ਨਿਊਜ਼ ਡੈਸਕ: ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਨੇ ਇੱਕ ਵਿਅਕਤੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ। ਪੁਲਿਸ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਕਾਸ਼ ਕਨੌਜੀਆ ਨੇ ਦੋਸ਼ ਲਗਾਇਆ ਹੈ ਕਿ ਮੁੰਬਈ ਪੁਲਿਸ ਦੀ ਇਕ ਗ਼ਲਤੀ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਨੇ ਦਸਿਆ ਕਿ ਜਦੋਂ ਉਹ ਅਪਣੀ ਹੋਣ ਵਾਲੀ ਪਤਨੀ ਨੂੰ ਮਿਲਣ ਜਾ ਰਿਹਾ ਸੀ। ਉਸ ਨੂੰ ਰਸਤੇ ਵਿੱਚ ਹੀ ਹਿਰਾਸਤ ਵਿਚ ਲੈ ਲਿਆ ਗਿਆ। ਜਦੋਂ ਪੁਲਿਸ ਨੇ ਉਸਨੂੰ ਰਿਹਾਅ ਕੀਤਾ ਤਾਂ ਉਸਦਾ ਵਿਆਹ ਟੁੱਟ ਚੁੱਕਾ ਸੀ ਅਤੇ ਉਸਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਸੀ।
ਛੱਤੀਸਗੜ੍ਹ ਦੇ ਦੁਰਗ ’ਚ ਐਤਵਾਰ ਨੂੰ ਹਿਰਾਸਤ ’ਚ ਲਏ ਗਏ ਇਕ ਵਿਅਕਤੀ ਆਕਾਸ਼ ਕਨੌਜੀਆ ਨੇ ਕਿਹਾ ਕਿ ਪੁਲਿਸ ਕਾਰਵਾਈ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਉਸ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਉਸ ਦੇ ਪਰਵਾਰ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਬਾਅਦ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਨੇ 18 ਜਨਵਰੀ ਨੂੰ ਦੁਰਗ ਸਟੇਸ਼ਨ ਤੋਂ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ-ਕੋਲਕਾਤਾ ਸ਼ਾਲੀਮਾਰ ਗਿਆਨੇਸ਼ਵਰੀ ਐਕਸਪ੍ਰੈਸ ਤੋਂ ਆਕਾਸ਼ ਕਨੌਜੀਆ (31) ਨੂੰ ਹਿਰਾਸਤ ਵਿਚ ਲਿਆ ਸੀ। 19 ਜਨਵਰੀ ਦੀ ਸਵੇਰ ਨੂੰ, ਮੁੰਬਈ ਪੁਲਿਸ ਨੇ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿਲਾ ਅਮੀਨ ਫਕੀਰ ਉਰਫ਼ ਵਿਜੇ ਦਾਸ ਨੂੰ ਗੁਆਂਢੀ ਠਾਣੇ ਤੋਂ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ ਦੁਰਗ ਆਰਪੀਐਫ਼ ਨੇ ਕਨੌਜੀਆ ਨੂੰ ਰਿਹਾਅ ਕਰ ਦਿਤਾ ਸੀ।
ਜ਼ਿਕਰਯੋਗ ਹੈ ਕਿ 15 ਜਨਵਰੀ ਦੀ ਰਾਤ ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਸਤਿਗੁਰੂ ਸ਼ਰਨ ਦੀ 12ਵੀਂ ਮੰਜ਼ਲ ’ਤੇ ਸਥਿਤ ਅਦਾਕਾਰ ਸੈਫ਼ ਅਲੀ ਖ਼ਾਨ ਦੀ ਰਿਹਾਇਸ਼ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੇ ਅਦਾਕਾਰ ’ਤੇ ਚਾਕੂ ਨਾਲ ਕਈ ਵਾਰ ਕੀਤੇ। ਖ਼ਾਨ ਦੀ ਸਰਜਰੀ ਹੋਈ ਅਤੇ ਬਾਅਦ ਵਿਚ ਛੁੱਟੀ ਦੇ ਦਿਤੀ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।