ਨਿਊਜ਼ ਡੈਸਕ: ਦੁਨੀਆ ਭਰ ਵਿੱਚ ਮੰਕੀਪੌਕਸ ਦੇ ਮਾਮਲੇ ਵੱਧ ਰਹੇ ਹਨ। ਕਾਂਗੋ, ਅਫਰੀਕਾ ਤੋਂ ਸ਼ੁਰੂ ਹੋਏ ਮੰਕੀਪੌਕਸ ਦੇ ਮਾਮਲੇ ਅਫਰੀਕੀ ਦੇਸ਼ਾਂ ਵਿੱਚ ਫੈਲ ਗਏ ਹਨ ਅਤੇ ਪਾਕਿਸਤਾਨ, ਸਵੀਡਨ ਅਤੇ ਫਿਲੀਪੀਨਜ਼ ਤੱਕ ਪਹੁੰਚ ਗਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਨੇ ਹਵਾਈ ਅੱਡਿਆਂ, ਹਸਪਤਾਲਾਂ ਅਤੇ ਬੰਦਰਗਾਹਾਂ ‘ਤੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਦੇਸ਼ ਦੇ ਕਈ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ।
ਸਿਹਤ ਮੰਤਰਾਲੇ ਦੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹਸਪਤਾਲਾਂ ਨੂੰ ਆਦੇਸ਼ ਦਿੰਦੇ ਹਨ ਕਿ ਜਿਹੜੇ ਮਰੀਜ਼ਾਂ ਦੇ ਸਰੀਰ ‘ਤੇ ਦਾਣੇ ਹਨ ਉਹਨਾਂ ਦੀ ਪਛਾਣ ਕਰਕੇ ਆਈਸੋਲੇਸ਼ਨ ਵਾਰਡਾਂ ਵਿੱਚ ਸ਼ਿਫਟ ਕੀਤਾ ਜਾਵੇ। ਦਿੱਲੀ ਦੇ 3 ਹਸਪਤਾਲਾਂ ਸਫਦਰਜੰਗ, ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਜਾ ਰਹੇ ਹਨ।
ਜਿਸ ਦੇਸ਼ ਤੋਂ ਇਹ ਫੈਲਿਆ ਉੱਥੇ ਕੀ ਸਥਿਤੀ ?
ਕਾਂਗੋ ਵਿੱਚ ਮੰਕੀਪੌਕਸ ਦੇ ਮਾਮਲੇ ਵੱਧ ਰਹੇ ਹਨ। ਪੂਰੇ ਅਫਰੀਕਾ ਵਿੱਚ ਘੱਟੋ-ਘੱਟ ਇੱਕ ਦਰਜਨ ਦੇਸ਼ਾਂ ਵਿੱਚ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਰੋਕਣ ਲਈ, ਅਫਰੀਕਾ ਵਿੱਚ ਸਿਰਫ ਕੁਝ ਹੀ ਟੀਕੇ ਉਪਲਬਧ ਹਨ। ਪੂਰੇ ਅਫਰੀਕਾ ਦੇ ਦੇਸ਼ਾਂ ਵਿੱਚ ਕਾਂਗੋ ਵਿੱਚ ਸਭ ਤੋਂ ਵੱਧ ਕੇਸ ਹਨ ਅਤੇ ਇੱਥੇ 3 ਮਿਲੀਅਨ ਵੈਕਸੀਨ ਖੁਰਾਕਾਂ ਦੀ ਲੋੜ ਹੈ।
ਸਿਹਤ ਮੰਤਰੀ ਰੋਜਰ ਕਾਂਬਾ ਨੇ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਅਤੇ ਜਾਪਾਨ ਨੇ ਵੈਕਸੀਨ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਖੁਰਾਕਾਂ ਦਾਨ ਕੀਤੀਆਂ ਜਾਣਗੀਆਂ ਜਾਂ ਇਹ ਦੇਸ਼ ਵਿੱਚ ਕਦੋਂ ਆਉਣਗੀਆਂ।
ਦੁਨੀਆ ਭਰ ਵਿੱਚ ਮੰਕੀਪੌਕਸ ਦੇ ਕਿੰਨੇ ਕੇਸ ?
ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਸਾਲ ਦੁਨੀਆ ਭਰ ਵਿੱਚ 17 ਹਜ਼ਾਰ ਤੋਂ ਵੱਧ ਐਮਪੌਕਸ ਕੇਸਾਂ ਅਤੇ 600 ਦੇ ਲਗਭਗ ਮੌਤਾਂ ਦੀ ਰਿਪੋਰਟ ਕੀਤੀ ਹੈ। ਇਨ੍ਹਾਂ ਵਿੱਚੋਂ 96 ਪ੍ਰਤੀਸ਼ਤ ਕੇਸ ਅਤੇ ਮੌਤਾਂ ਕਾਂਗੋ ਵਿੱਚ ਹੋਈਆਂ ਹਨ, ਜਿਨ੍ਹਾਂ ਦੀ ਸਿਹਤ ਪ੍ਰਣਾਲੀ ਦੇਸ਼ ਦੇ ਵਿਸ਼ਾਲ ਖੇਤਰ ਅਤੇ ਮਾੜੇ ਬੁਨਿਆਦੀ ਢਾਂਚੇ ਕਾਰਨ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਕਾਂਗੋ ਇੱਕ ਗਰੀਬ ਦੇਸ਼ ਹੈ ਅਤੇ ਮੰਕੀਪੌਕਸ ਦੇ ਪ੍ਰਕੋਪ ਨੇ ਇਸ ਦੀਆਂ ਸਮੱਸਿਆਵਾਂ ਨੂੰ ਵਧਾ ਦਿੱਤਾ ਹੈ।