DSGMC ਦਾ ਬਾਲਾ ਸਾਹਿਬ ਹਸਪਤਾਲ ਜਲਦ ਹੀ ਹੋਵੇਗਾ ਸ਼ੁਰੂ: ਸਿਰਸਾ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਸਾਰੇ ਸਾਜ਼ੋ ਸਮਾਨ ਨਾਲ ਲੈਸ ਬਾਲਾ ਸਾਹਿਬ ਹਸਪਤਾਲ ਜਲਦੀ ਹੀ ਸੰਗਤ ਨੁੰ ਸਮਰਪਿਤ ਕੀਤਾ ਜਾਵੇਗਾ ਤੇ ਇਸ ਵਾਸਤੇ ਦਿੱਲੀ ਕਮੇਟੀ ਜਲਦੀ ਹੀ ਅਦਾਲਤ ਵਿਚ ਅਰਜ਼ੀ ਦਾਇਰ ਕਰੇਗੀ।

ਸਿਰਸਾ ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਨਾਲ ਮਿਲ ਕੇ ਦੱਸਿਆ ਕਿ ਅੱਜ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ।

ਉਹਨਾਂ ਕਿਹਾ ਕਿ ਇਹ ਕਮੇਟੀ ਹੀ ਫੈਸਲਾ ਕਰੇਗੀ ਕਿ ਕਿਹੜੇ ਕਿਹੜੇ ਸਮਾਗਮ ਕਦੋਂ ਕਦੋਂ ਆਯੋਜਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੋਰੋਨਾ ਰੋਕਾਂ ਕਾਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੀ ਪੱਧਰ ‘ਤੇ ਨਹੀਂ ਮਨਾਇਆ ਜਾ ਸਕਿਆ। ਉਹਨਾਂ ਕਿਹਾ ਕਿ ਹੁਣ ਇਹ ਵੱਖ ਵੱਖ ਪ੍ਰੋਗਰਾਮਾਂ ਨਾਲ ਮਨਾਇਆ ਜਾਵੇਗਾ।

ਉਹਨਾਂ ਕਿਹਾ ਕਿ ਮੀਟਿੰਗ ‘ਚ ਇਹ ਵੀ ਚਰਚਾ ਕੀਤੀ ਗਈ ਕਿ ਡੀਡੀਐਮਏ ਦੇ ਦਿਸ਼ਾ ਨਿਰਦੇਸ਼ਾਂ ਨੁੰ ਵੇਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇਸ ਵਾਰ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਤੇ ਫਿਰ ਰਾਤ ਨੁੰ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਵੱਡੇ ਸਮਾਗਮ ਨਾਲ ਮਨਾਇਆ ਜਾਵੇਗਾ।

ਉਹਨਾਂ ਇਹ ਵੀ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਜੋ ਕਿ ਦਿੱਲੀ ਦਾ ਕੋਰੋਨਾ ਇਲਾਜ ਸਹੂਲਤਾਂ ਨਾਲ ਲੈਸ ਵੱਡਾ ਹਸਪਤਾਲ ਹੈ, ਨੁੰ ਜਲਦੀ ਹੀ ਸੰਗਤ ਨੁੰ ਸਮਰਪਿਤ ਕੀਤਾ ਜਾਵੇਗਾ ਤੇ ਇਸ ਵਾਸਤੇ ਵਿਸ਼ੇਸ਼ ਅਰਜ਼ੀ ਸੋਮਵਾਰ ਨੁੰ ਅਦਾਲਤ ਵਿਚ ਦਾਇਰ ਕਰ ਕੇ ਹਸਪਤਾਲ ਖੋਲ੍ਹੱਣ ਲਈ ਇਜਾਜ਼ਤ ਮੰਗੀ ਜਾਵੇਗੀ।

Share this Article
Leave a comment