ਕੌਮੀ ਡਾਕਟਰ ਦਿਵਸ – ਪਵਿੱਤਰ ਕਿੱਤੇ ਦੀ ਮਰਯਾਦਾ ਕਾਇਮ ਰੱਖਣਾ ਹਰ ਡਾਕਟਰ ਦਾ ਧਰਮ

TeamGlobalPunjab
4 Min Read

-ਅਵਤਾਰ ਸਿੰਘ;

ਭਾਰਤ ਰਤਨ ਪੁਰਸਕਾਰ ਜੇਤੂ ਡਾਕਟਰ ਬਿਦਾਨ ਚੰਦਰ ਰਾਏ ਦਾ ਜਨਮ ਬਾਂਕੀਪੁਰ ਬਿਹਾਰ ਵਿੱਚ ਅੱਜ ਦੇ ਦਿਨ ਪਹਿਲੀ ਜੁਲਾਈ 1882 ਨੂੰ ਹੋਇਆ। ਉਨ੍ਹਾਂ ਦਾ ਦੇਹਾਂਤ ਵੀ ਅੱਜ ਦੇ ਦਿਨ 1-7-1962 ਨੂੰ ਹੋਇਆ।

ਉਨ੍ਹਾਂ ਦੀਆਂ ਲੋਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਯਾਦ ਵਿੱਚ ਜਨਮ ਤੇ ਦੇਹਾਂਤ ਦੀ ਇਕੋ ਮਿਤੀ ਪਹਿਲੀ ਜੁਲਾਈ ਨੂੰ ਹਰ ਸਾਲ ਕੌਮੀ ਡਾਕਟਰ ਦਿਵਸ ਭਾਰਤ ਵਿੱਚ 1991 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ।

ਉਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ। ਸੰਸਾਰ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਵੱਖਰੇ ਵੱਖਰੇ ਦਿਨ ਹਨ। ਵਿਸ਼ਵ ਪਰਿਵਾਰ ਡਾਕਟਰ ਦਿਵਸ 19 ਮਈ ਨੂੰ ਮਨਾਇਆ ਜਾਂਦਾ।ਅਮਰੀਕਾ ‘ਚ ਇਸ ਦੀ ਸ਼ੁਰੂਆਤ 30-3-1933 ਨੂੰ ਵਾਈਂਡਰ (ਜਾਰਜੀਆ) ਵਿੱਚ ਡਾਕਟਰ ਚਾਰਲਸ ਬੀ ਅਲਮੰਡ ਦੀ ਪਤਨੀ ਇਡੌਰਾ ਬਰਾਊਨ ਨੇ ਇਹ ਦਿਵਸ ਮਨਾ ਕੇ ਕੀਤੀ ਸੀ।
ਇਸ ਦਿਨ ‘ਤੇ ਉਸ ਨੇ ਡਾਕਟਰਾਂ ਨੂੰ ਸਨਮਾਨ ਦੇਣ ਲਈ ਗੁਲਦਸਤੇ ਆਦਿ ਦੇਣ ਲਈ ਕਿਹਾ। ਅਮਰੀਕਾ ਵਿੱਚ ਪਬਲਿਕ ਕਾਨੂੰਨ ਤਹਿਤ ਹਰ ਸਾਲ 30 ਮਾਰਚ ਨੂੰ ‘ਡਾਕਟਰ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ। ਇਨਸਾਨ ਦੀ ਜਾਨ ਬਚਾਉਣਾ ਡਾਕਟਰ ਦੇ ਹੱਥ ਵਿੱਚ ਹੁੰਦੀ ਹੈ। ਇਸ ਪਵਿੱਤਰ ਕਿੱਤੇ ਦੀ ਪਵਿੱਤਰਤਾ ਕਾਇਮ ਰੱਖਣਾ ਹਰ ਡਾਕਟਰ ਦਾ ਧਰਮ ਮੰਨਿਆ ਜਾਂਦਾ ਹੈ।

- Advertisement -

ਭਾਰਤ ਵਿੱਚ ਡਾਕਟਰ ਜਿਨ੍ਹਾਂ ਨੂੰ ‘ਰੱਬ’ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਇਨ੍ਹਾਂ ਵਿਚ ਵਧੇ ਲਾਲਚ ਨੇ ਲੋਕਾਂ ਵਿੱਚ ਉਨ੍ਹਾਂ ਦਾ ਸਤਿਕਾਰ ਘਟਾ ਦਿੱਤਾ ਹੈ। ਬਹੁਗਿਣਤੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦਵਾਈਆਂ, ਲੈਬਾਰਟਰੀ ਤੇ ਸਕੈਨਿੰਗ ਆਦਿ ਟੈਸਟਾਂ ਤੇ ਸਾਜੋ ਸਮਾਨ ਵਿੱਚੋਂ ਕਮਿਸ਼ਨ, ਸੈਂਪਲ ਤੇ ਮਹਿੰਗੇ ਤੋਹਫੇ ਲੈਣੇ ਸ਼ੁਰੂ ਕਰ ਦਿੱਤੇ ਹਨ।

ਮਰੀਜ਼ਾਂ ਨੂੰ ਅੰਗਰੇਜ਼ੀ ਵਿੱਚ ਬਿਮਾਰੀਆਂ ਦੇ ਵੱਡੇ ਵੱਡੇ ਨਾਂ ਦਸ ਕੇ ਡਰਾਇਆ ਜਾਂਦਾ ਹੈ। ਉਨ੍ਹਾਂ ਨੂੰ ਬੇਲੋੜੇ ਟੈਸਟ ਤੇ ਅਪ੍ਰੇਸ਼ਨ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਦਹਾਕੇ ਵਿਚ 70% ਸੀਜੇਰੀਅਨ ਦੇ ਕੇਸਾਂ ਵਿੱਚ ਵਾਧਾ ਹੋਇਆ।

ਮਰੀਜਾਂ ਨੂੰ ‘ਕੋਡ ਵਰਡਾਂ’ ਵਿੱਚ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਜੋ ਖਾਸ ਮੈਡੀਕਲ ਸਟੋਰਾਂ ਤੋਂ ਹੀ ਮਿਲਦੀਆਂ ਹਨ। ਮੋਟੇ ਮੋਟੇ ਕਮਿਸ਼ਨ ਕਰਕੇ ਬਿਨਾਂ ਲੋੜ ਦੇ ਅੰਗ ਬਦਲੀ, ਸਟੰਟ ਪਾਉਣੇ, ਬੱਚੇਦਾਨੀ ਕੱਢਣੀ, ਆਮ ਵਰਤਾਰਾ ਹੈ। ਕੁਝ ਸਾਲ ਪਹਿਲਾਂ ਅੰਮ੍ਰਿਤਸਰ, ਜਲੰਧਰ ਤੇ ਗੁੜਗਾਂਉ ਵਿੱਚ ਡਾਕਟਰਾਂ ਵੱਲੋਂ ਗੁਰਦਾ ਕੱਢਣ ਦੇ ਸਕੈਂਡਲ ਸਾਹਮਣੇ ਆਏ ਸਨ।

ਮਰੀਜ਼ ਲੈ ਕੇ ਆਉਣ ਜਾਂ ਭੇਜਣ ਵਾਲੇ ਦਲਾਲਾਂ ਨੂੰ ਡਾਕਟਰ ਵਿਸ਼ੇਸ ਕਮਿਸ਼ਨ ਦਿੰਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਕ ਹਜ਼ਾਰ ਜਨਸੰਖਿਆ ਪਿਛੇ ਇਕ ਡਾਕਟਰ ਹੋਣਾ ਚਾਹੀਦਾ ਹੈ ਜਦਕਿ ਭਾਰਤ ਵਿੱਚ 12000 ਆਬਾਦੀ ਪਿਛੇ ਇਕ ਡਾਕਟਰ ਹੈ। ਇਸ ਭੱਜ-ਦੌੜ ਤੇ ਟੈਨਸ਼ਨ ਕਾਰਨ ਆਮ ਆਦਮੀ ਦੀ ਔਸਤ ਉਮਰ ਨਾਲੋਂ ਡਾਕਟਰਾਂ ਦੀ ਉਮਰ 10-15 ਸਾਲ ਘੱਟ ਹੋਣ ਬਾਰੇ ਖਬਰਾਂ ਛਪੀਆਂ ਹਨ।

ਅਸਲ ਵਿੱਚ ਇਸ ਦੀ ਜੜ੍ਹ ਤਿੰਨ ਤਿੰਨ ਕਰੋੜ ਤੋਂ ਵੱਧ ਵਿੱਚ MBBS ਦੀਆਂ ਸੀਟਾਂ ਤੇ 50 ਲੱਖ ਤੋਂ ਵੱਧ ਫੀਸ ਤੇ ਐਨ ਆਰ ਆਈ ਕੋਟੇ ਵਿੱਚ 75 ਲੱਖ ਤੋਂ ਵੱਧ ਦੀਆਂ ਫੀਸਾਂ ਹਨ।ਡਾਕਟਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਵਾਸਤੇ ਮੈਡੀਕਲ ਕੌਂਸਲ ਆਫ ਇੰਡੀਆ ਤੇ ਡਾਕਟਰ ਯੂਨੀਅਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਡਾਕਟਰਾਂ ਦਾ ਪੁਰਾਣਾ ਇੱਜਤਮਾਨ ਬਹਾਲ ਹੋ ਸਕੇ।

- Advertisement -

ਡਾਕਟਰ ਦੀ ਅਜਿਹੀ ਸ਼ਖਸੀਅਤ ਹੋਣੀ ਚਾਹੀਦੀ ਹੈ ਕਿ ਉਸ ਦੀ ਬੋਲੀ ਵਿੱਚ ਨਿਮਰਤਾ ਤੇ ਮਿਠਾਸ ਹੋਵੇ, ਜੇ ਡਾਕਟਰ ਮਰੀਜ਼ ਨੂੰ ਕੁਝ ਸਮਾਂ ਦੇ ਕੇ ਉਸਦੀ ਪੂਰੀ ਗੱਲ ਸੁਣ ਲਵੇ ਤਾਂ ਮਰੀਜ ਅੱਧਾ ਤਾਂ ਉਸ ਵੇਲੇ ਹੀ ਠੀਕ ਹੋ ਜਾਂਦਾ ਹੈ।

ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਕਾਰਨ ਵੀ ਮਰੀਜਾਂ ਨੂੰ ਸਮਾਂ ਘੱਟ ਲੱਗਦਾ ਹੈ ਤੇ ਉਹ ਮਾਨਸਿਕ ਤੌਰ ‘ਤੇ ਸੋਚਣ ਲਗ ਪੈਂਦੇ ਹਨ ਕਿ ਡਾਕਟਰ ਨੇ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ। ਫਿਰ ਵੀ ਕੁਝ ਗਿਣਤੀ ਅਜਿਹੇ ਜਾਗਦੀ ਜ਼ਮੀਰਾਂ ਵਾਲੇ ਡਾਕਟਰਾਂ ਦੀ ਹੈ ਜੋ ਡਾਕਟਰੀ ਕਿੱਤੇ ਨੂੰ ਇਨਸਾਨੀਅਤ ਧਰਮ ਸਮਝ ਕੇ ਜਿਥੇ ਚੰਗੀਆ, ਸਸਤੀਆਂ ਸੇਵਾਵਾਂ ਦੇ ਰਹੇ ਹਨ। ਉਥੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਕਰਨ ਰਹੇ ਹਨ। ਉਹ ਲੋੜਵੰਦ ਤੇ ਗਰੀਬਾਂ ਮਰੀਜ਼ਾਂ ਨੂੰ ਆਪਣੇ ਕੋਲੋ ਪੈਸੇ ਖਰਚ ਕੇ ਦਵਾਈਆਂ ਵੀ ਲੈ ਕੇ ਦਿੰਦੇ ਹਨ।

Share this Article
Leave a comment