ਵਾਸ਼ਿੰਗਟਨ: ਭਾਰਤ ਅਤੇ ਅਮਰੀਕਾ ਵਿਚਾਲੇ ਪੁਲਾੜ ਸਹਿਯੋਗ ਨੂੰ ਲੈ ਕੇ ਇੱਕ ਵੱਡੀ ਪਹਿਲ ਸਾਹਮਣੇ ਆਈ ਹੈ। ਅਮਰੀਕੀ ਪੁਲਾੜ ਏਜੰਸੀ NASA ਨੇ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਨੂੰ ਆਪਣੇ Moon Base Program ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਡੀਪ ਸਪੇਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਹ ਜਾਣਕਾਰੀ ਭਾਰਤ-ਅਮਰੀਕਾ ਸਿਵਲ ਸਪੇਸ ਜੁਆਇੰਟ ਵਰਕਿੰਗ ਗਰੁੱਪ ਦੀ 9ਵੀਂ ਮੀਟਿੰਗ ਤੋਂ ਬਾਅਦ ਸਾਹਮਣੇ ਆਈ। ਇਹ ਮੀਟਿੰਗ 5 ਅਤੇ 6 ਅਗਸਤ 2026 ਨੂੰ ਬੈਂਗਲੁਰੂ ਸਥਿਤ ISRO ਦੇ ਮੁੱਖ ਦਫ਼ਤਰ ਵਿੱਚ ਹੋਈ।
ਦੋਵਾਂ ਦੇਸ਼ਾਂ ਵਿਚਾਲੇ ਹੋਈ ਅਹਿਮ ਚਰਚਾ
ਮੀਟਿੰਗ ਦੌਰਾਨ ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਪੁਲਾੜ ਖੇਤਰ ਵਿੱਚ ਚੱਲ ਰਹੇ ਸਹਿਯੋਗ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੀ ਸ਼ੁਰੂਆਤ ISRO ਦੇ ਚੇਅਰਮੈਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਡਾ. ਵੀ. ਨਾਰਾਇਣਨ ਅਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਵਿਚਾਲੇ ਗੱਲਬਾਤ ਨਾਲ ਹੋਈ।
ਦੋਵਾਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਪੁਲਾੜ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਤੋਂ ਬਾਅਦ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਦੱਸਿਆ ਕਿ NASA ਨੇ ISRO ਨੂੰ ਆਪਣੇ Moon Base Program ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੀ ਡੀਪ ਸਪੇਸ ਪਾਰਟਨਰਸ਼ਿਪ ਹੋਰ ਮਜ਼ਬੂਤ ਹੋਵੇਗੀ।
ਬੈਂਗਲੁਰੂ ਵਿੱਚ ਹੋਈ ਮੀਟਿੰਗ
ਭਾਰਤ ਵੱਲੋਂ ਮੀਟਿੰਗ ਦੀ ਸਹਿ-ਪ੍ਰਧਾਨਗੀ ISRO ਦੇ ਯੂਆਰ ਰਾਓ ਸੈਟੇਲਾਈਟ ਸੈਂਟਰ ਦੇ ਡਾਇਰੈਕਟਰ ਐੱਮ. ਸ਼ੰਕਰਨ ਨੇ ਕੀਤੀ। ਅਮਰੀਕਾ ਵੱਲੋਂ ਬਿਊਰੋ ਆਫ਼ ਓਸ਼ਨਜ਼ ਐਂਡ ਇੰਟਰਨੈਸ਼ਨਲ ਐਨਵਾਇਰਨਮੈਂਟਲ ਐਂਡ ਸਾਇੰਟਿਫਿਕ ਅਫੇਅਰਜ਼ ਦੇ ਅਸਿਸਟੈਂਟ ਸੈਕਟਰੀ ਆਫ਼ ਸਟੇਟ ਡਾ. ਵੈਸਲੀ ਬਰੂਕਸ ਅਤੇ NASA ਦੀ ਇੰਟਰਨੈਸ਼ਨਲ ਐਂਡ ਇੰਟਰਏਜੰਸੀ ਰਿਲੇਸ਼ਨਜ਼ ਦੀ ਐਸੋਸੀਏਟ ਐਡਮਿਨਿਸਟ੍ਰੇਟਰ ਕੈਥਲੀਨ ਕਾਰਿਕਾ ਨੇ ਅਗਵਾਈ ਕੀਤੀ।
ਮੀਟਿੰਗ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਿਵਲ ਅਤੇ ਕਮਰਸ਼ੀਅਲ ਸਪੇਸ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਖਾਸ ਧਿਆਨ ਦਿੱਤਾ ਗਿਆ। ਇਹ ਸਹਿਯੋਗ ਅਮਰੀਕਾ-ਭਾਰਤ ਦੀ TRuST ਪਹਿਲ ਤਹਿਤ ਅੱਗੇ ਵਧਾਇਆ ਜਾ ਰਿਹਾ ਹੈ। ਇਹ ਪਹਿਲ ਫਰਵਰੀ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਸਾਂਝੇ ਬਿਆਨ ਦੇ ਅਨੁਸਾਰ ਹੈ।
NISAR ਮਿਸ਼ਨ ਤੋਂ ਬਾਅਦ ਸਹਿਯੋਗ ਹੋਰ ਵਧਿਆ
ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਲਾਂਚ ਕੀਤੇ ਗਏ ਸਾਂਝੇ NASA-ISRO Synthetic Aperture Radar ਯਾਨੀ NISAR ਮਿਸ਼ਨ ਦੀ ਸਫਲਤਾ ਤੋਂ ਬਾਅਦ ਭਵਿੱਖ ਦੇ ਸਹਿਯੋਗ ’ਤੇ ਵੀ ਚਰਚਾ ਕੀਤੀ।
NISAR ਭਾਰਤ ਅਤੇ ਅਮਰੀਕਾ ਦਾ ਸਾਂਝਾ ਪੁਲਾੜ ਮਿਸ਼ਨ ਹੈ। ਇਸ ਦਾ ਉਦੇਸ਼ ਧਰਤੀ ਦੀ ਸਤਹ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਅਧਿਐਨ ਕਰਨਾ ਹੈ।
ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਪੁਲਾੜ ਵਿਗਿਆਨ ਅਤੇ ਮਨੁੱਖੀ ਪੁਲਾੜ ਉਡਾਣ ਨਾਲ ਸਬੰਧਤ ਤਕਨਾਲੋਜੀ ਦੇ ਖੇਤਰ ਵਿੱਚ ਭਵਿੱਖ ਵਿੱਚ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ’ਤੇ ਵੀ ਵਿਚਾਰ ਕੀਤਾ।

