਦੇ ਨਾਲ ਹੀ ਰਾਬੀਆ ਨੇ ਕਿਹਾ ਕਿ ਇਹ ਲੋਕਾਂ ਨੂੰ ਤੈਅ ਕਰਨਾ ਹੋਵੇਗਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਜਾਂ ਨਹੀਂ। ਮਜੀਠਾ ਹਲਕੇ ਦੀਆਂ ਦੁਕਾਨਾਂ `ਤੇ ਨਸ਼ਾ ਆਮ ਵਿਕਦਾ ਹੈ। ਰਾਬੀਆ ਨੇ ਇਲਜ਼ਾਮ ਲਗਾਇਆ ਕਿ ਮਜੀਠਾ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਮਜੀਠਾ ‘ਚ ਵੀਹ ਰੁਪਏ ਤੱਕ ਦਾ ਸਸਤਾ ਚਿੱਟਾ ਮਿਲ ਜਾਂਦਾ ਹੈ।
ਉਸ ਨੇ ਕਿਹਾ ਕਿ ਜਿਹੜਾ ਸੱਚਾਈ ਦੇ ਰਸਤੇ `ਤੇ ਚੱਲਦਾ ਹੈ, ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਹੀ ਪੈਂਦਾ ਹੈ। ਰਾਬੀਆ ਨੇ ਮਜੀਠੀਆ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਾਫੀ ਸਮਾਂ ਪਹਿਲਾਂ ਬਿਕਰਮ ਮਜੀਠੀਆ ਉਨ੍ਹਾਂ ਦੇ ਪਾਪਾ ਕੋਲੋਂ ਰਾਜਨੀਤੀ ਸਿੱਖਣ ਆਉਂਦੇ ਸਨ ਤੇ ਅੱਜ ਉਹ ਉਨ੍ਹਾਂ ਦੇ ਪਾਪਾ ਨਾਲ ਦੋਸਤੀ ਦੀਆਂ ਤਸਵੀਰਾਂ ਦਿਖਾ ਰਹੇ ਹਨ।
ਦੱਸ ਦਈਏ ਕਿ ਅੰਮ੍ਰਿਤਸਰ ਪੂਰਬੀ ਤੋਂ ਇਸ ਵਾਰ ਨਵਜੋਤ ਸਿੱਧੂ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਨੂੰ ਮੈਦਾਨ `ਚ ਉਤਾਰਿਆ ਗਿਆ ਹੈ। ਦੋਵਾਂ ਆਗੂਆਂ ਵਿਚਾਲੇ ਅੰਮ੍ਰਿਤਸਰ ਪੂਰਬੀ ਹਲਕਾ ਮੁੱਛ ਦਾ ਸਵਾਲ ਬਣਿਆ ਹੋਇਆ ਹੈ ਅਤੇ ਦੋਵਾਂ ਵੱਲੋਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਵੱਲੋਂ ਜਿੱਥੇ ਪੂਰਾ ਪਰਿਵਾਰ ਜ਼ਮੀਨੀ ਪੱਧਰ `ਤੇ ਪ੍ਰਚਾਰ ਕਰ ਰਿਹਾ ਹੈ, ਉਥੇ ਹੀ ਬਿਕਰਮ ਮਜੀਠੀਆ ਵੱਲੋਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।