ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਰੇਲਵੇ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਇੱਕ ਲੋਕਲ ਟਰੇਨ ਤੋਂ ਡਿੱਗਣ ਕਾਰਨ 5 ਲੋਕਾਂ ਦੀ ਜਾਨ ਚਲੀ ਗਈ। ਖਬਰਾਂ ਮੁਤਾਬਕ, ਟਰੇਨ ਵਿੱਚ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਸਨ। ਇਹ ਦੁਰਘਟਨਾ ਮੁੰਬਰਾ ਅਤੇ ਦੀਵਾ ਸਟੇਸ਼ਨਾਂ ਦੇ ਵਿਚਕਾਰ ਹੋਈ, ਜਦੋਂ ਪੁਸ਼ਪਕ ਐਕਸਪ੍ਰੈਸ ਅਤੇ ਕਸਾਰਾ ਲੋਕਲ ਇੱਕ ਦੂਜੇ ਨੂੰ ਪਾਰ ਕਰ ਰਹੇ ਸਨ।
ਰਿਪੋਰਟਾਂ ਅਨੁਸਾਰ, ਹਾਦਸੇ ਵਿੱਚ 8 ਯਾਤਰੀ ਟਰੇਨ ਤੋਂ ਡਿੱਗੇ, ਜਿਨ੍ਹਾਂ ਵਿੱਚੋਂ 5 ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਗੰਭੀਰ ਰੂਪ ਨਾਲ ਜ਼ਖਮੀ ਹਨ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।
ਭੀੜ ਨੇ ਲਈ ਜਾਨ
ਮੱਧ ਰੇਲਵੇ ਦੇ ਅਧਿਕਾਰੀਆਂ ਮੁਤਾਬਕ, ਕੁਝ ਯਾਤਰੀ ਸੀਐਸਐਮਟੀ ਵੱਲ ਜਾ ਰਹੇ ਸਨ, ਜਦੋਂ ਮੁੰਬਰਾ ਸਟੇਸ਼ਨ ਨੇੜੇ ਟਰੇਨ ਤੋਂ ਡਿੱਗ ਪਏ। ਇਸ ਦਾ ਮੁੱਖ ਕਾਰਨ ਭੀੜ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ, ਜਿਸ ਕਾਰਨ ਸਥਾਨਕ ਰੇਲ ਸੇਵਾਵਾਂ ’ਤੇ ਅਸਰ ਪਿਆ ਹੈ।
ਮ੍ਰਿਤਕਾਂ ਦੀ ਉਮਰ 30-35 ਸਾਲ
ਟਰੇਨ ਵਿੱਚ ਭਾਰੀ ਭੀੜ ਕਾਰਨ ਕਈ ਯਾਤਰੀ ਦਰਵਾਜ਼ਿਆਂ ’ਤੇ ਲਟਕ ਰਹੇ ਸਨ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਯਾਤਰੀਆਂ ਨੂੰ ਡਿੱਗਦੇ ਦੇਖਿਆ ਜਾ ਸਕਦਾ ਹੈ। ਜ਼ਖਮੀਆਂ ਨੂੰ ਟਰੇਨ ਤੋਂ ਚੁੱਕ ਕੇ ਪਲੇਟਫਾਰਮ ’ਤੇ ਲਿਆਂਦਾ ਗਿਆ, ਪਰ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਕੱਪੜੇ ਫਟ ਗਏ। ਕਸਾਰਾ ਜਾ ਰਹੀ ਟ੍ਰੇਨ ਦੇ ਗਾਰਡ ਨੇ ਦੱਸਿਆ ਕਿ ਮੁੰਬਈ ਸਟੇਸ਼ਨ ਨੇੜੇ 5 ਯਾਤਰੀ ਡਿੱਗ ਪਏ। ਮ੍ਰਿਤਕਾਂ ਦੀ ਪਛਾਣ ਜਾਰੀ ਹੈ, ਅਤੇ ਸਾਰੇ ਦੀ ਉਮਰ 30 ਤੋਂ 35 ਸਾਲ ਦਰਮਿਆਨ ਸੀ।
ਰੇਲਵੇ ਦਾ ਸੁਰੱਖਿਆ ਪ੍ਰਣ
ਹਾਦਸੇ ਤੋਂ ਬਾਅਦ ਰੇਲਵੇ ਬੋਰਡ ਨੇ ਸਖ਼ਤ ਕਦਮ ਚੁੱਕੇ। ਹੁਣ ਮੁੰਬਈ ਦੇ ਨਵੇਂ ਸਟੇਸ਼ਨਾਂ ਵਿੱਚ ਆਟੋਮੈਟਿਕ ਦਰਵਾਜ਼ੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਚੱਲਦੀ ਟਰੇਨ ਵਿੱਚ ਦਰਵਾਜ਼ੇ ਖੁੱਲ੍ਹੇ ਨਾ ਰਹਿਣ ਅਤੇ ਯਾਤਰੀ ਲਟਕ ਕੇ ਸਫਰ ਨਾ ਕਰਨ।