ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਸਿੱਧੂ ਨੇ ਘੇਰਿਆ CM ਕੈਪਟਨ, ਫੂਲਕਾ ਨੂੰ ਲਿਖੀ ਦਿੱਤੀ ਖੁੱਲ੍ਹੀ ਚਿੱਠੀ

TeamGlobalPunjab
2 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਦੂਰੀਆਂ ਬਣਾਈ ਬੈਠੇ ਨਵਜੋਤ ਸਿੱਧੂ ਇੱਕ ਵਾਰ ਮੁੜ ਤੋਂ ਕੈਪਟਨ ਸਰਕਾਰ ਖਿਲਾਫ਼ ਸਿੱਧੇ ਹੋ ਗਏ ਹਨ। ਨਵਜੋਤ ਸਿੱਧੂ ਵੱਲੋਂ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਲਗਾਤਾਰ ਚੁੱਕਿਆ ਜਾ ਰਿਹਾ ਹੈ। ਜਿਸ ਤਹਿਤ ਹੁਣ ਸਿੱਧੂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ ਫੂਲਕਾ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਨਵਜੋਤ ਸਿੱਧੂ ਨੇ ਬੇਅਦਬੀ ਕਾਂਡ ਤੋਂ ਲੈ ਕੇ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ ਦੀ ਜਾਂਚ ਅਤੇ ਹਾਈਕੋਰਟ ਤੋਂ ਸਿੱਟ ਨੂੰ ਦਿੱਤੇ ਝਟਕੇ ਦਾ ਜ਼ਿਕਰ ਕੀਤਾ ਹੈ।

ਇਸ ਚਿੱਠੀ ਵਿੱਚ ਸਿੱਧੂ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ। ਨਵਜੋਤ ਸਿੱਧੂ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ, ”ਪੰਜਾਬ ਦੇ ਲੋਕਾਂ ਦਾ ਚੁਣਿਆ ਨੁਮਾਇੰਦਾ ਹੋਣ ਦੇ ਨਾਤੇ ਅੱਜ ਮੈਂ ਸੱਚ ਨੂੰ ਸੱਚ ਕਹਿ ਰਿਹਾ ਹਾਂ ਤੇ ਗ਼ਲਤ ਨੂੰ ਗ਼ਲਤ ਕਹਿ ਰਿਹਾ ਹਾਂ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਕਿ ਤਾਕਤ ਕਿਸ ਦੇ ਹੱਥਾਂ ‘ਚ ਹੈ, ਪਰ ਤਾਕਤ ਦੀ ਜੁਆਬਦੇਹੀ ਮੰਗ ਰਿਹਾ ਹਾਂ ਤੇ ਕਹਿ ਰਿਹਾ ਹਾਂ ਕਿ ਠੋਸ ਕਾਰਵਾਈ ਕਰੋ ਤੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ ਪਰ ਕੇਸ ਵਿਚ ਐਫਆਈਆਰ ਦਰਜ ਕਰਨਾ, ਜਾਂਚ ਕਰਨਾ, ਗ੍ਰਿਫ਼ਤਾਰੀ ਪਾਉਣੀ ਆਦਿ ਵਿਧਾਨ ਸਭਾ ਦੇ ਦਸ ਸੈਸਨ ਬੁਲਾ ਕੇ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤਾਂ ਸਿਰਫ਼ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਹੈ । ਮੈਂ ਤੁਹਾਨੂੰ ਇਹੀ ਸੁਝਾਅ ਦਿਆਂਗਾ ਕਿ ਸਪੈਸ਼ਲ ਸੈਸਨ ਦੀ ਮੰਗ ਕਰਕੇ ਲੋਕਾਂ ਨੂੰ ਗੁਮਰਾਹ ਰਾਹ ‘ਤੇ ਨਾ ਪਾਇਆ ਜਾਵੇ ਪਿਛਲੀ ਵਾਰ ਵੀ ਅਸੀਂ ਇਸੇ ਤਰ੍ਹਾਂ ਗੁਮਰਾਹ ਹੋ ਗਏ ਸਾਂ । ਸਿਰਫ਼ ਤੇ ਸਿਰਫ਼ ਸੰਵਿਧਾਨ ਅਨੁਸਾਰ ਸੂਬੇ ਦੀ ਕਾਰਜਕਾਰੀ ਸ਼ਕਤੀ ਅਰਥਾਤ ਗ੍ਰਹਿ ਮੰਤਰੀ ਹੀ ਇਹ ਤਾਕਤ ਰੱਖਦਾ ਹੈ ਕਿ ਉਹ ਐਫਆਈਆਰ ਅਤੇ ਗ੍ਰਿਫ਼ਤਾਰੀ ਸੰਬੰਧੀ ਰਾਜਨਿਤਿਕ ਹੁਕਮ ਦੇ ਸਕੇ।”

Share this Article
Leave a comment