ਬਰੈਂਪਟਨ: ਕੈਨੇਡਾ ‘ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਪੀਲ ਪੁਲਿਸ ਨੇ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ‘ਚ ਚਾਰ ਪੰਜਾਬੀ ਵੀ ਸ਼ਾਮਲ ਹਨ। ਪੀਲ ਰਿਜਨਲ ਪੁਲਿਸ ਦੇ ਕਮਰਸ਼ੀਅਲ ਆਟੋ ਕਾਈਮ ਬਿਊਰੋ ਵੱਲੋਂ 42 ਲੱਖ ਡਾਲਰ ਮੁੱਲ ਦੀਆਂ 36 ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ 55 ਸਾਲ ਦੇ ਪਰਮਜੀਤ ਨਿਰਵਾਣ ਦੀ ਗ੍ਰਿਫ਼ਤਾਰੀ 5 ਜੂਨ ਨੂੰ ਕੀਤੀ ਗਈ ਅਤੇ 10 ਅਗਸਤ ਨੂੰ ਬਰੈਂਪਟਨ ਵਿਖੇ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ 10 ਅਗਸਤ ਨੂੰ ਪੇਸ਼ ਹੋਣ ਦੇ ਵਾਅਦੇ ਨਾਲ ਜ਼ਮਾਨਤ ਦੇ ਦਿਤੀ ਗਈ।
ਉੱਥੇ ਹੀ 33 ਸਾਲਾ ਬਰੈਂਪਟਨ ਦੇ ਵਸਨੀਕ ਜਾਨਵੀਰ ਸਿੱਧੂ ਦੀ ਗ੍ਰਿਫ਼ਤਾਰੀ 30 ਜੂਨ ਨੂੰ ਕੀਤੀ ਗਈ ਅਤੇ ਉਸ ਵਿਰੁੱਧ ਅਪਰਾਧ ਰਾਹੀਂ ਜ਼ਾਇਦਾਦ ਇਕੱਠੀ ਕਰਨ ਦੇ 6 ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ ਆਟੋਮੋਬਾਈਲ ਦੀ ਮਾਸਟਰ ਕੀਅ ਰੱਖਣ ਦੇ ਪੰਜ ਦੋਸ਼ ਅਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਤਿਨ ਦੋਸ਼ ਵੀ ਲਾਏ ਗਏ ਹਨ।
ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਜਾਨਵੀਰ ਸਿੱਧੂ ਨੂੰ ਪਹਿਲੀ ਜੁਲਾਈ ਨੂੰ ਪੇਸ਼ ਕੀਤਾ ਗਿਆ ਅਤੇ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਣ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ। ਬਰੈਂਪਟਨ ਦੇ ਹੀ ਕਰਨਜੋਤ ਪ੍ਰਹਾਰ ਨੂੰ 2 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੱਡੀ ਚੋਰੀ ਦੇ 13 ਦੋਸ਼ ਆਇਦ ਕੀਤੇ ਗਏ।
Charges Laid in Car Theft Crime Spree – https://t.co/kJ2h1c308q pic.twitter.com/xqlqs99YTw
— Peel Regional Police (@PeelPolice) July 29, 2020
ਇਸੇ ਤਰ੍ਹਾਂ 25 ਸਾਲ ਦੇ ਸਿਮਰਜੀਤ ਨਿਰਵਾਣ ਦੀ ਗ੍ਰਿਫਤਾਰੀ 13 ਜੁਲਾਈ ਨੂੰ ਕੀਤੀ ਗਈ ਅਤੇ ਅਪਰਾਧ ਰਾਹੀਂ ਜ਼ਾਇਦਾਦ ਇਕੱਠੀ ਕਰਨ ਦੇ ਚਾਰ ਦੋਸ਼ ਆਇਦ ਕੀਤੇ ਗਏ। ਬਰੈਂਪਟਨ ਦੀ ਅਦਾਲਤ ‘ਚ 14 ਸਤੰਬਰ ਨੂੰ ਪੇਸ਼ੀ ਦੌਰਾਨ ਹਾਜ਼ਰ ਹੋਣ ਦੇ ਵਾਅਦੇ ਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਇਸ ਗਿਰੋਹ ਬਾਰੇ ਕੋਈ ਜਾਣਕਾਰੀ ਹੋਵੇ ਤਾਂ 9054532121 ਐਕਸਟੈਨਸ਼ਨ 3322 ‘ਤੇ ਸੰਪਰਕ ਕੀਤਾ ਜਾਵੇ।