ਬਿਹਾਰ ਦੇ ਪ੍ਰਸਿੱਧ ਸਿੱਖ ਵਪਾਰੀ ਦੇ ਕਤਲ ਦੇ ਦੋਸ਼ੀ ਤੁਰੰਤ ਫੜੇ ਜਾਣ : ਮਨਜਿੰਦਰ ਸਿਰਸਾ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਹਾਰ ਦੇ ਪ੍ਰਸਿੱਧ ਸਿੱਖ ਵਪਾਰੀ ਦਲੀਪ ਸਿੰਘ ਦੇ ਕਾਤਲ ਤੁਰੰਤ ਫੜੇ ਜਾਣ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਸਿਰਸਾ ਨੇ ਦੱਸਿਆ ਕਿ ਬਿਹਾਰ ਦੇ ਜ਼ਿਲਾ ਗੋਪਾਲਗੰਜ ਦੇ ਪੰਚਦੇਵੀ ਪ੍ਰਾਖੰਡ ‘ਚ ਗੁੰਡਿਆਂ ਦਾ ਰਾਜ ਚੱਲ ਰਿਹਾ ਹੈ ਤੇ ਇਹਨਾਂ ਗੁੰਡਿਆਂ ਨੇ ਫਿਰੌਤੀ ਦੀ ਰਕਮ ਨਾ ਦੇਣ ‘ਤੇ ਪ੍ਰਸਿੱਧ ਸਿੱਖ ਵਪਾਰੀ ਦਲੀਪ ਸਿੰਘ ਦਾ ਕਤਲ ਕਰ ਦਿੱਤਾ ਹੈ। ਇਹ ਲੋਕ ਉਹਨਾਂ ਦੇ ਪਰਿਵਾਰ ਤੋਂ ਫਿਰੌਤੀ ਮੰਗ ਰਹੇ ਸਨ ਪਰ ਪਰਿਵਾਰ ਨੇ ਫਿਰੌਤੀ ਦੇਣ ਤੋਂ ਨਾਂਹ ਕਰ ਦਿੱਤੀ ਸੀ।

ਸਿਰਸਾ ਨੇ ਦੱਸਿਆ ਕਿ ਮ੍ਰਿਤਕ ਦਲੀਪ ਸਿੰਘ ਦੇ ਭਰਾ ਰਾਜੇਂਦਰ ਸਿੰਘ ਨੇ ਇਕ ਸਾਲ ਪਹਿਲਾਂ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਇਹਨਾਂ ਧਮਕੀਆਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਪਰਿਵਾਰ ਨੁੰ ਸੁਰੱਖਿਆ ਨਹੀਂ ਦਿੱਤੀ।

ਉਹਨਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਪ੍ਰਤੀ ਲਾਪਰਵਾਹੀ ਹੈ ਜਿਸ ਕਾਰਨ ਦਲੀਪ ਸਿੰਘ ਦਾ ਕਤਲ ਹੋ ਗਿਆ ਹੈ।

ਉਹਨਾਂ ਨੇ ਇਹ ਵੀ ਦੱਸਿਆ ਕਿ ਦਲੀਪ ਸਿੰਘ ਦੇ ਕਤਲ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ ਤੇ ਇਸ ਵੀਡੀਓ ਨੂੰ ਵੇਖਦਿਆਂ ਸਾਰੇ ਦੋਸ਼ੀ ਤੁਰੰਤ ਫੜੇ ਜਾਣੇ ਚਾਹੀਦੇ ਹਨ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

Share This Article
Leave a Comment