ਝੂਠੇ ਇਲਜ਼ਾਮ ਨਾ ਲਗਾਓ, ਸਬੂਤ ਦਿਓ, ਛੱਡ ਦਿਆਂਗਾ ਸਿਆਸਤ : ਸਿੱਧੂ ਦੀ ਸੁਖਬੀਰ ਨੂੰ ਚੁਣੌਤੀ

TeamGlobalPunjab
2 Min Read

 

ਨਵਜੋਤ ਸਿੱਧੂ ਨੇ ਕੈਪਟਨ, ਸੁਖਬੀਰ ਅਤੇ ਕੇਜਰੀਵਾਲ ਨੂੰ ਲਿਆ ਕਰੜੇ ਹੱਥੀਂ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ਼ ਕੱਸਿਆ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਨੇ ਨਵੀਂ ਪਾਰਟੀ ਤਾਂ ਬਣਾ ਲਈ, ਪਰ ਉਹ ਪਟਿਆਲਾ ‘ਚ ਆਪਣਾ ਮੇਅਰ ਨਹੀਂ ਬਚਾ ਸਕੇ। ਹੁਣ ਇਸ ਹਾਲਤ ‘ਚ ਕੈਪਟਨ ਆਪਣੀ ਐਮਐਲਏ ਦੀ ਸੀਟ ਕਿਵੇਂ ਜਿੱਤਣਗੇ।

ਸਿੱਧੂ ਦਾ ਇਸ਼ਾਰਾ ਸੀ ਕਿ ਕੈਪਟਨ ਹੁਣ ਸੂਬੇ ਦੀ ਸਿਆਸਤ ਤੋਂ ਹੀ ਨਹੀਂ ਸਗੋਂ ਪਟਿਆਲਾ ਦੀ ਸਿਆਸਤ ਤੋਂ ਵੀ ਪਕੜ ਗੁਆ ਚੁੱਕੇ ਹਨ।

- Advertisement -

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਏ ਦੋਸ਼ਾਂ ਦਾ  ਤਿੱਖਾ ਜਵਾਬ ਦਿੰਦੇ ਹੋਏ ਸਿੱਧੂ ਨੇ ਆਖਿਆ ਹੈ ਕਿ ਜੇਕਰ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦੇਣ ਵਾਲੇ ਡੀ.ਜੀ.ਪੀ. ਜਾਂ ਏ.ਜੀ. ਨਾਲ ਇਕ ਵੀ ਬੰਦ ਕਮਰਾ ਮੀਟਿੰਗ ਕੀਤੀ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ।

ਉਨ੍ਹਾਂ ਕਿਹਾ ਕਿ ਸੁਖਬੀਰ ਗੱਲਾਂ ਨਾ ਕਰੇ ਸਬੂਤ ਪੇਸ਼ ਕਰੇ, ਸੁਖਬੀਰ ਬਾਦਲ ਵਲੋਂ ਸਿਰਫ ਬੇਬੁਨਿਆਦ ਅਤੇ ਮਨਘੜੰਤ ਦੋਸ਼ ਲਗਾਏ ਜਾ ਰਹੇ ਹਨ। ਸਿੱਧੂ ਨੇ ਕਿਹਾ ਅਕਾਲੀ ਦਲ ਵਾਂਗ ਨਾ ਤਾਂ ਸਿੱਧੂ ਦੀਆਂ ਬੱਸਾਂ ਚਲਦੀਆਂ ਹਨ ਅਤੇ ਨਾ ਹੀ ਮੇਰੇ ਕੋਲ ਹੋਟਲ ਹਨ। ਸਿੱਧੂ ਮਿਹਨਤ ਦੀ ਖਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਗ੍ਰਿਫ਼ਤਾਰੀ ਦਾ ਡਰ ਨਹੀਂ ਹੈ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਿੱਧੂ ਵਲੋਂ ਡੀ.ਜੀ.ਪੀ. ਨਾਲ ਮੁਲਾਕਾਤ ਕਰਕੇ ਬਿਕਰਮ ਮਜੀਠੀਆ ‘ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਕਿਸੇ ਨਾਲ ਵੀ ਮੁਕਾਬਲਾ ਨਹੀਂ। ਇਸ ਵਾਰ ਲੋਕਾਂ ਦੀ ਸਰਕਾਰ ਬਣੇਗੀ। ਜੋ ਵਾਅਦੇ ਅਸੀਂ ਕਰ ਰਹੇ ਹਾਂ, ਉਹ ਪੂਰੇ ਕੀਤੇ ਜਾਣਗੇ।

ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ‘ਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ। ਉੱਥੇ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ। ਕੇਜਰੀਵਾਲ ਪੰਜਾਬ ਆ ਕੇ ਝੂਠ ‘ਤੇ ਝੂਠ ਬੋਲ ਰਹੇ ਹਨ।

- Advertisement -
Share this Article
Leave a comment