ਸਹਾਰਨਪੁਰ : ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਲਖੀਮਪੁਰ ਖੀਰੀ ਵੱਲ ਵਧ ਰਹੇ ਪੰਜਾਬ ਦੇ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਨੂੰ ਉਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਸਮੇਤ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਯੂ. ਪੀ. ਪੁਲਿਸ ਵੱਲੋਂ ਹਿਰਾਸਤ ’ਚ ਲੈਣ ਤੋਂ ਬਾਅਦ ਸਹਾਰਨਪੁਰ ਦੇ ਸਰਸਾਵਾ ਥਾਣੇ ’ਚ ਲਿਜਾਇਆ ਗਿਆ ਹੈ।
ਸਰਸਾਵਾ ਥਾਣੇ ਦੇ ਅੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਜ਼ਰ ਆ ਰਹੇ ਹਨ।
ਪੰਜਾਬ ਦੇ ਮੰਤਰੀਆਂ ਅਤੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਅਖਿਲੇਸ਼ ਸਿੰਘ ਨੇ ਕਿਹਾ ਕਿ ਧਾਰਾ 144 ਲਾਗੂ ਹੋਣ ਕਾਰਨ 5 ਤੋਂ ਵੱਧ ਲੋਕ ਅੱਗੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਨਵਜੋਤ ਸਿੱਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜ਼ਿਆਦਾ ਲੋਕਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ, ਪਰ ਉਹ ਨਹੀਂ ਮੰਨੇ, ਜਿਸ ਕਾਰਨ ਉੱਤਰ ਪ੍ਰਦੇਸ਼ ਪੁਲਸ ਨੇ ਕਾਂਗਰਸ ਨੇਤਾਵਾਂ ਨੂੰ ਹਿਰਾਸਤ ’ਚ ਲਿਆ ਹੈ। ਸਾਰੇ ਕਾਂਗਰਸੀ ਨੇਤਾਵਾਂ ਨੂੰ ਸਰਸਾਵਾ ਥਾਣੇ ’ਚ ਲਿਜਾਇਆ ਗਿਆ ਹੈ।